ਢੇਡ ਸਾਲ ਪਹਿਲਾਂ ਹੋਸਟਲ ''ਚ ਵਿਦਿਆਰਥੀ ਦੀ ਹੋਈ ਮੌਤ ''ਤੇ ਹਾਈਕੋਰਟ ਦੇ ਹੁਕਮਾਂ ''ਤੇ ਜਾਂਚ ਸ਼ੁਰੂ
Tuesday, Nov 14, 2017 - 06:56 AM (IST)

ਬਠਿੰਡਾ, (ਵਰਮਾ)- ਢੇਡ ਸਾਲ ਪਹਿਲਾਂ ਹੋਸਟਲ ਵਿਚ ਵਿਦਿਆਰਥੀ ਦੀ ਮੌਤ ਨੂੰ ਲੈ ਕੇ ਮਾਪਿਆਂ ਨੇ ਹਾਈਕੋਰਟ ਵਿਚ ਇਨਸਾਫ ਦੀ ਗੁਹਾਰ ਲਾਈ ਹੈ। ਮਾਣਯੋਗ ਹਾਈਕੋਰਟ ਨੇ ਇਸ ਮਾਮਲੇ ਦੀ ਦੁਬਾਰਾ ਜਾਂਚ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਖਰੜ ਦੀ ਇਕ ਯੂਨੀਵਰਸਿਟੀ ਦੇ ਹੋਸਟਲ ਵਿਚ 16 ਮਈ, 2016 ਨੂੰ ਇਕ ਮੌੜ ਮੰਡੀ ਦੇ ਰਹਿਣ ਵਾਲੇ ਲਾਅ ਦੇ ਵਿਦਿਆਰਥੀ ਅਤਿੰਦਰ ਸਿੰਘ ਪੁੱਤਰ ਨਾਇਬ ਸਿੰਘ ਦੀ ਲਾਸ਼ ਸ਼ੱਕੀ ਹਾਲਾਤ ਵਿਚ ਮਿਲੀ ਸੀ, ਜਿਸ ਤੋਂ ਬਾਅਦ ਯੂਨੀਵਰਸਿਟੀ ਦੇ ਪ੍ਰਬੰਧਕ ਨੇ ਮ੍ਰਿਤਕ ਦੇ ਪਰਿਵਾਰ ਨੂੰ ਦੱਸਿਆ ਕਿ ਅਤਿੰਦਰ ਨੇ ਹੋਟਲ ਦੇ ਆਪਣੇ ਕਮਰੇ ਵਿਚ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ ਹੈ, ਜਿਸ ਤੋਂ ਬਾਅਦ ਪੁਲਸ ਨੇ ਧਾਰਾ 174 ਤਹਿਤ ਕੇਸ ਦਰਜ ਕਰ ਕੇ ਕੇਸ ਬੰਦ ਕਰ ਦਿੱਤਾ ਸੀ ਪਰ ਮ੍ਰਿਤਕ ਅਤਿੰਦਰ ਦੀ ਮਾਂ ਰਣਜੀਤ ਕੌਰ ਅਤੇ ਪਿਤਾ ਨਾਇਬ ਸਿੰਘ ਨੇ ਸੋਮਵਾਰ ਨੂੰ ਪ੍ਰੈੱਸ ਕਲੱਬ ਵਿਚ ਪ੍ਰੈੱਸ ਵਾਰਤਾ ਕਰ ਕੇ ਦੋਸ਼ ਲਾਇਆ ਹੈ ਕਿ ਉਸ ਦੇ ਬੇਟੇ ਨੇ ਆਤਮਹੱਤਿਆ ਨਹੀਂ ਕੀਤੀ, ਬਲਕਿ ਉਸ ਦਾ ਰੰਜਿਸ਼ ਤਹਿਤ ਕਤਲ ਕੀਤਾ ਗਿਆ ਹੈ।
ਇਸ ਦੌਰਾਨ ਉਨ੍ਹਾਂ ਨਾਲ ਵਕੀਲ ਗੁਰਪ੍ਰੀਤ ਸਿੰਘ ਵੀ ਮੌਜੂਦ ਸੀ। ਪੀੜਤਾ ਰਣਜੀਤ ਕੌਰ ਨੇ ਦੱਸਿਆ ਕਿ ਢੇਡ ਸਾਲ ਤੋਂ ਬੇਟੇ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਉਹ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਇਨਸਾਫ ਲੈਣ ਲਈ ਉਨ੍ਹਾਂ ਆਪਣੇ ਵਕੀਲ ਗੁਰਪ੍ਰੀਤ ਸਿੰਘ ਰਾਹੀਂ ਹਾਈਕੋਰਟ ਵਿਚ ਰਿਟ ਦਾਇਰ ਕਰ ਕੇ ਆਪਣੇ ਬੇਟੇ ਦੇ ਕਤਲ ਦੀ ਜਾਂਚ ਏ. ਟੀ. ਐੱਸ. ਚੀਫ ਆਈ. ਪੀ. ਐੱਸ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸੌਂਪੀ ਹੈ, ਜੋ ਇਸ ਕੇਸ ਦੀ ਜਾਂਚ ਕਰ ਕੇ ਅਦਾਲਤ ਨੂੰ ਸੌਂਪਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਅਤਿੰਦਰ 21 ਅਪ੍ਰੈਲ, 2016 ਵਿਚ ਯੂਨੀਵਰਸਿਟੀ ਵਿਚ ਇਕ ਪੇਪਰ ਦੇਣ ਗਿਆ ਸੀ। ਉਸ ਨੇ ਕਲਾਸ ਰੂਮ ਵਿਚ ਦੇਖਿਆ ਕਿ ਯੂਨੀਵਰਸਿਟੀ ਦਾ ਇਕ ਲੈਬ ਅਟੈਂਡੈਂਟ ਕੁਝ ਵਿਦਿਆਰਥੀਆਂ ਨੂੰ ਨਕਲ ਕਰਵਾ ਰਿਹਾ ਸੀ। ਉਨ੍ਹਾਂ ਦਾ ਬੇਟਾ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ, ਜਿਸ ਕਾਰਨ ਉਸ ਨੇ ਨਕਲ ਦਾ ਵਿਰੋਧ ਕੀਤਾ, ਜਿਸ ਕਾਰਨ ਉਹ ਆਪਣੀ ਖਾਲੀ ਪੇਪਰ ਸ਼ੀਟ ਦੇ ਕੇ ਆ ਗਿਆ।
ਉਸ ਨੇ ਅੱਗੇ ਵੀ ਪ੍ਰਬੰਧਕਾਂ ਨੂੰ ਸ਼ਿਕਾਇਤ ਕੀਤੀ ਸੀ, ਜਿਸ ਕਾਰਨ ਉਹ ਲੋਕ ਉਸ ਨਾਲ ਰੰਜਿਸ਼ ਰੱਖਣ ਲੱਗੇ ਸਨ। 16 ਮਈ, 2016 ਨੂੰ ਉਨ੍ਹਾਂ ਨੂੰ ਇਕ ਲੜਕੀ, ਜੋ ਉਨ੍ਹਾਂ ਦੇ ਬੇਟੇ ਨਾਲ ਪੜ੍ਹਦੀ ਸੀ, ਨੇ ਫੋਨ ਕੀਤਾ ਕਿ ਅਤਿੰਦਰ ਦੀ ਤਬੀਅਤ ਖਰਾਬ ਹੈ ਤੁਸੀਂ ਜਲਦੀ ਆ ਜਾਓ। ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਖਰੜ ਪੁਲਸ ਦੇ ਏ. ਐੱਸ. ਆਈ. ਸੁਖਵਿੰਦਰ ਸਿੰਘ ਦਾ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਦੀ ਉਸ ਦੇ ਕਮਰੇ ਵਿਚ ਲਾਸ਼ ਮਿਲੀ ਹੈ। ਉਨ੍ਹਾਂ ਨੂੰ ਪ੍ਰਬੰਧਕਾਂ ਨੇ ਦੱਸਿਆ ਕਿ ਉਸ ਨੇ ਪੱਖੇ ਨਾਲ ਲਟਕ ਕੇ ਆਪਣੀ ਜਾਨ ਦਿੱਤੀ ਹੈ ਪਰ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਉਨ੍ਹਾਂ ਦੇ ਬੇਟੇ ਦੀ ਕਿਸੇ ਨੇ ਨਹੀਂ ਸੁਣੀ। ਹੁਣ ਉਨ੍ਹਾਂ ਨੂੰ ਹਾਈਕੋਰਟ ਅਤੇ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਪੂਰਾ ਭਰੋਸਾ ਹੈ ਕਿ ਉਨ੍ਹਾਂ ਨੂੰ ਇਨਸਾਫ ਮਿਲੇਗਾ।