ਕਿਰਤੀਆਂ ਨੇ ਘੇਰਿਆ ਜੰਗਲਾਤ ਵਿਭਾਗ ਦਾ ਦਫਤਰ

Thursday, Jul 19, 2018 - 12:34 AM (IST)

ਕਿਰਤੀਆਂ ਨੇ ਘੇਰਿਆ ਜੰਗਲਾਤ ਵਿਭਾਗ ਦਾ ਦਫਤਰ

ਰੂਪਨਗਰ, (ਵਿਜੇ)- ਆਲ ਇੰਡੀਆ ਮਜ਼ਦੂਰ ਦਲ ਦੀ ਅਗਵਾਈ ’ਚ ਜੰਗਲਾਤ ਵਿਭਾਗ ਦੇ ਕਿਰਤੀਆਂ ਵੱਲੋਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ  ਜੰਗਲਾਤ ਮੰਡਲ ਅਫਸਰ ਦੇ ਦਫਤਰ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
 ਇਸ ਸਮੇਂ ਵੱਖ-ਵੱਖ ਡਵੀਜਨਾਂ ’ਚ ਕੰਮ ਕਰਦੇ ਕਿਰਤੀਆਂ ਵੱਲੋਂ ਨਾਅਰੇਬਾਜ਼ੀ ਵੀ ਕੀਤੀ ਗਈ। ਜਦਕਿ ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਜਲਦ ਕਾਰਵਾਈ ਅਮਲ ’ਚ ਨਾ ਲਿਆਂਦੀ ਗਈ ਤਾਂ ਡਵੀਜਨਾਂ ਦਾ ਕੰਮ ਠੱਪ ਕੀਤਾ ਜਾਵੇਗਾ। ਆਲ ਇੰਡੀਆ ਮਜ਼ਦੂਰ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਢੀਂਗੀ, ਉਪ ਪ੍ਰਧਾਨ ਮੇਵਾ ਸਿੰਘ ਭੰਗਾਲਾ ਤੇ ਹੋਰ ਬੁਲਾਰਿਆਂ ਨੇ ਕਿਹਾ ਕਿ ਜੰਗਲਾਤ ਵਿਭਾਗ ਦੇ ਕਿਰਤੀਆਂ ਦੀਆਂ ਮੰਗਾਂ ਪ੍ਰਤੀ ਸਰਕਾਰ ਗੰਭੀਰ ਨਹੀਂ ਹੈ, ਜਦਕਿ ਉਹ ਕਈ-ਕਈ ਮਹੀਨੇ  ਤਨਖਾਹ ਨਾ ਮਿਲਣ  ਕਾਰਨ ਫਾਕੇ ਕੱਟਣ ਲਈ ਮਜਬੂਰ ਹਨ। ਜਦਕਿ ਬੱਚਿਆਂ ਦੀਆਂ ਫੀਸਾਂ ’ਤੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਰਿਹਾ ਹੈ। ਉਕਤ ਦੇ ਸਬੰਧ ’ਚ ਜਥੇਬੰਦੀਆਂ ਵੱਲੋਂ  ਜੰਗਲਾਤ ਮੰਡਲ ਅਫਸਰ ਰੂਪਨਗਰ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। 
ਪ੍ਰਧਾਨ ਗੁਰਦੀਪ ਸਿੰਘ ਢੀਂਗੀ ਨੇ ਦੱਸਿਆ ਕਿ ਇਸੇ ਕਡ਼ੀ ਤਹਿਤ 18 ਜੁਲਾਈ ਨੂੰ ਜੰਗਲਾਤ ਕਾਮੇ ਪਰਿਵਾਰਾਂ ਸਮੇਤ ਧਰਨਾ ਦੇਣਗੇ। ਇਸ ਮੌਕੇ ਮੇਵਾ ਸਿੰਘ ਭੰਗਾਲਾ ਉਪ ਪ੍ਰਧਾਨ ਪੰਜਾਬ, ਸ਼ੇਰ ਸਿੰਘ ਸਰਸਾ ਨੰਗਲ, ਰਮਜੀਤ ਸਿੰਘ, ਪ੍ਰੇਮ ਕੁਮਾਰ ਸ੍ਰੀ ਅਨੰਦਪੁਰ ਸਾਹਿਬ, ਰਾਮ ਚੰਦ, ਸੇਵਾ ਸਿੰਘ ਆਦਿ ਹਾਜ਼ਰ ਸਨ।
 ਇਹ ਹਨ ਮੰਗਾਂ
 -1 ਅਪ੍ਰੈਲ 2017 ਤੋਂ 30 ਜੂਨ 2018 ਤੱਕ ਦੀ ਤਨਖਾਹ ਦੀ ਅਦਾਇਗੀ ਤੁਰੰਤ ਕੀਤੀ ਜਾਵੇ।
 -ਜਿਹਡ਼ੇ ਵਰਕਰਾਂ ਨੇ 30 ਨਵੰਬਰ 2016 ਤੱਕ ਕੰਮ ਕੀਤਾ ਹੈ, ਉਨ੍ਹਾਂ ਨੂੰ ਵਿਭਾਗ ਅੰਦਰ ਪੱਕਾ ਕੀਤਾ ਜਾਵੇ।
 -10 ਮਾਰਚ 2010 ਵਾਲੀ ਮੀਟਿੰਗ ਦੀ ਪ੍ਰੋਸੀਡਿੰਗ ਲਾਗੂ ਕੀਤੀ ਜਾਵੇ।
 -ਕੈਜ਼ੂਅਲ ਲੀਵ ਸਿੱਕ ਲੀਵ ਐਕਟ 1965 ਤਹਿਤ ਕਵਰ ਹੁੰਦੇ ਹਨ, ਇਸ ਨੂੰ ਲਾਗੂ ਕੀਤਾ ਜਾਵੇ।
 -ਡਵੀਜਨ ਰੂਪਨਗਰ ਨੇ ਜੋ ਵੀ ਫੰਡਾਂ ’ਚ ਅੌਜ਼ਾਰ ਖਰੀਦੇ ਹਨ, ਉਨ੍ਹਾਂ ਦੀ ਉੱਚ ਪੱਧਰੀ ਜਾਂਚ ਹੋਵੇ।
 -ਬਗੈਰ ਸੈਕਸ਼ਨ ਤੋਂ ਰੱਖੇ ਵਰਕਰਾਂ ਦੀ ਛਾਂਟੀ ਕੀਤੀ ਜਾਵੇ।
 -ਡੈੱਥ ਕੇਸਾਂ ’ਚ ਰੱਖੇ ਵਰਕਰਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ।
 -ਜਿਹਡ਼ੇ ਵਰਕਰਾਂ ਦੀ ਗ੍ਰੈਚੁੂਟੀ ਦੇ ਆਰਡਰ ਹੋਏ ਹਨ, ਉਨ੍ਹਾਂ ਦੀ ਤੁਰੰਤ ਪੇਮੈਂਟ ਕੀਤੀ ਜਾਵੇ।
 


Related News