ਸ਼ਹਿਰ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ''ਚ ਸਰਕਾਰ ਫੇਲ
Tuesday, Mar 27, 2018 - 07:16 AM (IST)

ਅੰਮ੍ਰਿਤਸਰ, (ਕਮਲ)- ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਰਾਜ ਵਿਚ ਸ੍ਰੀ ਹਰਿਮੰਦਰ ਸਾਹਿਬ ਨੂੰ ਸੁੰਦਰ ਬਣਾਉਣ ਲਈ ਅਤੇ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਜੋ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ, ਉਹ ਕਾਂਗਰਸ ਸਰਕਾਰ ਆਉਣ 'ਤੇ ਫੇਲ ਹੋ ਗਈਆਂ ਹਨ, ਜਿਸ ਦੀ ਮਿਸਾਲ ਤੁਸੀਂ ਟਾਊਨ ਹਾਲ ਤੋਂ ਘੰਟਾਘਰ ਤੱਕ ਦੇਖ ਸਕਦੇ ਹੋ। ਪਿਛਲੇ 3 ਸਾਲਾਂ ਤੋਂ ਇਹ ਇਲਾਕਾ ਇਕ ਮਿਸਾਲ ਦੀ ਤਰ੍ਹਾਂ ਬਣ ਗਿਆ ਸੀ। ਭਰਾਵਾਂ ਦੇ ਢਾਬੇ ਤੋਂ ਲੈ ਕੇ ਜਲਿਆਂਵਾਲਾ ਬਾਗ ਤੱਕ ਸਫਾਈ ਅਤੇ ਟ੍ਰੈਫਿਕ ਦਾ ਇੰਨਾ ਖਿਆਲ ਰੱਖਿਆ ਜਾਂਦਾ ਸੀ ਕਿ ਇਸ ਪਾਸੇ ਨਾ ਤਾਂ ਟ੍ਰੈਫਿਕ ਦੀ ਕੋਈ ਸਮੱਸਿਆ ਸੀ ਅਤੇ ਨਾ ਹੀ ਸਫਾਈ ਦਾ ਬੁਰਾ ਹਾਲ ਪਰ ਹੁਣ ਸਫਾਈ ਅਤੇ ਟ੍ਰੈਫਿਕ ਦਾ ਬੁਰਾ ਹਾਲ ਤੁਸੀਂ ਆਪ ਦੇਖ ਸਕਦੇ ਹੋ। ਹੁਣ ਕਾਰਾਂ-ਸਕੂਟਰ ਇਸ ਤਰ੍ਹਾਂ ਲੱਗ ਰਹੇ ਹਨ ਜਿਵੇਂ ਇਥੇ ਸਟੈਂਡ ਬਣ ਗਿਆ ਹੋਵੇ। ਕੁਝ ਲੋਕਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ 'ਚ ਲੱਖਾਂ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ। ਪਹਿਲਾਂ ਇਥੇ ਸਾਫ-ਸਫਾਈ ਮਿਲਦੀ ਸੀ ਪਰ ਪਤਾ ਨਹੀਂ ਕਿਉਂ ਸਰਕਾਰ ਬਦਲਦੇ ਹੀ ਕਾਰਾਂ ਸਕੂਟਰਾਂ ਨਾਲ ਟ੍ਰੈਫਿਕ ਸਮੱਸਿਆ ਅਤੇ ਗੰਦਗੀ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਪਹਿਲਾਂ ਪੁਲਸ ਵੀ ਕਾਰਾਂ-ਸਕੂਟਰਾਂ ਨੂੰ ਇਥੇ ਲਾਉਣ ਤੋਂ ਰੋਕਦੀ ਸੀ ਪਰ ਹੁਣ ਪਤਾ ਨਹੀਂ ਸ਼ਾਇਦ ਪੁਲਸ ਦੀ ਮਿਲੀ-ਭੁਗਤ ਨਾਲ ਇਥੇ ਟ੍ਰੈਫਿਕ ਵਧਣੀ ਸ਼ੁਰੂ ਹੋ ਗਈ ਹੈ। ਦੂਸਰੇ ਪਾਸੇ ਧਰਮ ਸਿੰਘ ਮਾਰਕੀਟ ਚੌਕ ਦਾ ਵੀ ਇਹੀ ਹਾਲ ਹੈ। ਜ਼ਿਲਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਇਲਾਕੇ ਨੂੰ ਪਹਿਲਾਂ ਦੀ ਤਰ੍ਹਾਂ ਸਾਫ, ਸੁੰਦਰ ਅਤੇ ਟ੍ਰੈਫਿਕ ਮੁਕਤ ਬਣਾਇਆ ਜਾਵੇ।