ਸੜਕ ਹਾਦਸੇ ਨੇ ਖੋਹਿਆ ਪਰਿਵਾਰ ਦਾ ਆਖਰੀ ਸਹਾਰਾ
Friday, Apr 20, 2018 - 06:38 AM (IST)
ਗਿੱਦੜਬਾਹਾ, (ਸੰਧਿਆ)- ਬੀਤੀ ਰਾਤ ਨੰਦਗੜ੍ਹ ਤੋਂ ਕੰਮ ਕਰ ਕੇ ਵਾਪਸ ਆਪਣੇ ਘਰ ਪਿਉਰੀ ਵੱਲ ਆ ਰਹੇ ਵਿਅਕਤੀ ਨੂੰ ਇਕ ਕੰਬਾਈਨ ਚਾਲਕ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕ ਦੀ ਧੀ ਗਗਨਦੀਪ ਕੌਰ (15) ਅਤੇ ਪੁੱਤਰ ਚਮਕੌਰ ਸਿੰਘ (13) ਨੇ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਹਾਦਸੇ ਨੇ ਉਨ੍ਹਾਂ ਦੇ ਪਰਿਵਾਰ ਦਾ ਆਖਰੀ ਸਹਾਰਾ ਵੀ ਖੋਹ ਲਿਆ ਹੈ।
ਉਨ੍ਹਾਂ ਦੇ ਦਾਦਾ-ਦਾਦੀ ਅਤੇ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਸਾਡਾ ਪਾਲਣ-ਪੋਸ਼ਣ ਕਰਨ ਵਾਲੇ ਹੁਣ ਸਿਰਫ ਪਿਤਾ ਗੁਰਜੰਟ ਸਿੰਘ ਪੁੱਤਰ ਚੰਦ ਸਿੰਘ ਹੀ ਸਨ।
ਉਨ੍ਹਾਂ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ 8:35 ਵਜੇ ਜਦੋਂ ਉਹ ਮੋਟਰਸਾਈਕਲ 'ਤੇ ਨੰਦਗੜ੍ਹ ਤੋਂ ਵਾਪਸ ਪਿੰਡ ਪਿਉਰੀ ਵੱਲ ਆ ਰਹੇ ਸਨ ਤਾਂ ਪਿੰਡ ਬਾਜਕ ਕੋਲ ਇਕ ਹਰੇ ਰੰਗ ਦੀ ਕੰਬਾਈਨ ਦੇ ਚਾਲਕ ਨੇ ਪਿੱਛਿਓਂ ਆ ਕੇ ਉਨ੍ਹਾਂ ਨੂੰ (ਗੁਰਜੰਟ ਸਿੰਘ) ਟੱਕਰ ਮਾਰ ਦਿੱਤੀ, ਜਿਸ ਕਾਰਨ ਮੌਕੇ 'ਤੇ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਜਦਕਿ ਕੰਬਾਈਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਉਨ੍ਹਾਂ ਦੇ ਪਿਤਾ ਨੂੰ ਪਹਿਲਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਪੋਸਟਮਾਰਟਮ ਕਰ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।