ਸ਼ਹਿਰ ਵਿਚ ਦਰਜਨਾਂ ਦੀ ਗਿਣਤੀ ’ਚ ਸ਼ਰਾਬ ਸਮੱਗਲਰ ਸਰਗਰਮ
Monday, Jul 23, 2018 - 01:31 AM (IST)

ਸਮਾਣਾ, (ਅਸ਼ੋਕ)- ਪੰਜਾਬ ਦੇ ਮੁਕਾਬਲੇ ਹਰਿਆਣਾ ਵਿਚ ਸ਼ਰਾਬ ਦੇ ਰੇਟ ਘੱਟ ਹੋਣ ਕਾਰਨ ਸਮਾਣਾ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਹਰਿਆਣਾ ਦੀ ਸ਼ਰਾਬ ਦੀ ਵਿਕਰੀ ਜ਼ੋਰਾਂ ’ਤੇ ਚੱਲ ਰਹੀ ਹੈ। ਵਰਣਨਯੋਗ ਹੈ ਕਿ ਸਮਾਣਾ ਹਰਿਆਣਾ ਦੀ ਸਰਹੱਦ ਨਾਲ ਹੋਣ ਕਾਰਨ ਸ਼ਹਿਰ ਵਿਚ ਦਰਜਨਾਂ ਦੀ ਗਿਣਤੀ ’ਚ ਸ਼ਰਾਬ ਸਮੱਗਲਰ ਸਰਗਰਮ ਹਨ। ਇਨ੍ਹਾਂ ਵੱਲੋਂ ਹੋਮ ਡਲਿਵਰੀ ’ਤੇ ਸ਼ਰਾਬ ਨੂੰ ਵੇਚਿਆ ਜਾ ਰਿਹਾ ਹੈ। ਇਸ ਲਈ ਸਿਰਫ਼ ਗਾਹਕ ਨੇ ਸ਼ਰਾਬ ਤਸਕਰ ਨੂੰ ਫੋਨ ਕਰ ਕੇ ਸ਼ਰਾਬ ਪਹੁੰਚਾਉਣ ਦੀ ਥਾਂ ਦੱਸਣੀ ਹੁੰਦੀ ਹੈ।
ਕਈ ਸ਼ਰਾਬ ਸਮੱਗਲਰਾਂ ਨੇ ਆਪਣੇ ਘਰਾਂ ਵਿਚ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਜਮ੍ਹਾ ਕਰ ਕੇ ਰੱਖਿਆ ਹੈ। ਸ਼ਰਾਬ ਸਮੱਗਲਰ ਨਾਲ ਜੁਡ਼ੇ ਲੋਕ ਹੋਮ ਡਲਿਵਰੀ ਵੀ ਦੇਣ ਵਿਚ ਲੱਗੇ ਹਨ। ਭਾਵੇਂ ਹੀ ਗਾਹਕ ਦੀ ਇਕ ਬੋਤਲ ਦੀ ਮੰਗ ਹੀ ਕਿਉਂ ਨਾ ਹੋਵੇ? ਸ਼ਰਾਬ ਸਮੱਗਲਰ ਗਾਹਕ ਦੀ ਹਰ ਮੰਗ ਨੂੰ ਪੂਰਾ ਕਰਨ ਲਈ ਤਿਆਰ ਰਹਿੰਦੇ ਹਨ। ਸਮਾਣਾ ਦੇ ਆਲੇ-ਦੁਆਲੇ ਦੇ ਪਿੰਡਾਂ ਅਤੇ ਕਸਬਿਆਂ ਵਿਚ ਹਰਿਆਣਾ ਮਾਰਕਾ ਸ਼ਰਾਬ ਪੂਰੇ ਧਡ਼ੱਲੇ ਨਾਲ ਸਪਲਾਈ ਹੋ ਰਹੀ ਹੈ। ਇਸ ਤੋਂ ਇਲਾਵਾ ਆਲੇ-ਦੁਆਲੇ ਦੇ ਕਈ ਸ਼ਹਿਰਾਂ ਵਿਚ ਸ਼ਰਾਬ ਸਮੱਗਲਰ ਨਾਲ ਜੁਡ਼ੇ ਲੋਕ ਹਰਿਆਣਾ ਤੋਂ ਸਸਤੀ ਸ਼ਰਾਬ ਖਰੀਦ ਕੇ ਆਪਣੇ ਖੇਤਰਾਂ ਵਿਚ ਸਪਲਾਈ ਕਰ ਰਹੇ ਹਨ।
ਹਰਿਆਣਾ ਤੋਂ ਇਲਾਵਾ ਚੰਡੀਗਡ਼੍ਹ ਵਿਚ ਵੀ ਪੰਜਾਬ ਦੇ ਮੁਕਾਬਲੇ ਸ਼ਰਾਬ ਦੇ ਰੇਟ ਘੱਟ ਹੋਣ ਨਾਲ ਚੰਡੀਗਡ਼੍ਹ ਤੋਂ ਵੀ ਵੱਡੇ ਪੱਧਰ ’ਤੇ ਸ਼ਰਾਬ ਦੀ ਸਮੱਗਲਰ ਕਰ ਕੇ ਉਸ ਨੂੰ ਸਮਾਣਾ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਪਲਾਈ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਕਈ ਥਾਵਾਂ ’ਤੇ ਦੁਕਾਨਾਂ ’ਤੇ ਵੀ ਸ਼ਰਾਬ ਨੂੰ ਧਡ਼ੱਲੇ ਨਾਲ ਵੇਚਿਆ ਜਾ ਰਿਹਾ ਹੈ। ਕਈ ਪਿੰਡਾਂ ਵਿਚ ਵੀ ਨਾਜਾਇਜ਼ ਸ਼ਰਾਬ ਕੱਢਣ ਦਾ ਵਪਾਰ ਜ਼ੋਰਾਂ ’ਤੇ ਜਾਰੀ ਹੈ। ਇਸ ਨਾਲ ਪੰਜਾਬ ਸਰਕਾਰ ਨੂੰ ਰੋਜ਼ਾਨਾ ਲੱਖਾਂ ਰੁਪਇਆਂ ਦੇ ਮਾਲੀਏ ਦਾ ਨੁਕਸਾਨ ਪਹੁੰਚ ਰਿਹਾ ਹੈ।
ਐਕਸਾਈਜ਼ ਵਿਭਾਗ ਅਤੇ ਪੁਲਸ ਰੋਜ਼ਾਨਾ ਹਰਿਆਣਾ ਤੋਂ ਸਮੱਗਲਰ ਕਰ ਕੇ ਲਿਆਂਦੀ ਸ਼ਰਾਬ ਨੂੰ ਫਡ਼ ਕੇ ਸਮੱਗਲਰ ਦੀ ਕਮਰ ਤੋਡ਼ਨ ਦੇ ਯਤਨ ਵਿਚ ਲੱਗੀ ਹੋਈ ਹੈ। ਇਸ ਦੇ ਬਾਵਜੂਦ ਵੀ ਸ਼ਰਾਬ ਤਸਕਰ ਰਾਤ ਦੇ ਹਨੇਰੇ ਵਿਚ ਲਿੰਕ ਸਡ਼ਕਾਂ ਤੋਂ ਵੱਡੇ ਪੱਧਰ ’ਤੇ ਸ਼ਰਾਬ ਦੀ ਸਮੱਗਲਿੰਗ ਕਰ ਰਹੇ ਹਨ। ਇਸ ਸਬੰਧੀ ਡੀ. ਐੱਸ. ਪੀ. ਸਮਾਣਾ ਰਾਜਵਿੰਦਰ ਸਿੰਘ ਰੰਧਾਵਾ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਸ਼ਰਾਬ ਤਸਕਰਾਂ ’ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਰੋਜ਼ਾਨਾ ਵੱਡੀ ਮਾਤਰਾ ਵਿਚ ਸ਼ਰਾਬ ਫਡ਼ੀ ਜਾ ਰਹੀ ਹੈ।
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੰਮ ਕਰ ਕੇ ਪੁਲਸ ਨਸ਼ੇ ਦੇ ਨਾਲ-ਨਾਲ ਨਾਜਾਇਜ਼ ਸ਼ਰਾਬ ਦੀ ਸਮੱਗਲਰ ਕਰਨ ਵਾਲੇ ਲੋਕਾਂ ’ਤੇ ਵੀ ਪੂਰੀ ਤਰ੍ਹਾਂ ਸ਼ਿਕੰਜਾ ਕੱਸ ਰਹੀ ਹੈ।