ਜਲੰਧਰ: ਵਿਅਕਤੀ ਨੂੰ ਸੱਪ ਨੇ ਡੰਗਿਆ, ਮਰੀਜ਼ ਸੱਪ ਨੂੰ ਫੜ ਲਿਆਇਆ ਸਿਵਲ ਹਸਪਤਾਲ, ਮਚੀ ਦਹਿਸ਼ਤ
Thursday, Feb 24, 2022 - 12:28 PM (IST)
 
            
            ਜਲੰਧਰ (ਸ਼ੋਰੀ)– ਬਸਤੀ ਸ਼ੇਖ ਦੇ ਕਾਲਾ ਸੰਘਿਆਂ ਰੋਡ ਦੇ ਗੁਰੂ ਨਾਨਕ ਨਗਰ ਵਿਚ ਇਕ ਸਥਾਨ ’ਤੇ ਜ਼ਹਿਰੀਲਾ ਸੱਪ ਆ ਗਿਆ। ਇਲਾਕੇ ਦੇ ਲੋਕਾਂ ਨੇ ਸੱਪ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਸੱਪ ਫੁਰਤੀਲਾ ਹੋਣ ਕਾਰਨ ਕਿਸੇ ਦੇ ਹੱਥ ਨਹੀਂ ਲੱਗਾ। ਇਸ ਦੌਰਾਨ ਨੇੜੇ ਦੇ ਦੁਕਾਨਦਾਰ ਨੇ ਸੱਪ ਨੂੰ ਕਾਬੂ ਕੀਤਾ ਪਰ ਸੱਪ ਨੇ ਉਸ ਨੂੰ ਡੰਗ ਮਾਰ ਦਿੱਤਾ। ਦੁਕਾਨਦਾਰ ਮਨੀਸ਼ ਕੁਮਾਰ ਪੁੱਤਰ ਸੋਹਣ ਲਾਲ ਵਾਸੀ ਬਸਤੀ ਸ਼ੇਖ ਨੇ ਹਿੰਮਤ ਨਾ ਹਾਰਦੇ ਹੋਏ ਸੱਪ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਅਤੇ ਉਸ ਨੂੰ ਬਾਲਟੀ ਵਿਚ ਪਾ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੈ ਆਇਆ। ਇਸ ਦੇ ਨਾਲ ਉਹ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਹੋਇਆ।
ਛਿੜੀ ਨਵੀਂ ਬਹਿਸ, ਦੀਪ ਸਿੱਧੂ ਦੀ ਮੌਤ ਪਿੱਛੋਂ ਉਭਰੀ ਹਮਦਰਦੀ ਲਹਿਰ ਦਾ ਕਿਸ ਨੂੰ ਹੋਵੇਗਾ ਫ਼ਾਇਦਾ

ਉਸ ਦਾ ਇਲਾਜ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਮਰੀਜ਼ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਸੱਪ ਨੂੰ ਬਾਲਟੀ ਵਿਚ ਪਾ ਕੇ ਐਮਰਜੈਂਸੀ ਵਾਰਡ ਵਿਚ ਲਿਆਇਆ ਸੀ। ਮਰੀਜ਼ ਨੂੰ 24 ਘੰਟਿਆਂ ਲਈ ਹਸਪਤਾਲ ਵਿਚ ਦਾਖ਼ਲ ਹੋਣ ਲਈ ਕਿਹਾ ਗਿਆ ਸੀ ਪਰ ਉਹ ਆਪਣੀ ਮਰਜ਼ੀ ਨਾਲ ਹਸਪਤਾਲ ਤੋਂ ਛੁੱਟੀ ਲੈ ਕੇ ਚਲਾ ਗਿਆ ਅਤੇ ਸੱਪ ਨੂੰ ਨਾਲ ਲੈ ਗਿਆ। ਉਥੇ ਹੀ ਦੂਜੇ ਪਾਸੇ ਐਮਰਜੈਂਸੀ ਵਾਰਡ ਵਿਚ ਸੱਪ ਆਉਣ ਦੀ ਖ਼ਬਰ ਸੁਣਨ ਤੋਂ ਬਾਅਦ ਮਰੀਜ਼ ਡਰ ਗਏ। ਮਰੀਜ਼ਾਂ ਦਾ ਕਹਿਣਾ ਸੀ ਕਿ ਜੇ ਸੱਪ ਬਾਲਟੀ ਵਿਚੋਂ ਬਾਹਰ ਆ ਕੇ ਕਿਸੇ ਨੂੰ ਕੱਟ ਲਵੇ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ?
ਸੱਪ ਡੰਗ ਮਾਰੇ ਤਾਂ ਨਾ ਪਵੋ ਝਾੜ-ਫੂਕ ਦੇ ਚੱਕਰ ’ਚ
ਜੇਕਰ ਕਿਸੇ ਨੂੰ ਸੱਪ ਕੱਟ ਲਵੇ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਝਾੜ-ਫੂਕ ਦੇ ਚੱਕਰ ਵਿਚ ਨਾ ਪਵੇ ਕਿਉਂਕਿ ਅਕਸਰ ਵੇਖਿਆ ਜਾਂਦਾ ਹੈ ਕਿ ਸੱਪ ਵੱਲੋਂ ਕੱਟੇ ਜਾਣ ਵਾਲੇ ਮਰੀਜ਼ ਨੂੰ ਕੁਝ ਲੋਕ ਸਲਾਹ ਦਿੰਦੇ ਹਨ ਕਿ ਉਹ ਝਾੜ-ਫੂਕ ਕਰਵਾ ਕੇ ਆਪਣੀ ਜਾਨ ਬਚਾ ਸਕਦਾ ਹੈ। ਬਾਬਾ ਜੀ ਦੇ ਨਾਂ ਨਾਲ ਮਸ਼ਹੂਰ ਕੁਝ ਲੋਕ ਅਜਿਹੇ ਮਰੀਜ਼ਾਂ ਨੂੰ ਗੁੰਮਰਾਹ ਕਰਨ ਦਾ ਕੰਮ ਵੀ ਕਰਦੇ ਹਨ, ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਮਰੀਜ਼ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਸਰਕਾਰੀ ਹਸਪਤਾਲਾਂ ਵਿਚ ਸੱਪ ਦੇ ਕੱਟੇ ਮਰੀਜ਼ ਦਾ ਇਲਾਜ ਫ੍ਰੀ ਹੁੰਦਾ ਹੈ ਅਤੇ ਮਰੀਜ਼ ਨੂੰ ਲੱਗਣ ਵਾਲੇ ਟੀਕੇ ਵੀ ਹਸਪਤਾਲ ਵਿਚ ਲਗਾਏ ਜਾਂਦੇ ਹਨ। ਦਰਅਸਲ ਐਂਟੀ-ਸਨੇਕ ਵੇਨਮ ਇੰਜੈਕਸ਼ਨ ਜੋ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗਾ ਹੁੰਦਾ ਹੈ, ਉਹ ਸਰਕਾਰੀ ਹਸਪਤਾਲਾਂ ਵਿਚ ਫ੍ਰੀ ਲੱਗਦਾ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਭਿਆਨਕ ਸੜਕ ਹਾਦਸੇ ਦੌਰਾਨ ਕਪੂਰਥਲਾ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਡੀ. ਐੱਨ. ਵੀ. ਮੈਡੀਸਨ ਦੇ ਡਾ. ਸ਼ੁਭਮ ਅਗਰਵਾਲ ਦਾ ਕਹਿਣਾ ਹੈ ਕਿ ਸੱਪ ਦੇ ਡੰਗਣ ਤੋਂ ਬਾਅਦ ਮਰੀਜ਼ ਉਸੇ ਸਮੇਂ ਹਸਪਤਾਲ ਪਹੁੰਚਣ ਤਾਂ ਜੋ ਉਨ੍ਹਾਂ ਦਾ ਇਲਾਜ ਹੋ ਸਕੇ। ਕਈ ਮਾਮਲਿਆਂ ਵਿਚ ਵੇਖਿਆ ਜਾਂਦਾ ਹੈ ਕਿ ਮਰੀਜ਼ ਲੇਟ ਹਸਪਤਾਲ ਵਿਚ ਆਉਂਦੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਇਸ ਤੋਂ ਇਲਾਵਾ ਮਰੀਜ਼ ਸੱਪ ਦੇ ਕੱਟੇ ’ਤੇ ਜ਼ਖ਼ਮ ’ਤੇ ਮਿਰਚਾਂ ਲਗਾਉਂਦੇ ਹਨ ਅਤੇ ਚਾਕੂ ਨਾਲ ਉਸ ਮਾਸ ਨੂੰ ਕੱਟਦੇ ਹਨ ਜੋਕਿ ਗਲਤ ਹੈ। ਇਸ ਨਾਲ ਇਨਫੈਕਸ਼ਨ ਹੋਰ ਵਧ ਸਕਦੀ ਹੈ ਅਤੇ ਮਰੀਜ਼ ਦੀ ਮੌਤ ਹੋ ਸਕਦੀ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਇਨਸਾਨੀਅਤ ਸ਼ਰਮਸਾਰ, ਕੁੜੀ ਨਾਲ ਜਬਰ-ਜ਼ਿਨਾਹ ਮਗਰੋਂ ਕੁੱਟਮਾਰ, ਹਾਲਤ ਨਾਜ਼ੁਕ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            