ਖਲੀ ਰੈਸਲਰ ਦਿਨੇਸ਼ ਦਾ ਮੈਡੀਕਲ ਕਰਵਾਉਣ ਸਿਵਲ ਹਸਪਤਾਲ ਪਹੁੰਚੇ
Sunday, Jan 19, 2020 - 12:51 PM (IST)
ਜਲੰਧਰ (ਮਹੇਸ਼)— ਐੱਚ. ਡੀ. ਐੱਫ. ਸੀ. ਦੇ ਜੰਡੂਸਿੰਘਾ ਸਥਿਤ ਏ. ਟੀ. ਐੱਮ. 'ਤੇ ਵੀਰਵਾਰ ਦੀ ਰਾਤ ਖਲੀ ਦੀ ਅਕੈਡਮੀ ਦੇ ਕੌਮਾਂਤਰੀ ਰੈਸਲਰ ਦਿਨੇਸ਼ ਕੁਮਾਰ ਨਾਲ ਕੁੱਟਮਾਰ ਕਰਕੇ 31 ਹਜ਼ਾਰ ਰੁਪਏ ਖੋਹਣ ਵਾਲੇ ਮੁਲਜ਼ਮ ਐਤਵਾਰ ਨੂੰ ਪੁਲਸ ਸਾਹਮਣੇ ਸਰੰਡਰ ਕਰ ਸਕਦੇ ਹਨ। ਇਹ ਜਾਣਕਾਰੀ ਥਾਣਾ ਆਦਮਪੁਰ ਦੇ ਇੰਚਾਰਜ ਇੰਸਪੈਕਟਰ ਨਰੇਸ਼ ਜੋਸ਼ੀ ਨੇ ਦਿੰਦਿਆਂ ਕਿਹਾ ਕਿ ਏ. ਟੀ. ਐੱਮ. 'ਤੇ ਰੈਸਲਰ ਨਾਲ ਲੜਾਈ ਝਗੜਾ ਕਰਨ ਵਾਲੇ ਨੌਜਵਾਨਾਂ ਨੂੰ ਪੁਲਸ ਸਾਹਮਣੇ ਪੇਸ਼ ਕਰਨ ਵਾਲੇ ਜੰਡੂਸਿੰਘਾ ਦੀ ਪੰਚਾਇਤ ਨੇ ਭਰੋਸਾ ਦਿਵਾਇਆ ਹੈ।
ਵੀਰਵਾਰ ਦੀ ਰਾਤ ਰਾਮਾ ਮੰਡੀ ਦੇ ਜੌਹਲ ਹਸਪਤਾਲ 'ਚ ਭਰਤੀ ਕਰਵਾਏ ਗਏ ਰੈਸਲਰ ਦਿਨੇਸ਼ ਦੀ ਹਾਲਤ 'ਚ ਲਗਾਤਾਰ ਸੁਧਾਰ ਆਉਣ ਦੇ ਬਾਵਜੂਦ ਵੀ ਦਿ ਗ੍ਰੇਟ ਖਲੀ ਦਿਲੀਪ ਸਿੰਘ ਰਾਣਾ ਬੀਤੇ ਦਿਨ ਉਸ ਦਾ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚੇ। ਭਾਵੇਂ ਪੁਲਸ ਨੇ ਜੌਹਲ ਹਸਪਤਾਲ ਦੀ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਅਤੇ ਦਿਨੇਸ਼ ਦੇ ਬਿਆਨ ਲੈਣ ਤੋਂ ਬਾਅਦ ਮੁਲਜ਼ਮਾਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਸ਼ੁੱਕਰਵਾਰ ਨੂੰ ਕੇਸ ਦਰਜ ਕਰ ਲਿਆ ਸੀ। ਇੰਸ. ਨਰੇਸ਼ ਜੋਸ਼ੀ ਨੇ ਕਿਹਾ ਹੈ ਕਿ ਨਾਮਜ਼ਦ ਕੀਤੇ ਮੁਲਜ਼ਮਾਂ ਦੇ ਸਾਹਮਣੇ ਆਉਣ 'ਤੇ ਹੀ ਵੀਰਵਾਰ ਦੀ ਰਾਤ ਘਟਨਾ ਸਬੰਧੀ ਪੂਰੀ ਸਥਿਤੀ ਸਪੱਸ਼ਟ ਹੋਵੇਗੀ। ਚਰਚਾ ਹੈ ਕਿ ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਨੂੰ ਲੈ ਕੇ ਰੈਸਲਰ ਦਿਨੇਸ਼ ਦਾ ਉਥੇ ਆਏ ਨੌਜਵਾਨਾਂ ਨਾਲ ਵਿਵਾਦ ਹੋਇਆ ਸੀ, ਜਿਸ ਨੇ ਬਾਅਦ 'ਚ ਗੰਭੀਰ ਰੂਪ ਧਾਰਨ ਕਰ ਲਿਆ ਸੀ।