2014 ਵਿਚ ਲਾਪਤਾ ਹੋਇਆ ਮਾਸੂਮ ਬੱਚਾ ਗੁੱਜਰਾਂ ਦੇ ਡੇਰੇ ਤੋਂ ਮਿਲੀਆ
Friday, Jul 07, 2017 - 12:22 PM (IST)
ਲਾਂਬੜਾ(ਵਰਿੰਦਰ)-ਕਰੀਬ ਤਿੰਨ ਸਾਲ ਪਹਿਲਾਂ ਗੁੜਗਾਓਂ (ਦਿੱਲੀ) ਤੋਂ ਇਕ ਬੱਚਾ ਅਚਾਨਕ ਲਾਪਤਾ ਹੋ ਗਿਆ ਸੀ, ਜਿਸ ਨੂੰ ਇਕ ਵਿਅਕਤੀ ਆਪਣੇ ਨਾਲ ਡੇਰੇ ਲੈ ਗਿਆ ਤੇ ਉਸ ਕੋਲੋਂ ਜਬਰੀ ਕੰਮ ਕਰਵਾਉਣ ਲੱਗਾ। ਅੱਜ ਲਾਂਬੜਾ ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਬੱਚੇ ਨੂੰ ਬਰਾਮਦ ਕਰ ਕੇ ਮਾਪਿਆਂ ਹਵਾਲੇ ਕਰ ਦਿੱਤਾ ਹੈ।
ਬਾਬੂ ਨੇ ਦਿੱਤੀ ਧਮਕੀ, ਜੇ ਰੌਲਾ ਪਾਇਆ ਤਾਂ ਜਾਨੋਂ ਮਾਰ ਦੇਵਾਂਗਾ
ਪੁਲਸ ਅਨੁਸਾਰ ਬੱਚੇ ਦਾ ਨਾਂ ਦਿਲਜਾਨ ਉਰਫ ਬਿੱਟੂ ਪੁੱਤਰ ਫਿਰੋਜ਼ ਵਾਸੀ ਬਹਿਖੁੰਡ ਜ਼ਿਲਾ ਬੋਧੀਹਾਰੀ ਹੈ। ਬੀਤੇ ਦਿਨੀਂ ਲਾਪਤਾ ਬੱਚੇ ਦਾ ਮਾਮਾ ਅਰਮਾਨ ਮੁਹੰਮਦ ਵਾਸੀ ਬਸਤੀ ਦਾਨਿਸ਼ਮੰਦਾਂ ਜਲੰਧਰ ਜੋ ਸਬਜ਼ੀਆਂ ਵੇਚਣ ਦਾ ਕੰਮ ਕਰਦਾ ਹੈ, ਸਬਜ਼ੀ ਵੇਚਦੇ ਹੋਏ ਇਥੋਂ ਦੇ ਪਿੰਡ ਪੁਆਰਾਂ ਵਿਖੇ ਬਾਬੂ ਪੁੱਤਰ ਯੂਸਫ ਅਲੀ ਦੇ ਡੇਰੇ 'ਤੇ ਗਿਆ ਤਾਂ ਉਸ ਨੇ ਉਥੇ ਦਿਲਜਾਨ ਨੂੰ ਦੇਖਿਆ। ਅਰਮਾਨ ਨੇ ਜਦ ਇਸ ਸਬੰਧੀ ਬਾਬੂ ਤੋਂ ਪੁੱਛਗਿੱਛ ਕੀਤੀ ਤਾਂ ਬਾਬੂ ਨੇ ਉਸ ਨੂੰ ਡੇਰੇ ਤੋਂ ਭਜਾ ਦਿੱਤਾ ਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਮੂੰਹ ਖੋਲ੍ਹਿਆ ਤਾਂ ਉਸ ਨੂੰ ਜਾਨੋਂ ਮਾਰ ਦੇਵੇਗਾ। ਅਰਮਾਨ ਨੇ ਇਹ ਸਾਰੀ ਸੂਚਨਾ ਬੱਚੇ ਦੇ ਮਾਪਿਆਂ ਨੂੰ ਦਿੱਤੀ। ਮਾਪਿਆਂ ਨੇ ਇਥੇ ਆ ਕੇ ਇਹ ਸੂਚਨਾ ਪੁਲਸ ਨੂੰ ਦਿੱਤੀ। ਥਾਣਾ ਲਾਂਬੜਾ ਦੇ ਮੁਖੀ ਪੁਸ਼ਪ ਬਾਲੀ ਨੇ ਪੁਲਸ ਟੀਮ ਨਾਲ ਡੇਰੇ 'ਤੇ ਰੇਡ ਕਰ ਕੇ ਬੱਚੇ ਨੂੰ ਬਰਾਮਦ ਕਰ ਲਿਆ ਅਤੇ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ।
ਬਿਨਾਂ ਤਨਖਾਹ ਕਰਵਾਉਂਦਾ ਸੀ ਕੰਮ : ਦਿਲਜਾਨ
ਬਰਾਮਦ ਹੋਏ ਬੱਚੇ ਨੇ ਪੁਲਸ ਨੂੰ ਦੱਸਿਆ ਕਿ 29 ਅਕਤੂਬਰ 2014 ਨੂੰ ਉਹ ਬੱਸ ਰਾਹੀਂ ਦਿੱਲੀ ਤੋਂ ਅੰਬਾਲਾ ਤੇ ਫਿਰ ਕਰਤਾਰਪੁਰ ਪੁੱਜਾ, ਜਿਥੇ ਉਸ ਨੇ ਇਕ ਗੁਰਦੁਆਰਾ ਸਾਹਿਬ ਤੋਂ ਖਾਣਾ ਖਾਧਾ। ਉਥੇ ਉਸ ਨੂੰ ਬਾਬੂ ਵਾਸੀ ਪੁਆਰਾਂ ਮਿਲਿਆ, ਜੋ ਉਸ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਪਿੰਡ ਆਪਣੇ ਡੇਰੇ 'ਤੇ ਲੈ ਗਿਆ, ਜਿਥੇ ਉਹ ਬੱਚੇ ਤੋਂ ਪਸ਼ੂਆਂ ਦਾ ਗੋਹਾ, ਕੂੜਾ ਸਾਫ ਕਰਵਾਉਂਦਾ ਸੀ। ਕੰਮ ਦੇ ਬਦਲੇ ਕੋਈ ਤਨਖਾਹ ਵੀ ਨਹੀਂ ਦਿੰਦਾ ਸੀ। ਸਥਾਨਕ ਪੁਲਸ ਨੇ ਲਾਪਤਾ ਬੱਚੇ ਦੀ ਬਰਾਮਦਗੀ ਸਬੰਧੀ ਗੁੜਗਾਓਂ ਥਾਣੇ ਨੂੰ ਸੂਚਨਾ ਦਿੱਤੀ, ਜਿਸ 'ਤੇ ਬੱਚੇ ਨੂੰ ਮਾਪਿਆਂ ਹਵਾਲੇ ਕਰ ਕੇ ਮੁਲਜ਼ਮ ਬਾਬੂ ਨੂੰ ਗੁੜਗਾਓਂ ਪੁਲਸ ਹਵਾਲੇ ਕਰ ਦਿੱਤਾ ਗਿਆ।
21 ਹਜ਼ਾਰ ਦਾ ਇਨਾਮ ਵੀ ਰੱੱਖਿਆ ਸੀ
ਮਾਪਿਆਂ ਵੱਲੋਂ ਬੱਚੇ ਨੂੰ ਲੱਭਣ ਦੀਆਂ ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਸੁਰਾਗ ਨਹੀਂ ਲੱਗਾ। ਗੁੜਗਾਓਂ ਦੇ ਸੈਕਟਰ 5 ਦੇ ਥਾਣੇ 'ਚ ਮਾਪਿਆਂ ਨੇ ਲਾਪਤਾ ਸਬੰਧੀ 12 ਸਤੰਬਰ 2014 ਨੂੰ ਕੇਸ ਵੀ ਦਰਜ ਕਰਵਾਇਆ ਸੀ ਪਰ ਪੁਲਸ ਬੱਚੇ ਨੂੰ ਬਰਾਮਦ ਨਹੀਂ ਕਰ ਸਕੀ। ਮਾਪਿਆਂ ਵਲੋਂ ਬੱਚੇ ਦਾ ਪਤਾ ਦੇਣ ਵਾਲੇ ਨੂੰ 21 ਹਜ਼ਾਰ ਦਾ ਇਨਾਮ ਵੀ ਰੱੱਖਿਆ ਗਿਆ ਸੀ।
