ਅਟਾਰੀ ਬਾਰਡਰ ’ਤੇ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਫਿਰ ਪਾਕਿ ਨਾਲ ਹੋ ਸਕਦੀ ਹੈ ‘ਫਲੈਗ ਵਾਰ’

Friday, Oct 20, 2023 - 05:18 PM (IST)

ਅਟਾਰੀ ਬਾਰਡਰ ’ਤੇ ਲਹਿਰਾਇਆ ਦੇਸ਼ ਦਾ ਸਭ ਤੋਂ ਉੱਚਾ ਤਿਰੰਗਾ, ਫਿਰ ਪਾਕਿ ਨਾਲ ਹੋ ਸਕਦੀ ਹੈ ‘ਫਲੈਗ ਵਾਰ’

ਅੰਮ੍ਰਿਤਸਰ (ਨੀਰਜ,ਕਮਲ, ਹਰਿਚੰਦ , ਧਵਨ) - ਸਾਂਝੀ ਚੈੱਕ ਪੋਸਟ ਅਟਾਰੀ ਸਰਹੱਦ ’ਤੇ ਕਈ ਸਾਲਾਂ ਤੋਂ ਸੈਲਾਨੀਆਂ ਨੂੰ ਝਲਣੀ ਪੈ ਰਹੀ ਨਮੋਸ਼ੀ ਦਾ ਅੰਤ ਹੋ ਗਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹੋਰ ਪਤਵੰਤਿਆਂ ਵਲੋਂ ਜੇ. ਸੀ. ਪੀ. ਸੈਲਾਨੀ ਗੈਲਰੀ ਦੇ ਨਾਲ 418 ਫੁੱਟ ਉੱਚੇ ਤਿਰੰਗੇ ਦਾ ਰਸਮੀ ਉਦਘਾਟਨ ਕੀਤਾ ਗਿਆ। ਇਹ ਤਿਰੰਗਾ ਭਾਰਤ ਦਾ ਸਭ ਤੋਂ ਵੱਡਾ ਅਤੇ ਉੱਚਾ ਤਿਰੰਗਾ ਹੈ। ਬੀ. ਐੱਸ. ਐੱਫ. ਹਰ ਰੋਜ਼ 30 ਤੋਂ 40 ਹਜ਼ਾਰ ਦਰਸ਼ਕ ਪਰੇਡ ਦੇਖਣ ਆਉਂਦੇ ਹਨ ਪਰ ਪਾਕਿਸਤਾਨੀ ਝੰਡਾ ਉੱਚਾ ਅਤੇ ਭਾਰਤੀ ਤਿਰੰਗਾ ਨੀਵਾਂ ਹੋਣ ਕਾਰਨ ਦਰਸ਼ਕਾਂ ਨੂੰ ਹਰ ਰੋਜ਼ ਨਮੋਸ਼ੀ ਦਾ ਸਾਹਮਣਾ ਕਰਨਾ ਪੈਦਾ ਸੀ। ਵੈਸੇ ਵੀ ਤਿਰੰਗਾ ਟੂਰਿਸਟ ਗੈਲਰੀ ਦੇ ਪਿੱਛੇ ਹੋਣ ਕਾਰਨ ਨਜ਼ਰ ਨਹੀਂ ਆ ਰਿਹਾ ਸੀ, ਜਦੋਂਕਿ ਭਾਰਤੀ ਗੈਲਰੀ ਵਿੱਚੋਂ ਪਾਕਿਸਤਾਨੀ ਝੰਡਾ ਸਾਫ਼ ਨਜ਼ਰ ਆ ਰਿਹਾ ਸੀ। ਇਸ ਤੋਂ ਪਹਿਲਾਂ ਨਗਰ ਸੁਧਾਰ ਟਰੱਸਟ ਵੱਲੋਂ ਜੇ. ਸੀ. ਪੀ. ਅਟਾਰੀ ਵਿਚ 360 ਫੁੱਟ ਉੱਚਾ ਤਿਰੰਗਾ ਝੰਡਾ ਲਗਾਇਆ ਗਿਆ ਸੀ, ਜੋ ਕਈ ਵਾਰ ਤਕਨੀਕੀ ਖਾਮੀਆਂ ਕਾਰਨ ਫੱਟ ਜਾਂਦਾ ਸੀ ਅਤੇ ਸਿਰਫ ਤਿਰੰਗੇ ਦਾ ਪੋਲ ਹੀ ਦਿਖਾਈ ਦਿੰਦਾ ਸੀ, ਜਦੋਂ ਕਿ ਜੇ. ਸੀ. ਪੀ. ਅਟਾਰੀ ’ਤੇ 418 ਫੁੱਟ ਉੱਚਾ ਤਿਰੰਗਾ ਲਗਾਏ ਜਾਣ ਤੋਂ ਬਾਅਦ ਇਕ ਵਾਰ ਫਿਰ ਪਾਕਿਸਤਾਨ ਨਾਲ ਫਲੈਗ ਵਾਰ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਹ ਵੀ ਪੜ੍ਹੋ :    ICICI ਅਤੇ Kotak Mahindra Bank 'ਤੇ RBI ਦੀ ਵੱਡੀ ਕਾਰਵਾਈ, ਲੱਗਾ 16.14 ਕਰੋੜ ਦਾ ਜੁਰਮਾਨਾ

ਜਾਣਕਾਰੀ ਅਨੁਸਾਰ ਜੇ. ਸੀ. ਪੀ. ਤੇ ਜਦੋਂ 360 ਫੁੱਟ ਉੱਚਾ ਤਿਰੰਗਾ ਲਗਾਇਆ ਗਿਆ ਤਾਂ ਪਾਕਿਸਤਾਨ ਨੇ ਇਸ ਨੂੰ ਅਪਮਾਨ ਸਮਝਿਆ ਅਤੇ ਚੀਨ ਦੀ ਮਦਦ ਨਾਲ ਪਾਕਿਸਤਾਨ ਨੇ ਲਗਭਗ 385 ਫੁੱਟ ਉੱਚਾ ਪਾਕਿਸਤਾਨੀ ਝੰਡਾ ਲਗਾ ਦਿੱਤਾ। ਪਾਕਿਸਤਾਨੀ ਝੰਡਾ ਉੱਚਾ ਵੀ ਸੀ ਅਤੇ ਲਿਫਟ, ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ ਅਤੇ ਤਕਨੀਕੀ ਲਿਹਾਜ਼ ਤੋਂ ਵੀ ਪਾਕਿਸਤਾਨੀ ਝੰਡਾ ਬਿਹਤਰ ਸੀ, ਕਿਉਂਕਿ ਇਹ ਭਾਰਤੀ ਸੈਲਾਨੀ ਗੈਲਰੀ ਤੋਂ ਵੀ ਸਾਫ਼ ਦਿਖਾਈ ਦੇ ਰਿਹਾ ਸੀ। ਹੁਣ ਜਿੱਥੇ ਭਾਰਤ ਸਰਕਾਰ ਵੱਲੋਂ 418 ਫੁੱਟ ਉੱਚਾ ਤਿਰੰਗਾ ਲਗਾਇਆ ਗਿਆ ਹੈ, ਉੱਥੇ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੀ ਚੁੱਪ ਨਹੀਂ ਬੈਠੇਗਾ ਅਤੇ ਫਲੈਗ ਵਾਰ ਵਿਚ ਕੁੱਦ ਸਕਦਾ ਹੈ। ਪਾਕਿਸਤਾਨ ਤਿਰੰਗੇ ਤੋਂ ਵੀ ਵੱਡਾ ਪਾਕਿਸਤਾਨੀ ਝੰਡਾ ਲਗਾਉਣ ਦੀ ਕੋਸ਼ਿਸ਼ ਕਰ ਸਕਦਾ ਹੈ।

ਇਹ ਵੀ ਪੜ੍ਹੋ :    ਬੈਂਕ ਆਫ ਬੜੌਦਾ ਦੀ ਵੱਡੀ ਕਾਰਵਾਈ, 60 ਕਰਮਚਾਰੀਆਂ ਨੂੰ ਕੀਤਾ ਸਸਪੈਂਡ

ਪਾਕਿਸਤਾਨੀ ਝੰਡੇ ’ਤੇ ਬੈਠ ਜਾਂਦੇ ਸਨ ਲੋਕ

ਪਾਕਿਸਤਾਨੀ ਝੰਡੇ ਦੀ ਗੱਲ ਕਰੀਏ ਤਾਂ ਇਸ ਵਿਚ ਲਿਫਟ ਲੱਗੀ ਹੋਣ ਕਾਰਨ ਪਾਕਿਸਤਾਨੀ ਅਧਿਕਾਰੀ ਜਾਂ ਏਜੰਸੀਆਂ ਦੇ ਲੋਕ ਇਸ ਪਾਕਿਸਤਾਨੀ ਝੰਡੇ ਦੇ ਸਿਖਰ ’ਤੇ ਪਹੁੰਚ ਜਾਂਦੇ ਸਨ ਅਤੇ ਕਈ ਵਾਰ ਪਾਕਿਸਤਾਨੀ ਝੰਡੇ ਦੇ ਸਿਰ ’ਤੇ ਬੈਠੇ ਦੇਖੇ ਗਏ। ਹਾਲਾਂਕਿ ਬੀ. ਐੱਸ. ਐੱਫ. ਵਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਬਾਅਦ ਵਿੱਚ ਪਾਕਿਸਤਾਨੀ ਲੋਕ ਝੰਡੇ ਦੇ ਉੱਪਰ ਨਹੀਂ ਬੈਠੇ।

ਬੀ. ਐੱਸ. ਐੱਫ. ਤੋਂ ਸਵਾਲ-ਜਵਾਬ ਕਰਦੇ ਸਨ ਦਰਸ਼ਕ

ਪਾਕਿਸਤਾਨੀ ਝੰਡਾ ਤਿਰੰਗੇ ਤੋਂ ਉੱਚਾ ਹੋਣ ਕਾਰਨ ਹਰ ਰੋਜ਼ ਹਜ਼ਾਰਾਂ ਦਰਸ਼ਕ ਪਰੇਡ ਦੇਖਣ ਆਉਂਦੇ ਹਨ। ਉਹ ਦੂਜੀਆਂ ਏਜੰਸੀਆਂ ਦੇ ਅਧਿਕਾਰੀਆਂ ਤੋਂ ਸਵਾਲ-ਜਵਾਬ ਪੁੱਛਦੇ ਨਜ਼ਰ ਆਉਦੇ ਸਨ ਅਤੇ ਸਾਰਿਆਂ ਵੱਲੋਂ ਇਹੀ ਸਵਾਲ ਪੁੱਛਿਆ ਜਾਂਦਾ ਸੀ ਕਿ ਸਾਡਾ ਤਿਰੰਗਾ ਪਾਕਿਸਤਾਨੀ ਝੰਡੇ ਤੋਂ ਉੱਚਾ ਕਿਉਂ ਨਹੀਂ ਹੈ।

ਇਹ ਵੀ ਪੜ੍ਹੋ :   ਹਵਾਈ ਯਾਤਰੀਆਂ ਲਈ ਖ਼ੁਸ਼ਖ਼ਬਰੀ, Singapore Airlines ਵੱਲੋਂ ਵੱਡਾ ਐਲਾਨ

418 ਫੁੱਟ ਉੱਚੇ ਤਿਰੰਗੇ ਨੂੰ ਸੰਭਾਲਣਾ ਵੀ ਇਕ ਚੁਣੌਤੀ ਹੋਵੇਗੀ

ਜੇ. ਸੀ. ਪੀ ’ਤੇ ਦੇਸ਼ ਦਾ ਸਭ ਤੋਂ ਵੱਡਾ ਤਿਰੰਗਾ ਤਾਂ ਲਗਾਇਆ ਗਿਆ ਹੈ ਪਰ ਇਸ ਦੀ ਸਾਂਭ-ਸੰਭਾਲ ਕਰਨਾ ਵੀ ਸਬੰਧਤ ਵਿਭਾਗ ਲਈ ਚੁਣੌਤੀ ਹੋਵੇਗੀ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਤਿਰੰਗੇ ਨੂੰ ਪੂਰੀ ਤਕਨੀਕ ਦੀ ਵਰਤੋਂ ਕਰ ਕੇ ਲਗਾਇਆ ਗਿਆ ਹੈ ਅਤੇ ਇਸ ਦੀ ਦੇਖ-ਭਾਲ ਕਰਨ ਵਾਲੀ ਏਜੰਸੀ ਹੀ ਹੈ। ਤਿਰੰਗੇ ਦੀ ਸਾਂਭ-ਸੰਭਾਲ ਕਰਨ ਦੇ ਸਮਰੱਥ ਹੈ ਪਰ ਇਸ ਤੋਂ ਪਹਿਲਾਂ ਜਦੋਂ 360 ਫੁੱਟ ਉੱਚਾ ਤਿਰੰਗਾ ਲਗਾਇਆ ਗਿਆ ਸੀ ਤਾਂ ਇਸ ਦੀ ਜ਼ਿੰਮੇਵਾਰੀ ਸ਼ਹਿਰੀ ਸੁਧਾਰ ਵਰਗੇ ਭ੍ਰਿਸ਼ਟ ਵਿਭਾਗ ਨੂੰ ਸੌਂਪ ਦਿੱਤੀ ਗਈ ਸੀ ਅਤੇ ਵਿਭਾਗ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ ਸੀ।

ਗੁਰੂ ਨਗਰੀ ਪਹੁੰਚਣ ’ਤੇ ਗਡਕਰੀ ਦਾ ਸ਼ਾਨਦਾਰ ਸਵਾਗਤ

ਅੰਮ੍ਰਿਤਸਰ, (ਕਮਲ)-ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਗੁਰੂ ਨਗਰੀ ਪਹੁੰਚਣ ’ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਰੀਵਾਲ, ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਡੀ. ਸੀ. ਘਨਿਆਸ਼ਾਮ ਥੋਰੀ ਅਤੇ ਪੁਲਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ। ਗੁਰੂ ਨਗਰੀ ਪਹੁੰਚਣ ’ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਵਿਭਾਗ ਦੇ ਕਈ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਲਈ।

ਇਹ ਵੀ ਪੜ੍ਹੋ :   ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News