ਸ਼ਰਾਬ ਠੇਕੇਦਾਰਾਂ ਲਈ ਅਹਿਮ ਖ਼ਬਰ! ਐਕਸਾਈਜ਼ ਵਿਭਾਗ ਨੇ ਲਾਇਸੈਂਸ ਫ਼ੀਸ ''ਚ ਕੀਤੀ ਕਟੌਤੀ
Thursday, Apr 02, 2026 - 10:54 AM (IST)
ਜਲੰਧਰ/ਚੰਡੀਗੜ੍ਹ (ਧਵਨ)-ਪੰਜਾਬ ਵਿਚ ਸ਼ਰਾਬ ਦੇ ਠੇਕਿਆਂ ਦੀ ਅਲਾਟਮੈਂਟ ਪ੍ਰਕਿਰਿਆ ਦੇ ਤਹਿਤ ਐਕਸਾਈਜ਼ ਵਿਭਾਗ ਨੇ ਬੀਤੇ ਦਿਨ ਬਾਕੀ ਰਹਿੰਦੇ 25 ਵਿੱਚੋਂ 8 ਸ਼ਰਾਬ ਸਮੂਹ (ਲਿੱਕਰ ਗਰੁੱਪ) ਅਲਾਟ ਕਰ ਦਿੱਤੇ ਹਨ, ਜਦਕਿ 17 ਸਮੂਹ ਅਜੇ ਵੀ ਬਾਕੀ ਹਨ, ਜਿਨ੍ਹਾਂ ਨੂੰ ਈ-ਟੈਂਡਰ ਪ੍ਰਕਿਰਿਆ ਰਾਹੀਂ ਅਲਾਟ ਕੀਤਾ ਜਾਵੇਗਾ। ਵਿਭਾਗ ਨੇ ਸਾਰੇ ਸਮੂਹਾਂ ਦੀ ਵਿਕਰੀ ਯਕੀਨੀ ਬਣਾਉਣ ਲਈ ਇਕ ਵਾਰ ਫਿਰ ਲਾਇਸੈਂਸ ਫ਼ੀਸ ’ਚ 3 ਫ਼ੀਸਦੀ ਦੀ ਕਟੌਤੀ ਕੀਤੀ ਹੈ। ਇਸ ਤਾਜ਼ਾ ਕਮੀ ਦੇ ਨਾਲ ਹੁਣ ਤੱਕ ਕੁੱਲ੍ਹ 13 ਫ਼ੀਸਦੀ ਲਾਇਸੈਂਸ ਫ਼ੀਸ ਘਟਾਈ ਜਾ ਚੁੱਕੀ ਹੈ।
ਠੇਕੇਦਾਰਾਂ ਦਾ ਕਹਿਣਾ ਹੈ ਕਿ ਪਿਛਲੇ ਵਿੱਤੀ ਸਾਲ ਵਿਚ ਉਨ੍ਹਾਂ ਨੂੰ ਇਨ੍ਹਾਂ ਸਮੂਹਾਂ ’ਚ ਭਾਰੀ ਨੁਕਸਾਨ ਉਠਾਉਣਾ ਪਿਆ ਸੀ, ਜਿਸ ਕਾਰਨ ਇਸ ਵਾਰ ਉਹ ਨਵੇਂ ਗਰੁੱਪ ਲੈਣ ਵਿਚ ਜ਼ਿਆਦਾ ਦਿਲਚਸਪੀ ਨਹੀਂ ਵਿਖਾ ਰਹੇ। ਉਨ੍ਹਾਂ ਦਾ ਮੰਨਣਾ ਹੈ ਕਿ ਮੌਜੂਦਾ ਨੀਤੀਆਂ ਅਤੇ ਮੁਕਾਬਲੇ ਕਾਰਨ ਕਾਰੋਬਾਰ ਵਿਚ ਮੁਨਾਫ਼ੇ ਦੀ ਸੰਭਾਵਨਾ ਘਟ ਗਈ ਹੈ। ਐਕਸਾਈਜ਼ ਵਿਭਾਗ ਕੱਲ੍ਹ ਮੁੜ ਕਈ ਮਹੱਤਵਪੂਰਨ ਖੇਤਰਾਂ ਦੇ ਸ਼ਰਾਬ ਸਮੂਹਾਂ ਲਈ ਈ-ਟੈਂਡਰ ਜਾਰੀ ਕਰੇਗਾ। ਇਨ੍ਹਾਂ ਵਿਚ ਚੰਡੀਗੜ੍ਹ ਦੇ ਨਵੇਂ ਖੇਤਰ, ਭਾਰਤਗੜ੍ਹ, ਸਿਟੀ ਸੈਂਟਰ, ਟਾਂਡਾ, ਦਸੂਹਾ, ਜਲੰਧਰ ਦੇ ਬੀ. ਐੱਮ. ਸੀ. ਚੌਕ ਅਤੇ ਸੋਢਲ ਚੌਕ, ਬਲਾਚੌਰ ਸਿਟੀ, ਕਪੂਰਥਲਾ-2, ਫਗਵਾੜਾ-2, ਬੇਗੋਵਾਲ, ਪਠਾਨਕੋਟ ਬੱਸ ਸਟੈਂਡ, ਜੁਗਿਆਲ, ਪਰਮਾਨੰਦ, ਬਠਿੰਡਾ-2 ਭਾਰਤ ਨਗਰ, ਫਿਰੋਜ਼ਪੁਰ ਕੈਂਟ ਅਤੇ ਅਬੋਹਰ ਸਿਟੀ-2 ਸ਼ਾਮਲ ਹਨ।
ਇਹ ਵੀ ਪੜ੍ਹੋ: ਪੰਜਾਬ 'ਚ 3, 4 ਨੂੰ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ! ਇਨ੍ਹਾਂ ਜ਼ਿਲ੍ਹਿਆਂ ਲਈ Alert,ਪੜ੍ਹੋ 5 ਦਿਨਾਂ ਦੀ ਅਪਡੇਟ
ਠੇਕੇਦਾਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਵਿਚ ਅੰਗਰੇਜ਼ੀ ਸ਼ਰਾਬ ਦੀ ਵਿਕਰੀ ਨੂੰ ਕੰਟਰੋਲ ਕੀਤਾ ਜਾਵੇ ਅਤੇ ਕਾਰੋਬਾਰ ਨੂੰ ਸਿਰਫ਼ ਦੇਸੀ ਸ਼ਰਾਬ ਦੇ ਦਾਇਰੇ ਵਿੱਚ ਹੀ ਸੀਮਤ ਕੀਤਾ ਜਾਵੇ। ਉਨ੍ਹਾਂ ਨੇ ਸਰਕਾਰ ਤੋਂ ਸਥਿਰ ਅਤੇ ਲੰਬੇ ਸਮੇਂ ਦੀ ਐਕਸਾਈਜ਼ ਨੀਤੀ ਲਾਗੂ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਕਾਰੋਬਾਰ ਵਿਚ ਭਰੋਸਾ ਕਾਇਮ ਹੋ ਸਕੇ।
ਦੂਜੇ ਪਾਸੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਦੇ ਮਾਲੀਏ ਨੂੰ ਵਧਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਈ-ਟੈਂਡਰ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ। ਵਿਭਾਗ ਨੂੰ ਉਮੀਦ ਹੈ ਕਿ ਲਾਇਸੈਂਸ ਫ਼ੀਸ ਵਿਚ ਕਮੀ ਅਤੇ ਨਵੀਂ ਟੈਂਡਰ ਪ੍ਰਕਿਰਿਆ ਕਾਰਨ ਬਾਕੀ ਬਚੇ ਸਮੂਹਾਂ ਦੀ ਵੀ ਜਲਦ ਅਲਾਟਮੈਂਟ ਹੋ ਜਾਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
