2 ਕਿਲੋ 600 ਗ੍ਰਾਮ ਅਫੀਮ ਸਮੇਤ ਅੰਤਰਰਾਜੀ ਸਮੱਗਲਰ ਕਾਬੂ

Monday, Mar 30, 2026 - 05:13 PM (IST)

2 ਕਿਲੋ 600 ਗ੍ਰਾਮ ਅਫੀਮ ਸਮੇਤ ਅੰਤਰਰਾਜੀ ਸਮੱਗਲਰ ਕਾਬੂ

ਮਲੋਟ (ਜੁਨੇਜਾ) : ਥਾਣਾ ਕਿੱਲਿਆਵਾਲੀ ਦੀ ਪੁਲਸ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਅੰਤਰਰਾਜੀ ਸਮੱਗਲਰ ਕੋਲੋਂ 2 ਕਿਲੋ 600 ਗ੍ਰਾਮ ਅਫ਼ੀਮ ਬਰਾਮਦ ਕੀਤੀ। ਜ਼ਿਲ੍ਹਾ ਪੁਲਸ ਕਪਤਾਨ ਅਭਿਮੰਨਿਊ ਰਾਣਾ, ਆਈ. ਪੀ. ਐੱਸ. ਦੇ ਨਿਰਦੇਸ਼ਾਂ ਅਨੁਸਾਰ ਅਤੇ ਮਨਮੀਤ ਸਿੰਘ ਢਿੱਲੋਂ, ਐੱਸ. ਪੀ. (ਡੀ) ਅਤੇ ਹਰਬੰਸ ਸਿੰਘ, ਡੀ. ਐੱਸ. ਪੀ. (ਲੰਬੀ) ਦੀ ਨਿਗਰਾਨੀ ਹੇਠ ਐੱਸ. ਆਈ. ਜਗਸੀਰ ਸਿੰਘ ਮੁੱਖ ਅਫਸਰ ਥਾਣਾ ਕਿੱਲਿਆਂਵਾਲੀ ਸਮੇਤ ਪੁਲਸ ਪਾਰਟੀ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਮੰਡੀ ਕਿੱਲਿਆਂਵਾਲੀ ਪੁਲ ਦੇ ਨਾਲ ਲਿੰਕ ਰੋਡ ਨੇੜੇ ਨਾਕਾਬੰਦੀ ਦੌਰਾਨ ਇਕ ਸ਼ੱਕੀ ਨੌਜਵਾਨ ਨੂੰ ਵੇਖਿਆ। ਪੁਲਸ ਟੀਮ ਨੇ ਉਕਤ ਨੌਜਵਾਨ ਨੂੰ ਰੋਕ ਕੇ ਨਾਂ ਪਤਾ ਪੁੱਛਿਆ ਤਾਂ ਉਸ ਦੀ ਪਛਾਣ ਅਮਰ ਚੰਦ ਪੁੱਤਰ ਦੁਰਗਾ ਲਾਲ ਵਾਸੀ ਅਜਮੇਰ ਸ਼ਰੀਫ ਰਾਜਸਥਾਨ ਵਜੋਂ ਹੋਈ। 

ਪੁਲਸ ਟੀਮ ਵੱਲੋਂ ਕੀਤੀ ਤਲਾਸ਼ੀ ਦੌਰਾਨ ਉਸ ਦੇ ਪਿੱਠੂ ਬੈਗ ’ਚੋਂ 2 ਕਿਲੋ 600 ਗ੍ਰਾਮ ਅਫੀਮ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਵਿਰੁੱਧ ਥਾਣਾ ਲੰਬੀ ਵਿਖੇ ਮੁਕੱਦਮਾ ਦਰਜ ਕੀਤਾ ਹੈ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਪਿਛਲੇ ਸਮੇਂ ਤੋਂ ਰਾਜਸਥਾਨ ਤੋਂ ਪੰਜਾਬ ਅਫ਼ੀਮ ਲਿਆ ਕੇ ਸਪਲਾਈ ਕਰਨ ਦਾ ਕੰਮ ਕਰਦਾ ਹੈ। ਇਸ ਸਬੰਧੀ ਪੁਲਸ ਵੱਲੋਂ ਉਕਤ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਅਗਲੇ ਪਿਛਲੇ ਸੰਪਰਕਾਂ ਦਾ ਪਤਾ ਲਾਇਆ ਜਾ ਸਕੇ।


author

Gurminder Singh

Content Editor

Related News