ਕਿਸਾਨਾਂ ਦੀ ਵਾਪਸੀ ''ਤੇ ਕੋਰੋਨਾ ਟੈਸਟਾਂ ਦਾ ਪ੍ਰਬੰਧ ਨਹੀਂ ਕਰ ਸਕੀ ਸਰਕਾਰ
Sunday, Dec 06, 2020 - 01:33 AM (IST)
ਲੁਧਿਆਣਾ, (ਸਹਿਗਲ)- ਨਵੀਂ ਦਿੱਲੀ ਵਿਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ਉਪਰੰਤ ਉਨ੍ਹਾਂ ਦੀ ਵਾਪਸੀ ’ਤੇ ਸਰਕਾਰ ਵੱਲੋਂ ਉਨ੍ਹਾਂ ਦੇ ਕੋਰੋਨਾ ਜਾਂਚ ਕਰਨ ਲਈ ਕੋਈ ਪ੍ਰਬੰਧ ਨਹੀਂ ਕੀਤੇ ਗਏ ਹਨ। ਵਰਣਨਯੋਗ ਹੈ ਕਿ ਨਵੀਂ ਦਿੱਲੀ ਵਿਚ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨ ਜਦੋਂ ਵਾਪਸ ਪਰਤਣਗੇ ਤਾਂ ਉਨ੍ਹਾਂ ਦੀ ਸਿਹਤ ਦਾ ਚੈੱਕਅਪ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਪਰ ਸਰਕਾਰ ਵੱਲੋਂ ਇਹ ਆਪਸ਼ਨ ਰੱਖੀ ਗਈ ਹੈ ਕਿ ਵਲੰਟੀਅਰ ਤੋਂ ਜੇਕਰ ਕੋਈ ਕਿਸਾਨ ਆਪਣੀ ਜਾਂਚ ਕਰਵਾਉਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦੀਆਂ ਟੀਮਾਂ ਉਨ੍ਹਾਂ ਦੀ ਮੁਫਤ ਜਾਂਚ ਕਰਨਗੀਆਂ। ਇਹ ਵੀ ਵਰਣਨਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਰੋਜ਼ ਵੱਧ ਤੋਂ ਵੱਧ 40 ਹਜ਼ਾਰ ਟੈਸਟ ਕਰਨ ਦੀ ਸਮਰਥਾ ਦੱਸੀ ਜਾਂਦੀ ਹੈ ਪਰ ਲੱਖਾਂ ਦੀ ਗਿਣਤੀ ਵਿਚ ਕਿਸਾਨ ਜਦੋਂ ਵਾਪਸ ਆਉਣਗੇ ਤਾਂ ਕੀ ਉਹ ਸੂਬੇ ਦੀ ਹੱਦ ’ਤੇ ਰੁਕ ਕੇ ਜਾਂਚ ਕਰਵਾਉਣ ਲਈ ਤਿਆਰ ਹੋਣਗੇ। ਸਿਹਤ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਦਿੱਲੀ ਵਿਚ ਕੋਰੋਨਾ ਵਾਇਰਸ ਕਾਫੀ ਪ੍ਰਚੰਡ ਰੂਪ ਨਾਲ ਫੈਲਿਆ ਹੈ। ਅਜਿਹੇ ਵਿਚ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਵਾਪਸ ਆਉਣ ’ਤੇ ਆਪਣੀ ਜਾਂਚ ਜ਼ਰੂਰ ਕਰਵਾਉਣ ਅਤੇ ਸਰਕਾਰ ਵੱਲੋਂ ਦੱਸੇ ਗਏ ਕੋਰੋਨਾ ਵਾਇਰਸ ਤੋਂ ਬਚਾਅ ਲਈ ਦੱਸੇ ਗਏ ਨਿਯਮਾਂ ਦਾ ਪਾਲਣ ਜ਼ਰੂਰ ਕਰਨ। ਕੁਝ ਦਿਨ ਪਹਿਲਾਂ ਸਰਕਾਰ ਦੇ ਸੀਨੀਅਰ ਸਿਹਤ ਅਧਿਕਾਰੀਆਂ ਸਮੇਤ ਸਿਹਤ ਮੰਤਰੀ ਵੱਲੋਂ ਵੀ ਇਹ ਬਿਆਨ ਜਾਰੀ ਕੀਤਾ ਗਿਆ ਸੀ ਕਿ ਕਿਸਾਨਾਂ ਦੀ ਵਾਪਸੀ ’ਤੇ ਉਨ੍ਹਾਂ ਦੀ ਕੋਰੋਨਾ ਵਾਇਰਸ ਸਬੰਧੀ ਜਾਂਚ ਜ਼ਰੂਰ ਕੀਤੀ ਜਾਵੇਗੀ।
ਸ਼ਨੀਵਾਰ ਨੂੰ ਕੋਰੋਨਾ ਨਾਲ 5 ਦੀ ਮੌਤ, 104 ਪਾਜ਼ੇਟਿਵ
ਜ਼ਿਲ੍ਹੇ ਦੇ ਹਸਪਤਾਲਾਂ ਵਿਚ ਕੋਰੋਨਾ ਨਾਲ 5 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 104 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਸਿਵਲ ਸਰਜਨ ਦੇ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ 77 ਮਰੀਜ਼ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜਦੋਂਕਿ 27 ਮਰੀਜ਼ ਦੂਜੇ ਜ਼ਿਲ੍ਹਿਆਂ ਨਾਲ ਸਬੰਧਤ ਹਨ। ਉਨ੍ਹਾਂ ਵਿਚੋਂ ਅੱਜ ਹੋਈਆਂ ਮੌਤਾਂ ਵਿਚੋਂ 2 ਮਰੀਜ਼ ਜ਼ਿਲ੍ਹੇ ਦੇ ਜਦੋਂਕਿ 3 ਵਿਚੋਂ ਇਕ ਜਲੰਧਰ, ਇਕ ਪਟਿਆਲਾ ਅਤੇ ਇਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਜ਼ਿਲ੍ਹੇ ਦੇ ਮ੍ਰਿਤਕ ਮਰੀਜ਼ਾਂ ਵਿਚ ਸੁੰਦਰ ਨਗਰ, ਥਰੀਕੇ ਦਾ ਰਹਿਣ ਵਾਲਾ 69 ਸਾਲਾਂ ਮਰੀਜ਼ ਐੱਸ. ਪੀ. ਐੱਸ. ਹਸਪਤਾਲ ਵਿਚ ਦਾਖਲ ਸੀ ਜਦੋਂਕਿ ਦੂਜਾ ਮਰੀਜ਼ 75 ਸਾਲਾ ਦਾ ਸੀ, ਜਿਸ ਦੀ ਜੀ. ਟੀ. ਬੀ. ਹਸਪਤਾਲ ਵਿਚ ਮੌਤ ਹੋਈ। ਉਕਤ ਮਰੀਜ਼ ਸਲੇਮ ਟਾਬਰੀ ਦਾ ਰਹਿਣ ਵਾਲਾ ਸੀ। ਜ਼ਿਲ੍ਹੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 23,338 ਹੋ ਗਈ ਹੈ। ਇਨ੍ਹਾਂ ਵਿਚੋਂ 917 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਤੋਂ ਇਲਾਜ ਲਈ ਸਥਾਨਕ ਹਸਪਤਾਲਾਂ ਵਿਚ ਭਰਤੀ ਹੋਣ ਵਾਲੇ ਮਰੀਜ਼ਾਂ ਵਿਚ 337 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ ਵਿਚੋਂ 395 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਮੁਤਾਬਕ ਹੁਣ ਤੱਕ 21538 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਜ਼ਿਲੇ ਵਿਚ ਮੌਜੂਦਾ ਵਿਚ 883 ਐਕਟਿਵ ਮਰੀਜ਼ ਰਹਿ ਗਏ ਹਨ।
3880 ਟੈਸਟ ਜਾਂਚ ਲਈ ਭੇਜੇ, 3608 ਪੈਂਡਿੰਗ
ਸਿਹਤ ਵਿਭਾਗ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਅੱਜ 3880 ਟੈਸਟ ਜਾਂਚ ਲਈ ਇਕੱਠੇ ਕੀਤੇ ਗਏ। ਇਨ੍ਹਾਂ ਵਿਚ 3188 ਟੈਸਟ ਸਿਹਤ ਵਿਭਾਗ ਵੱਲੋਂ ਜਦੋਂਕਿ 692 ਟੈਸਟ ਨਿੱਜੀ ਹਸਪਤਾਲਾਂ ਅਤੇ ਲੈਬਸ ਵੱਲੋਂ ਕੀਤੇ ਗਏ। ਸਿਹਤ ਵਿਭਾਗ ਵੱਲੋਂ ਪਹਿਲਾਂ ਭੇਜੇ ਗਏ ਟੈਸਟਾਂ ਵਿਚੋਂ 3608 ਟੈਸਟਾਂ ਦੀ ਰਿਪੋਰਟ ਅਜੇ ਪੈਂਡਿੰਗ ਹੈ। ਸਿਹਤ ਅਧਿਕਾਰੀ ਚਾਹੁੰਦੇ ਹੋਏ ਵੀ ਪੈਂਡਿੰਗ ਲਿਸਟ ਖਤਮ ਨਹੀਂ ਕਰ ਪਾ ਰਹੇ। ਸੂਤਰਾਂ ਮੁਤਾਬਕ ਆਮ ਕਰ ਕੇ ਪੁਣੇ ਟੈਸਟਾਂ ਦੀ ਰਿਪੋਰਟ ਦੇਰੀ ਨਾਲ ਆਉਂਦੀ ਹੈ, ਜੋ ਦੂਜੇ ਜ਼ਿਲਿਆਂ ਵਿਚ ਭੇਜੇ ਜਾਂਦੇ ਹਨ।
6 ਮਰੀਜ਼ਾਂ ਦੀ ਹਾਲਤ ਗੰਭੀਰ
ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਜ਼ਿਲੇ ਵਿਚ 6 ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਹੈ, ਇਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ ਇਕ ਮਰੀਜ਼ ਜ਼ਿਲੇ ਦਾ ਰਹਿਣ ਵਾਲਾ ਜਦੋਂਕਿ 5 ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਸਰਕਾਰੀ ਹਸਪਤਾਲਾਂ ਵਿਚ 19, ਨਿੱਜੀ ਹਸਪਤਾਲਾਂ ਵਿਚ 220 ਮਰੀਜ਼ ਪ੍ਰਤੀ ਸਰਕਾਰੀ ਹਸਪਤਾਲਾਂ ਵਿਚ ਕੋਰੋਨਾ ਵਾਇਰਸ ਤੋਂ ਪੀੜਤ 19 ਮਰੀਜ਼ ਭਰਤੀ ਹਨ ਜਦੋਂਕਿ ਨਿੱਜੀ ਹਸਪਤਾਲਾਂ ਵਿਚ ਇਹ ਗਿਣਤੀ 220 ਦੱਸੀ ਜਾ ਰਹੀ ਹੈ। ਸਿਹਤ ਵਿਭਾਗ ਵੱਲੋਂ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਮੁਤਾਬਕ ਜ਼ਿਆਦਾਤਰ ਮਰੀਜ਼ਾਂ ਨੂੰ ਹੋਮ ਆਈਸੋਲੇਟ ਕੀਤਾ ਜਾ ਰਿਹਾ ਹੈ ਜਾਂ ਹੋਮ ਕੁਆਰੰਟਾਈਨ ਵਿਚ ਭੇਜਿਆ ਜਾ ਰਿਹਾ ਹੈ।
212 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਵਿਚ ਭੇਜਿਆ
ਸਿਹਤ ਵਿਭਾਗ ਵੱਲੋਂ 212 ਮਰੀਜ਼ਾਂ ਨੂੰ ਅੱਜ ਹੋਮ ਕੁਆਰੰਟਾਈਨ ਵਿਚ ਭੇਜਿਆ ਹੈ। ਅਧਿਕਾਰੀਆਂ ਮੁਤਾਬਕ ਵਿਭਾਗ ਦੀਆਂ ਟੀਮਾਂ ਵੱਲੋਂ 233 ਮਰੀਜ਼ਾਂ ਦੀ ਸਕ੍ਰੀਨਿੰਗ ਕੀਤੀ ਗਈ, ਜਿਸ ਵਿਚ 212 ਨੂੰ ਹੋਮ ਕੁਆਰੰਟਾਈਨ ਵਿਚ ਭੇਜਣਾ ਉਚਿਤ ਸਮਝਿਆ ਗਿਆ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ 2433 ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ ਜਦੋਂਕਿ 675 ਮਰੀਜ਼ ਹੋਮ ਆਈਸੋਲੇਸ਼ਨ ਵਿਚ ਰੱਖੇ ਗਏ ਹਨ।