ਅੱਜ ਹੋਵੇਗੀ ਕਿਸਾਨਾਂ ਤੇ ਸਰਕਾਰ ਦਰਮਿਆਨ ਚੌਥੀ ਮੀਟਿੰਗ, ਕਿਸਾਨ- ਮੰਗਾਂ ਨਾ ਮੰਨੀਆਂ ਤਾਂ ਤੋੜਾਂਗੇ ਬੈਰੀਕੇਡ
Sunday, Feb 18, 2024 - 02:49 PM (IST)

ਚੰਡੀਗੜ੍ਹ/ਪਟਿਆਲਾ/ਘਨੌਰ (ਰਮਨਜੀਤ, ਜੋਸਨ, ਗੁਰਪਾਲ, ਅਲੀ) - ਕਿਸਾਨ ਜਥੇਬੰਦੀਆਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦਰਮਿਆਨ ਐਤਵਾਰ ਨੂੰ ਚੌਥੇ ਗੇੜ ਦੀ ਬੈਠਕ ਹੋਣੀ ਹੈ । ਇਸ ਬੈਠਕ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਪੰਜਾਬ-ਹਰਿਆਣਾ ਦੀਆਂ ਸਰਹੱਦਾਂ ’ਤੇ ਵੱਡੀ ਗਿਣਤੀ ਵਿੱਚ ਪੁੱਜੇ ਹਜ਼ਾਰਾਂ ਕਿਸਾਨ ਦਿੱਲੀ ਜਾਣ ਦੀ ਉਡੀਕ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਦੇ ਵਰਕਰ ਇਹ ਮੰਨ ਰਹੇ ਹਨ ਕਿ ਐਤਵਾਰ ਹੋਣ ਵਾਲੀ ਬੈਠਕ ਗੱਲਬਾਤ ਦੇ ਦੌਰ ਦੀ ਆਖਰੀ ਬੈਠਕ ਹੋਵੇਗੀ। ਇਸ ਬੈਠਕ ’ਚ ਤੈਅ ਹੋ ਜਾਏਗਾ ਕਿ ਕਿਸਾਨ ਦਿੱਲੀ ਵੱਲ ਵਧਣਗੇ ਜਾਂ ਪੰਜਾਬ-ਹਰਿਆਣਾ ਦੀਆਂ ਸਰਹੱਦਾਂ ਤੋਂ ਆਪਣੇ ਘਰਾਂ ਨੂੰ ਪਰਤਣਗੇ।
ਇਹ ਵੀ ਪੜ੍ਹੋ : ਮੌਸਮ ਫਿਰ ਬਦਲੇਗਾ ਕਰਵਟ, IMD ਨੇ ਇਨ੍ਹਾਂ ਸੂਬਿਆਂ ਲਈ ਜਾਰੀ ਕੀਤਾ ਭਾਰੀ ਮੀਂਹ ਦਾ ਅਲਰਟ
ਸੂਤਰ ਦੱਸ ਰਹੇ ਹਨ ਕਿ ਕੇਂਦਰ ਸਰਕਾਰ ਐਤਵਾਰ ਦੀ ਬੈਠਕ ’'ਚ ਕਿਸਾਨ ਸੰਗਠਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ’ਤੇ ਚਰਚਾ ਕਰੇਗੀ। ਇਸ ਸਭ ਤੋਂ ਵੱਡੀ ਮੰਗ ’ਤੇ ਸਰਕਾਰ ਕੋਈ ਰਾਹ ਲੱਭ ਰਹੀ ਹੈ। ਕਿਸਾਨ ਜਥੇਬੰਦੀਆਂ ਦੇ ਸਾਹਮਣੇ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਲਈ ਕਮੇਟੀ ਬਣਾਉਣ ਅਤੇ ਇਸ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਾਮਲ ਕਰਨ ਦੀ ਤਜਵੀਜ਼ ਰੱਖੀ ਜਾਏਗੀ।
ਇਸ ਦੇ ਨਾਲ ਹੀ ਕੇਂਦਰ ਸਰਕਾਰ ਅਜੇ ਮਿਸ਼ਰਾ ਟੈਣੀ ਅਤੇ ਲਖੀਮਪੁਰ ਖੇੜੀ ਦੇ ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਰਗੀਆਂ ਮੰਗਾਂ ’ਤੇ ਵੀ ਅੱਗੇ ਵਧ ਸਕਦੀ ਹੈ।
ਦੂਜੇ ਪਾਸੇ ਕਿਸਾਨ ਆਗੂਆਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਰੱਦ ਨਹੀਂ ਕੀਤਾ ਗਿਆ। ਇਸ ਨੂੰ ਫਿਲਹਾਲ ਮੁਲਤਵੀ ਕੀਤਾ ਗਿਆ ਹੈ ਕਿਉਂਕਿ ਉਹ ਜਿਨ੍ਹਾਂ ਮੰਗਾਂ ਨੂੰ ਲੈ ਕੇ ਦਿੱਲੀ ਵੱਲ ਵਧ ਰਹੇ ਹਨ, ਸਬੰਧੀ ਗੱਲਬਾਤ ਕਰਨ ਲਈ ਕੇਂਦਰੀ ਮੰਤਰੀ ਬੈਠਕ ਵਿੱਚ ਆਏ ਸਨ।
ਇਹ ਵੀ ਪੜ੍ਹੋ : ਇਕ ਅੰਦੋਲਨ ਤੇ 3 ਮੀਟਿੰਗਾਂ , 4 ਸਰਕਾਰਾਂ ਚੋਂ ਦੋ ਹੱਕ ਵਿਚ ਤੇ ਦੋ ਵਿਰੋਧ ਵਿਚ, ਬਣਿਆ ਰਾਜਨੀਤਕ ਮੁੱਦਾ
ਉਨ੍ਹਾਂ ਕਿਹਾ ਕਿ ਸਮੂਹ ਕਿਸਾਨਾਂ ਨੂੰ ਪੂਰੀ ਉਮੀਦ ਹੈ ਕਿ ਐਤਵਾਰ ਹੋਣ ਵਾਲੀ ਬੈਠਕ ਵਿੱਚ ਸਰਕਾਰ ਵੱਲੋਂ ਕੋਈ ਨਾ ਕੋਈ ਚੰਗੀ ਖ਼ਬਰ ਜ਼ਰੂਰ ਮਿਲੇਗੀ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਐੱਮ. ਐੱਸ. ਪੀ. ਨੂੰ ਲੈ ਕੇ ਕੇਂਦਰ ’ਤੇ ਤਿੱਖੇ ਹਮਲੇ ਕੀਤੇ।
ਕਿਸਾਨ ਆਗੂਆਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਕੇਂਦਰ ਸਰਕਾਰ ਸਾਰੀਆਂ ਫ਼ਸਲਾਂ ਘੱਟੋ-ਘੱਟ ਸਮਰਥਨ ਮੁੱਲ ਜਾਂ ਇਸ ਤੋਂ ਵੱਧ ’ਤੇ ਖਰੀਦੇ, ਨਿਰਧਾਰਤ ਦਰ ਤੋਂ ਘੱਟ ਨਹੀਂ। ਕੇਂਦਰ ਦਾ ਕਹਿਣਾ ਹੈ ਕਿ ਐੱਮ. ਐੱਸ. ਪੀ. ਨੂੰ ਦੇਸ਼ ਵਿੱਚ ਲਾਗੂ ਕਰਨ ਲਈ 36 ਹਜ਼ਾਰ ਕਰੋੜ ਰੁਪਏ ਦੀ ਲੋੜ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁਖੀ ਸਵਰਨ ਸਿੰਘ ਪੰਧੇਰ ਨੇ ਕਿਹਾ ਕਿ ਭਾਵੇਂ ਕੇਂਦਰੀ ਮੰਤਰੀ ਫ਼ਸਲਾਂ ਦਾ ਬੀਮਾ ਕਰਵਾਉਣ ਦੀ ਗੱਲ ਕਰਦੇ ਹਨ ਪਰ ਮਹਾਰਾਸ਼ਟਰ ਅਤੇ ਹਰਿਆਣਾ ਦੀਆਂ ਕੰਪਨੀਆਂ ਫ਼ਸਲੀ ਬੀਮੇ ਦੀ ਆੜ ਵਿੱਚ ਕਰੋੜਾਂ ਰੁਪਏ ਇਕੱਠੇ ਕਰ ਕੇ ਭੱਜ ਗਈਆਂ। ਕੇਂਦਰ ਕਹਿ ਰਿਹਾ ਹੈ ਕਿ ਐੱਮ. ਐੱਸ. ਪੀ. ਹਰਿਆਣਾ ਅਤੇ ਪੰਜਾਬ ’ਚ ਝੋਨੇ ਅਤੇ ਕਣਕ ’ਤੇ ਉਪਲਬਧ ਹੈ।
ਇਸ ਮੌਕੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਗੁਰਮਨਜੀਤ ਸਿੰਘ ਮਾਂਗਟ, ਬਲਕਾਰ ਸਿੰਘ ਬੈਂਸ ਤੇ ਹੋਰਨਾਂ ਨੇ ਆਪਣੀਆਂ 13 ਅਹਿਮ ਮੰਗਾਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਐਤਵਾਰ ਦੀ ਮੀਟਿੰਗ ਤੋਂ ਬਾਅਦ ਦਿੱਲੀ ਵੱਲ ਮਾਰਚ ਕਰਨ ਦੀ ਰਣਨੀਤੀ ਤੈਅ ਕੀਤੀ ਜਾਵੇਗੀ। ਮੰਗਾਂ ਨਾ ਮੰਨੀਆਂ ਗਈਆਂ ਤਾਂ ਬੈਰੀਕੇਡ ਤੋੜ ਦਿਆਂਗੇ
ਸ਼ੰਭੂ ਦੀ ਸਰਹੱਦ ’ਤੇ ਫਿਰ ਚੱਲੇ ਅੱਥਰੂ ਗੈਸ ਦੇ ਗੋਲੇ, 6 ਨੌਜਵਾਨ ਜ਼ਖ਼ਮੀ
ਪਟਿਆਲਾ/ਰਾਜਪੁਰਾ (ਜੋਸਨ) - ਸ਼ੰਭੂ ਦੀ ਸਰਹੱਦ ’ਤੇ ਕਿਸਾਨਾਂ ਦੇ ਧਰਨੇ ਦੇ 5ਵੇਂ ਦਿਨ ਸ਼ਨੀਵਾਰ ਵੀ ਭਾਰੀ ਹੰਗਾਮਾ ਹੋਇਆ। ਜਦੋਂ ਕਿਸਾਨਾਂ ਅਤੇ ਨੌਜਵਾਨਾਂ ਨੇ ਬੈਰੀਕੇਡਾਂ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਪੁਲਸ ਵੱਲੋਂ ਅੱਥਰੂ ਗੈਸ ਦੇ ਗੋਲੇ ਛੱਡਣ ਅਤੇ ਰਬੜ ਦੀਆਂ ਗੋਲੀਆਂ ਚਲਾਉਣ ਕਾਰਨ 6 ਨੌਜਵਾਨ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਰਾਜਪੁਰਾ ਵਿਖੇ ਦਾਖਲ ਕਰਵਾਇਆ ਗਿਆ।
ਐੱਸ. ਐੱਮ. ਓ. ਡਾ: ਵਿਧੀ ਚੰਦ ਨੇ ਦੱਸਿਆ ਕਿ ਰਾਜਪੁਰਾ ਵਿਖੇ ਇਲਾਜ ਲਈ ਦਾਖ਼ਲ ਵਿਅਕਤੀਆਂ ਦੀ ਕੁੱਲ ਗਿਣਤੀ 115 ਤੱਕ ਪਹੁੰਚ ਗਈ ਹੈ। ਪੰਜਾਬ ਸਰਕਾਰ ਦੇ ਹੁਕਮਾਂ ’ਤੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ |
ਇਹ ਵੀ ਪੜ੍ਹੋ : Paytm FASTag 15 ਮਾਰਚ ਤੋਂ ਹੋਣਗੇ ਬੰਦ, ਯੂਜ਼ਰਜ਼ ਨੁਕਸਾਨ ਤੋਂ ਬਚਣ ਲਈ ਕਰਨ ਇਹ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8