ਫਾਸਟ ਫੂਡ ਖਾਣ ਦੀ ਆਦਤ ਨਾਲ ਸਿਹਤ ਨੂੰ ਹੋ ਸਕਦੈ ਵੱਡਾ ਖ਼ਤਰਾ

Tuesday, Dec 31, 2024 - 02:46 PM (IST)

ਫਾਸਟ ਫੂਡ ਖਾਣ ਦੀ ਆਦਤ ਨਾਲ ਸਿਹਤ ਨੂੰ ਹੋ ਸਕਦੈ ਵੱਡਾ ਖ਼ਤਰਾ

ਭੁੱਚੋ ਮੰਡੀ (ਨਾਗਪਾਲ) : ਸ਼ਹਿਰਾਂ ਦੇ ਨਾਲ-ਨਾਲ ਮੰਡੀਆਂ ਅਤੇ ਪਿੰਡਾਂ ’ਚ ਫਾਸਟ ਫੂਡ ਖਾਣ ਦਾ ਸ਼ੌਂਕ ਵੱਧਦਾ ਹੀ ਜਾ ਰਿਹਾ ਹੈ। ਰੈਸਟੋਰੈਂਟ ਜਾਂ ਫਾਸਟ ਫੂਡ ਕਾਰਨਰ ’ਚ ਹਰ ਉਮਰ ਦੇ ਲੋਕ ਭਾਰੀ ਗਿਣਤੀ ’ਚ ਦੇਖੇ ਜਾ ਸਕਦੇ ਹਨ। ਫਾਸਟ ਫੂਡ ਦੀ ਲੋਕਪ੍ਰਿਅਤਾ ਲਗਾਤਾਰ ਵੱਧ ਰਹੀ ਹੈ। ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦਾ ਹਰ ਵਿਅਕਤੀ ਫਾਸਟ ਫੂਡ ਖਾਣ ਲੱਗਾ ਹੈ। ਜੇਕਰ ਇਹ ਕਦੇ-ਕਦਾਈਂ ਖਾ ਲਿਆ ਜਾਵੇ ਤਾਂ ਇਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਪਰ ਹਰ ਰੋਜ਼ ਇਸ ਨੂੰ ਖਾਣ ਨਾਲ ਸਿਹਤ ਲਈ ਵੱਡਾ ਖ਼ਤਰਾ ਹੋ ਸਕਦਾ ਹੈ। ਫਾਸਟ ਫੂਡ ਖਾਣ ਦੀ ਆਦਤ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣਦੀ ਜਾ ਰਹੀ ਹੈ।

ਸਮਾਜ ਸੇਵਕਾ ਸਿਵਾਲੀ ਦਾ ਕਹਿਣਾ ਹੈ ਕਿ ਚੰਗੀ ਸਿਹਤ ਲਈ ਵਧੀਆ ਪੌਸ਼ਟਿਕ ਭੋਜਨ ਜ਼ਰੂਰੀ ਹੁੰਦਾ ਹੈ ਪਰ ਬੱਚੇ ਘਰੇਲੂ ਖ਼ੁਰਾਕ ਜਿਵੇਂ ਦੇਸੀ ਘਿਓ, ਦੁੱਧ, ਦਹੀਂ, ਫਰੂਟ ਅਤੇ ਰੋਟੀ ਤੋਂ ਬਿਲਕੁਲ ਮੂੰਹ ਫੇਰ ਚੁੱਕੇ ਹਨ। ਮੌਜੂਦਾ ਸਮੇਂ ’ਚ ਫਾਸਟ ਫੂਡ ਦਾ ਚਲਣ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ। ਮਾਪੇ ਵੀ ਬੱਚਿਆਂ ਨੂੰ ਇਸ ਲਈ ਜ਼ਿਆਦਾ ਮਨ੍ਹਾਂ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ, ਚਲੋ ਬੱਚਾ ਕੁੱਝ ਤਾਂ ਖਾ ਰਿਹਾ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪੌਸ਼ਟਿਕ ਤੱਤਾਂ ਤੋਂ ਰਹਿਤ ਫਾਸਟ ਫੂਡ ਦੀ ਵਰਤੋਂ ਦਾ ਪ੍ਰਭਾਵ ਬੱਚਿਆਂ ਦੇ ਵਿਕਾਸ ’ਤੇ ਉਲਟ ਪੈਂਦਾ ਹੈ। ਪ੍ਰਿੰਸੀਪਲ ਬਲਬੀਰ ਕੌਰ ਦਾ ਕਹਿਣਾ ਹੈ ਕਿ ਮਾਪੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਤੰਦਰੁਸਤ ਰਹੇ। ਇਸਦੇ ਲਈ ਉਹ ਆਪਣੇ ਬੱਚਿਆਂ ਨੂੰ ਹੈਲਦੀ ਫੂਡ ਖਵਾਉਣਾ ਚਾਹੁੰਦੇ ਹਨ ਪਰ ਅੱਜ-ਕੱਲ੍ਹ ਦੇ ਜ਼ਿਆਦਾਤਰ ਬੱਚੇ ਘਰ ਦੇ ਖਾਣੇ ਦੀ ਥਾਂ ਫਾਸਟ ਫੂਡ ਖਾਣਾ ਬੇਹੱਦ ਪਸੰਦ ਕਰਦੇ ਹਨ। ਫਾਸਟ ਫੂਡ ਬਾਜ਼ਾਰ ਵਿਚ ਹਰ ਜਗ੍ਹਾ ਸੌਖ ਨਾਲ ਉਪਲੱਬਧ ਹੈ, ਇਹ ਸਵਾਦਿਸ਼ਟ ਤਾਂ ਹੁੰਦਾ ਹੀ ਹੈ ਨਾਲ ਹੀ ਮੁੱਲ ਵਿਚ ਘੱਟ ਹੁੰਦਾ ਹੈ।


author

Babita

Content Editor

Related News