ਆੜ੍ਹਤੀਆਂ ਦੀ ਕਰਤੂਤ ਨਾ ਸਹਾਰ ਸਕਿਆ ਕਿਸਾਨ, ਜ਼ਹਿਰੀਲੀ ਦਵਾਈ ਪੀ ਕੇ ਗਲ਼ ਲਾਈ ਮੌਤ
Saturday, Oct 28, 2023 - 05:28 PM (IST)
ਫਿਰੋਜ਼ਪੁਰ (ਕੁਮਾਰ) : ਫਿਰੋਜ਼ਪੁਰ ਦੇ ਪਿੰਡ ਬਸਤੀ ਗੁਲਾਬ ਸਿੰਘ ਵਾਲੀ ਦਾਖ਼ਲੀ ਮਮਦੋਟ ਦੇ ਇੱਕ ਕਿਸਾਨ ਹੀਰਾ ਸਿੰਘ ਨੇ ਜ਼ਹਿਰੀਲੀ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਕਿਸਾਨ ਦੇ ਮੁੰਡੇ ਹਰਦੇਵ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਇਲਜ਼ਾਮ ਲਗਾਇਆ ਹੈ ਕਿ ਆੜ੍ਹਤੀਆਂ ਦਾ ਸਾਰਾ ਹਿਸਾਬ ਕਿਤਾਬ ਕਲੀਅਰ ਕਰਨ ਦੇ ਬਾਵਜੂਦ ਆੜ੍ਹਤੀਆਂ ਨੇ ਉਸ ਦੇ ਪਿਤਾ ਤੋਂ ਲਏ ਖ਼ਾਲੀ ਚੈੱਕ ਵਾਪਸ ਨਹੀਂ ਕੀਤੇ। ਆੜ੍ਹਤੀਆਂ ਨੇ ਇੱਕ ਚੈੱਕ ਭੁਪਿੰਦਰ ਸਿੰਘ ਉਰਫ਼ ਰਾਣਾ ਨੂੰ ਦਿੱਤਾ, ਜਿਸ ਨੇ 14 ਲੱਖ ਰੁਪਏ ਦਾ ਚੈੱਕ ਭਰ ਕੇ ਅਦਾਲਤ ਵਿੱਚ ਲਗਾ ਦਿੱਤਾ, ਜਿਸ ਕਾਰਨ ਕਿਸਾਨ ਨੇ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੂੰ ਲੈ ਕੇ ਵੱਡੀ ਖ਼ਬਰ, ਹੋਰ ਵਧੀਆਂ ਵਿਧਾਇਕ ਦੀਆਂ ਮੁਸ਼ਕਲਾਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਮਦੋਟ ਦੇ ਏ.ਐੱਸ.ਆਈ ਜਸਪਾਲ ਚੰਦ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਦੇਵ ਸਿੰਘ ਪੁੱਤਰ ਹੀਰਾ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਸੁਰਿੰਦਰ ਨਾਰੰਗ ਉਰਫ਼ ਸੰਤਾ, ਸਤਪਾਲ ਨਾਰੰਗ ਅਤੇ ਭੁਪਿੰਦਰ ਸਿੰਘ ਉਰਫ਼ ਰਾਣਾ ਵਾਸੀ ਨਵਾਂ ਦੇ ਖ਼ਿਲਾਫ਼ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦੇ ਪਿਤਾ ਹੀਰਾ ਸਿੰਘ ਦੀ ਮਮਦੋਟ ’ਚ 4 ਏਕੜ ਜ਼ਮੀਨ ਹੈ ਅਤੇ ਕਰੀਬ 10 ਸਾਲ ਪਹਿਲਾਂ ਸੁਰਿੰਦਰ ਨਾਰੰਗ ਨੇ ਮਮਦੋਟ ’ਚ ਲਕਸ਼ਮੀ ਕਮਿਸ਼ਨ ਏਜੰਟ ਦੇ ਨਾਂ ’ਤੇ ਆੜ੍ਹਤ ਕੀਤੀ ਸੀ। ਸ਼ਿਕਾਇਤਕਰਤਾ ਦਾ ਪਿਤਾ ਆਪਣੀ ਫ਼ਸਲ ਉਨ੍ਹਾਂ ਦੀ ਫਰਮ ’ਤੇ ਵੇਚਦਾ ਸੀ ਅਤੇ ਉਨ੍ਹਾਂ ਨਾਲ ਪੈਸਿਆਂ ਦਾ ਲੈਣ-ਦੇਣ ਕਰਦਾ ਸੀ।
ਇਹ ਵੀ ਪੜ੍ਹੋ : ਪਹਿਲਾਂ ਰੋਲ਼ੀ ਕੁੜੀ ਦੀ ਪੱਤ, ਫਿਰ ਬਣਾਈ ਵੀਡੀਓ, ਹੁਣ ਅਮਰੀਕਾ ਪਹੁੰਚ ਕਰ 'ਤਾ ਇੱਕ ਹੋਰ ਕਾਂਡ
ਸ਼ਿਕਾਇਤਕਰਤਾ ਅਨੁਸਾਰ ਸੁਰਿੰਦਰ ਨਾਰੰਗ ਨੇ ਬਤੌਰ ਪੇਸ਼ਬੰਦੀ ਉਸਦੇ ਪਿਤਾ ਹੀਰਾ ਸਿੰਘ ਤੋਂ ਐੱਚਡੀਐੱਫਸੀ ਬੈਂਕ ਮਮਦੋਟ ਦੇ ਖ਼ਾਲੀ ਚੈਕ ’ਤੇ ਦਸਤਖ਼ਤ ਕਰਵਾ ਕੇ ਆਪਣੇ ਕੋਲ ਰੱਖ ਲਏ ਸਨ ਅਤੇ ਕਿਹਾ ਸੀ ਕਿ ਪੈਸੇ ਦਾ ਲੈਣ-ਦੇਣ ਕਲੀਅਰ ਹੋਣ ’ਤੇ ਉਹ ਇਹ ਚੈੱਕ ਵਾਪਸ ਕਰ ਦੇਵੇਗਾ। ਸ਼ਿਕਾਇਤਕਰਤਾ ਅਨੁਸਾਰ ਇਨ੍ਹਾਂ ਆੜ੍ਹਤੀਆਂ ਨਾਲ ਕਰੀਬ 5 ਸਾਲ ਪਹਿਲਾਂ ਆੜ੍ਹਤ ਦਾ ਸਾਰਾ ਹਿਸਾਬ ਕਿਤਾਬ ਕਲੀਅਰ ਹੋ ਗਿਆ ਸੀ ਪਰ ਨਾਮਜ਼ਦ ਆੜ੍ਹਤੀ ਉਸ ਦੇ ਪਿਤਾ ਨੂੰ ਚੈੱਕ ਵਾਪਸ ਨਹੀਂ ਕਰ ਰਹੇ ਸਨ। ਇਨ੍ਹਾਂ ਆੜ੍ਹਤੀਆਂ ਨੇ ਇਹ ਚੈੱਕ ਭੁਪਿੰਦਰ ਸਿੰਘ ਉਰਫ਼ ਰਾਣਾ ਨੂੰ ਦੇ ਦਿੱਤੇ। ਸ਼ਿਕਾਇਤਕਰਤਾ ਦੇ ਪਿਤਾ ਕੁਝ ਦਿਨ ਪਹਿਲਾਂ ਇਨ੍ਹਾਂ ਆੜਤੀਆਂ ਤੋਂ ਚੈੱਕ ਲੈਣ ਗਿਆ ਤਾਂ ਇਨ੍ਹਾਂ ਸਾਰਿਆਂ ਨੇ ਹੀਰਾ ਸਿੰਘ ਨੂੰ ਕਾਫ਼ੀ ਜ਼ਲੀਲ ਕੀਤਾ। ਇੱਕ ਖ਼ਾਲੀ ਚੈੱਕ ’ਤੇ 14 ਲੱਖ ਰੁਪਏ ਦੀ ਰਕਮ ਭਰ ਕੇ ਫਿਰੋਜ਼ਪੁਰ ਦੀ ਅਦਾਲਤ ਵਿੱਚ ਚੈੱਕ ਲਗਾ ਦਿੱਤਾ ਜਿਸਦਾ ਸੰਮਨ ਆਉਣ ’ਤੇ ਉਸ ਦੇ ਪਿਤਾ ਨੂੰ ਸਦਮਾ ਲੱਗਾ। ਸਦਮਾ ਨਾ ਸਹਾਰਦਿਆਂ ਉਸ ਨੇ ਕੋਈ ਜ਼ਹਿਰੀਲੀ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ। ਏ.ਐੱਸ.ਆਈ. ਜਸਪਾਲ ਚੰਦ ਨੇ ਦੱਸਿਆ ਕਿ ਪੁਲਸ ਵੱਲੋਂ ਤਿੰਨਾਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਪਾ ਸੈਂਟਰ ਦੀ ਆੜ ’ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ 4 ਕੁੜੀਆਂ ਨੂੰ ਕੀਤਾ ਰੈਸਕਿਊ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8