ਮਾਤਮ ’ਚ ਬਦਲੀਆਂ ਵਿਆਹ ਦੀਆਂ ਖੁਸ਼ੀਆਂ, ਫਾਇਰ ਕਰਨ ਤੋਂ ਰੋਕਣ 'ਤੇ ਲਾੜੇ ਦੇ ਜੀਜੇ ਨੂੰ ਵੱਜੀ ਗੋਲ਼ੀ
Wednesday, Feb 15, 2023 - 07:57 PM (IST)
ਤਰਨਤਾਰਨ (ਰਮਨ) : ਥਾਣਾ ਸਦਰ ਪੱਟੀ ਅਧੀਨ ਆਉਂਦੇ ਪਿੰਡ ਝੁੱਗੀਆਂ ਕਾਲੂ ਵਿਖੇ ਬੀਤੀ ਦੇਰ ਰਾਤ ਇਕ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ 'ਚ ਬਦਲ ਗਈਆਂ ਜਦੋਂ ਡੋਲੀ ਸਹੁਰੇ ਘਰ ਪੁੱਜਣ ਮੌਕੇ ਰਾਇਫ਼ਲ ਨਾਲ ਫਾਇਰਿੰਗ ਕਰਨ ਦੌਰਾਨ ਇਕ ਗੋਲ਼ੀ ਲਾੜੇ ਦੇ ਜੀਜੇ ਨੂੰ ਲੱਗ ਗਈ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਥਾਣਾ ਸਦਰ ਪੱਟੀ ਦੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ, 10 ਜ਼ਿਲ੍ਹਿਆਂ ਦੇ SSP's ਬਦਲੇ, ਜਾਣੋ ਪੂਰੀ ਸੂਚੀ
ਮਿਲੀ ਜਾਣਕਾਰੀ ਅਨੁਸਾਰ ਪਿੰਡ ਝੁੱਗੀਆਂ ਕਾਲੂ ਦੇ ਸਾਬਕਾ ਸਰਪੰਚ ਚੰਨਣ ਸਿੰਘ ਪੁੱਤਰ ਕੁੰਨਣ ਸਿੰਘ ਦੇ ਬੇਟੇ ਧਰਮ ਸਿੰਘ ਦਾ ਵਿਆਹ ਹੋਣ ਉਪਰੰਤ ਡੋਲੀ ਘਰ ਪੁੱਜਣ ਦੌਰਾਨ ਪਰਿਵਾਰਕ ਮੈਂਬਰਾਂ ਵੱਲੋਂ ਦੇਰ ਰਾਤ ਤੱਕ ਡੀ. ਜੇ. ਲਗਾ ਕੇ ਭੰਗੜਾ ਪਾਉਂਦੇ ਹੋਏ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਇਸ ਦੌਰਾਨ ਲਾੜੇ ਦੀ ਮਾਸੀ ਦਾ ਮੁੰਡਾ ਰਵੀ ਨਿਵਾਸੀ ਅੰਮ੍ਰਿਤਸਰ ਰਾਈਫਲ ਰਾਹੀਂ ਫਾਇਰ ਕਰਨ ਲੱਗ ਪਿਆ। ਰਵੀ ਨੂੰ ਹਵਾਈ ਫਾਇਰ ਕਰਨ ਤੋਂ ਰੋਕਣ ਲਈ ਲਾੜੇ ਦਾ ਜੀਜਾ ਗੁਰਦਿੱਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਜ਼ਿਲ੍ਹਾ ਤਰਨਤਾਰਨ ਅੱਗੇ ਆਇਆ ਤਾਂ ਉਸ ਦੀ ਛਾਤੀ ਵਿੱਚ ਅਚਾਨਕ ਇਕ ਗੋਲ਼ੀ ਲੱਗ ਗਈ। ਇਸ ਵਾਰਦਾਤ ਤੋਂ ਬਾਅਦ ਖੁਸ਼ੀਆਂ ਦਾ ਮਾਹੌਲ ਮਾਤਮ ਵਿੱਚ ਬਦਲ ਗਿਆ।
ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਜ਼ਖ਼ਮੀ ਹਾਲਤ ਵਿੱਚ ਗੁਰਦਿੱਤ ਸਿੰਘ ਨੂੰ ਇਕ ਨਿੱਜੀ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ ਤਿੰਨ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਅਧੀਨ ਆਉਂਦੀ ਪੁਲਸ ਚੌਕੀ ਤੂਤ ਵੱਲੋਂ ਰਾਇਫਲ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਕਿਰਪਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਅਨੁਸਾਰ ਬਣਦੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।