ਟਰੈਕਟਰ ਡਰਾਈਵਰ ਦੀ ਜ਼ਮੀਨ ਕੁਰਕੀ ਦੇ ਹੁਕਮਾਂ ''ਤੇ ਭੜਕੀਆਂ ਕਿਸਾਨ ਯੂਨੀਅਨਾਂ

Wednesday, Jan 17, 2018 - 07:11 AM (IST)

ਟਰੈਕਟਰ ਡਰਾਈਵਰ ਦੀ ਜ਼ਮੀਨ ਕੁਰਕੀ ਦੇ ਹੁਕਮਾਂ ''ਤੇ ਭੜਕੀਆਂ ਕਿਸਾਨ ਯੂਨੀਅਨਾਂ

ਸਮਾਣਾ, (ਦਰਦ, ਅਨੇਜਾ, ਅਸ਼ੋਕ)- 5 ਸਾਲ ਪਹਿਲਾਂ ਪਿੰਡ ਗਾਜੇਵਾਸ ਨੇੜੇ ਸਥਿਤ ਪਾਈਪ ਫੈਕਟਰੀ ਦੇ ਬਾਹਰ ਖੜ੍ਹੇ ਫੈਕਟਰੀ ਦੇ ਟਰੈਕਟਰ-ਟਰਾਲੀ ਨਾਲ ਵਾਪਰੇ ਹਾਦਸੇ ਦੌਰਾਨ ਮਾਰੇ ਗਏ ਵਿਅਕਤੀ ਦਾ 10.82 ਲੱਖ ਰੁਪਏ ਦਾ ਕਲੇਮ ਅਦਾਲਤ ਵੱਲੋਂ ਡਰਾਈਵਰ 'ਤੇ ਪਾਉਣ ਦੇ ਹੁਕਮਾਂ ਤੋਂ ਬਾਅਦ ਕਿਸਾਨ ਯੂਨੀਅਨਾਂ ਭੜਕ ਉਠੀਆਂ ਹਨ। ਫੈਕਟਰੀ ਮਾਲਕਾਂ ਵੱਲੋਂ ਕਲੇਮ ਦੀ ਰਕਮ ਨਾ ਭਰਨ ਕਾਰਨ ਭਾਰਤੀ ਕਿਸਾਨ ਯੂਨੀਅਨਾਂ ਵੱਲੋਂ ਸਮਾਣਾ-ਭਵਾਨੀਗੜ੍ਹ ਸੜਕ 'ਤੇ ਪਿੰਡ ਗਾਜੇਵਾਸ ਵਿਚ ਉਕਤ ਪਾਈਪ ਫੈਕਟਰੀ ਦੇ ਅੱਗੇ ਧਰਨਾ ਲਾ ਕੇ ਰਸਤਾ ਜਾਮ ਕਰ ਦਿੱਤਾ ਗਿਆ। ਸੜਕ 'ਤੇ ਆਵਾਜਾਈ ਰੋਕ ਕੇ ਫੈਕਟਰੀ ਮਾਲਕਾਂ ਖਿਲਾਫ ਰੋਸ ਪ੍ਰਗਟ ਕੀਤਾ। ਰਸਤਾ ਜਾਮ ਤੋਂ ਬਾਅਦ ਸੂਚਨਾ ਮਿਲਣ 'ਤੇ ਪੁੱਜੇ ਸਦਰ ਥਾਣਾ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਫੈਕਟਰੀ ਮਾਲਕਾਂ ਨੂੰ ਬੁੱਧਵਾਰ ਨੂੰ ਗੱਲਬਾਤ ਲਈ ਥਾਣੇ ਬੁਲਾਉਣ ਦੇ ਭਰੋਸੇ 'ਤੇ ਕਿਸਾਨ ਯੂਨੀਅਨ ਵੱਲੋਂ ਧਰਨਾ ਚੁੱਕਿਆ ਗਿਆ।
ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇਤਾ ਸੁਖਵਿੰਦਰ ਸਿੰਘ ਤੁਲੇਵਾਲ, ਲੱਖੋਵਾਲ ਯੂਨੀਅਨ ਦੇ ਦਲਜੀਤ ਸਿੰਘ ਚੱਕ ਅਤੇ ਡਕੌਂਦਾ ਗਰੁੱਪ ਦੇ ਲਾਭ ਸਿੰਘ ਗਾਜੇਵਾਸ ਨੇ ਦੱਸਿਆ ਕਿ 2013 ਵਿਚ ਗਾਜੇਵਾਸ ਸਥਿਤ ਉਕਤ ਪਾਈਪ ਫੈਕਟਰੀ ਦੇ ਬਾਹਰ ਖੜ੍ਹੇ ਫੈਕਟਰੀ ਦੇ ਟਰੈਕਟਰ-ਟਰਾਲੀ ਨਾਲ ਵਾਪਰੇ ਹਾਦਸੇ ਵਿਚ ਪਿੰਡ ਤਰੈਂ ਨਿਵਾਸੀ ਜਰਨੈਲ ਸਿੰਘ ਦੀ ਮੌਤ ਹੋ ਗਈ ਸੀ। ਪੁਲਸ ਵੱਲੋਂ ਟਰੈਕਟਰ ਦੇ ਡਰਾਈਵਰ ਜਗਤਾਰ ਸਿੰਘ ਪਿੰਡ ਗਾਜੇਵਾਸ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਵਿਚ ਚੱਲੇ ਕੇਸ ਤੋਂ ਬਾਅਦ ਡਰਾਈਵਰ ਜਗਤਾਰ ਸਿੰਘ ਨੂੰ ਅਦਾਲਤ ਵੱਲੋਂ 10.82 ਲੱਖ ਰੁਪਏ ਦਾ ਕਲੇਮ ਭਰਨ ਦਾ ਹੁਕਮ ਦਿੱਤਾ। 
ਯੂਨੀਅਨ ਨੇਤਾਵਾਂ ਅਨੁਸਾਰ ਵਾਅਦੇ ਮੁਤਾਬਕ ਫੈਕਟਰੀ ਮਾਲਕਾਂ ਵੱਲੋਂ ਉਕਤ ਡਰਾਈਵਰ 'ਤੇ ਪਿਆ ਕਲੇਮ ਨਾ ਭਰਨ ਕਾਰਨ ਅਦਾਲਤ ਵੱਲੋਂ ਜਗਤਾਰ ਸਿੰਘ ਦੀ 2 ਏਕੜ ਜ਼ਮੀਨ ਦੀ ਕੁਰਕੀ ਦੇ ਹੁਕਮ ਦਿੱਤੇ ਗਏ। ਯੂਨੀਅਨ ਨੇਤਾਵਾਂ ਨੇ ਡਰਾਈਵਰ 'ਤੇ ਅਦਾਲਤ ਵੱਲੋਂ ਮ੍ਰਿਤਕ ਵਿਅਕਤੀ ਦਾ 10.82 ਲੱਖ ਰੁਪਏ ਦਾ ਕਲੇਮ ਫੈਕਟਰੀ ਮਾਲਕਾਂ ਨੂੰ ਭਰਨ ਦੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਫੈਕਟਰੀ ਵੱਲੋਂ ਕਲੇਮ ਨਾ ਭਰਨ 'ਤੇ ਉਹ ਫੈਕਟਰੀ 'ਤੇ ਕਬਜ਼ਾ ਕਰ ਸਕਦੇ ਹਨ। 


Related News