16 ਦਿਨਾਂ ਤੋਂ ਲਾਪਤਾ ਫੌਜੀ ਦੇ ਪਰਿਵਾਰ ਦਾ ਰੋ-ਰੋ ਕੇ ਹੋਇਆ ਬੁਰਾ ਹਾਲ, ਪ੍ਰਸ਼ਾਸਨ ਨੇ ਨਹੀਂ ਲਈ ਸਾਰ
Friday, Aug 07, 2020 - 07:10 PM (IST)
ਬਰਨਾਲਾ(ਪੁਨੀਤ ਮਾਨ) - ਬਰਨਾਲਾ ਜ਼ਿਲ੍ਹੇ ਦੇ ਪਿੰਡ ਦਾ 20 ਸਾਲਾ ਜਵਾਨ ਸਤਵਿੰਦਰ ਸਿੰਘ 22 ਜੁਲਾਈ ਨੂੰ ਅਰੁਣਾਚਲ ਪ੍ਰਦੇਸ਼ ਚੀਨ ਦੀ ਸਰਹੱਦ 'ਤੇ ਲੱਕੜ ਦੇ ਪੁਲ ਤੋਂ ਡਿੱਗਣ ਕਾਰਨ ਲਾਪਤਾ ਹੋ ਗਿਆ। ਇਸ ਘਟਨਾ ਨੂੰ 16 ਦਿਨ ਬੀਤ ਚੁੱਕੇ ਹਨ। ਲਾਪਤਾ ਸਤਵਿੰਦਰ ਦੇ ਪਰਿਵਾਰ ਵਾਲਿਆਂ ਨੂੰ ਫੌਜ ਦੇ ਸੂਬੇਦਾਰ ਤੋਂ ਫੋਨ 'ਤੇ ਸਿਰਫ ਇੰਨਾ ਹੀ ਪਤਾ ਚੱਲਿਆ ਹੈ ਕਿ ਉਸ ਦਾ ਪਿੱਠੂ ਕਿੱਟ ਬੈਗ ਮਿਲ ਗਿਆ ਹੈ। ਗਰੀਬ ਅਤੇ ਦਿਹਾੜੀਦਾਰ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਸਤਵਿੰਦਰ ਸਿੰਘ ਡੇਢ ਸਾਲ ਪਹਿਲਾਂ ਹੀ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ।
ਸਤਵਿੰਦਰ ਸਿੰਘ ਦੇ ਪਿੰਡ ਦਾ ਹਾਲ
ਬਰਨਾਲਾ ਜ਼ਿਲ੍ਹੇ ਦਾ ਕੁਤਬਾ ਪਿੰਡ ਇੱਕ ਇਤਿਹਾਸਕ ਪਿੰਡ ਹੈ। ਇਹ ਉਹ ਧਰਤੀ ਹੈ ਜਿਹੜੀ ਕਿ ਮਹਾਨ ਘੱਲੂਘਾਰੇ ਦੇ ਤਕਰੀਬਨ ਪੈਂਤੀ ਹਜ਼ਾਰ ਸ਼ਹੀਦਾਂ ਦੇ ਲਹੂ ਨਾਲ ਸਿੰਜਾਈ ਗਈ ਹੈ। ਇਸ ਜਗ੍ਹਾ 'ਤੇ ਅਹਿਮਦ ਸ਼ਾਹ ਅਬਦਾਲੀ ਅਤੇ ਸਿੰਘ ਫੌਜਾਂ ਵਿਚਕਾਰ ਭਿਆਨਕ ਯੁੱਧ ਹੋਇਆ। ਹਰ ਸਾਲ ਫਰਵਰੀ ਮਹੀਨੇ ਵਿਚ ਸ਼ਹੀਦਾਂ ਦੀ ਯਾਦ ਵਿਚ ਇਥੇ ਇਕ ਵੱਡਾ ਮੇਲਾ ਲਗਾਇਆ ਜਾਂਦਾ ਹੈ। ਇਸ ਮੌਕੇ ਕਈ ਮਹਾਨ ਹਸਤੀਆਂ ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਤੱਕ ਇਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚਦੇ ਹਨ। ਇਸਦਾ ਅਰਥ ਇਹ ਹੈ ਕਿ ਕੁਤਬਾ ਪਿੰਡ ਪ੍ਰਸ਼ਾਸਕੀ ਅਤੇ ਰਾਜਨੀਤਿਕ ਖੇਤਰ ਵਿਚ ਇੱਕ ਵਿਸ਼ੇਸ਼ ਪਛਾਣ ਰੱਖਦਾ ਹੈ। ਪੰਦਰਵਾੜੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕੋਈ ਵੀ ਰਾਜਨੀਤਿਕ ਨੇਤਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਗੁੰਮ ਹੋਏ ਫੌਜੀ ਸਤਵਿੰਦਰ ਸਿੰਘ ਦੇ ਪਰਿਵਾਰ ਦੀ ਦੁਰਦਸ਼ਾ ਬਾਰੇ ਪੁੱਛਗਿੱਛ ਕਰਨ ਨਹੀਂ ਆਇਆ।
ਸਤਵਿੰਦਰ ਸਿੰਘ ਨੂੰ ਅੱਜ ਲਾਪਤਾ ਹੋਇਆ 16 ਦਿਨ ਹੋ ਗਏ ਹਨ। ਪੂਰਾ ਪਿੰਡ ਸਤਵਿੰਦਰ ਸਿੰਘ ਦਾ ਇੰਤਜ਼ਾਰ ਕਰ ਰਿਹਾ ਹੈ। ਜੇਕਰ ਅਸੀਂ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਵਿਚ ਕਈ ਦਿਨਾਂ ਤੋਂ ਸੁੰਨਸਾਨ ਪਸਰੀ ਹੋਈ ਹੈ। ਪਿੰਡ ਦੀ ਹਰ ਗਲੀ-ਮੋੜ 'ਤੇ ਉਜਾੜ ਪ੍ਰਤੀਤ ਹੁੰਦੀ ਹੈ। ਸਤਵਿੰਦਰ ਸਿੰਘ ਦੇ ਪਰਿਵਾਰ ਵਾਲਿਆਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ, ਘਰ ਦਾ ਚੁੱਲ੍ਹਾ ਠੰਡਾ ਹੋ ਚੁੱਕਾ ਹੈ। ਗੁਆਂਢੀ ਉਸ ਦੇ ਪਰਿਵਾਰ ਵਾਲਿਆਂ ਨੂੰ ਸੰਭਾਲ ਰਹੇ ਹਨ। ਪਰਿਵਾਰ ਆਪਣੇ ਨੌਜਵਾਨ ਬੇਟੇ ਦੀਆਂ ਤਸਵੀਰਾਂ ਵੇਖ-ਵੇਖ ਕੇ ਬੇਹਾਲ ਹੈ। ਸਤਵਿੰਦਰ ਸਿੰਘ ਦੇ ਆਣ ਦੀ ਖ਼ਬਰ ਦੀ ਉਡੀਕ 'ਚ ਭਾਰਤੀ ਫੌਜ ਦੇ ਫੋਨ ਦਾ ਇੰਤਜ਼ਾਰ ਕਰਦੇ ਦਰਵਾਜ਼ੇ ਵੱਲ ਨਜ਼ਰਾ ਟਿਕਾਏ ਬੈਠਾ ਹੈ।
ਪਿਤਾ ਦੇ ਹੁੰਝੂ ਨਹੀਂ ਰੁਕ ਰਹੇ
ਲਾਪਤਾ ਜਵਾਨ ਸਤਵਿੰਦਰ ਸਿੰਘ ਦਾ ਭਰਾ ਮਨਜਿੰਦਰ ਸਿੰਘ ਅਤੇ ਉਸ ਦੇ ਪਿਤਾ ਅਮਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਆਰਮੀ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਸਤਵਿੰਦਰ ਸਿੰਘ ਦਾ ਪਿੱਠੂ ਕਿੱਟ ਵਾਲਾ ਬੈਗ ਮਿਲਿਆ ਹੈ ਅਤੇ ਜਲਦੀ ਹੀ ਸਤਵਿੰਦਰ ਸਿੰਘ ਵੀ ਉਥੇ ਮਿਲ ਜਾਵੇਗਾ। ਖਬਰ ਸੁਨਣ ਤੋਂ ਬਾਅਦ ਤੋਂ ਹੀ ਸਤਵਿੰਦਰ ਸਿੰਘ ਦੇ ਪਿਤਾ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। ਰੋਂਦੇ ਹੋਏ ਉਸ ਦੇ ਪਿਤਾ ਨੇ ਕਿਹਾ,“ਅਸੀਂ ਆਪਣੇ ਪੁੱਤਰ ਨੂੰ ਦੇਸ਼ ਦੇ ਨਾਮ ਕੀਤਾ ਪਰ ਅੱਜ ਉਨ੍ਹਾਂ ਦੇ ਬੇਟੇ ਦਾ ਕੁਝ ਪਤਾ ਨਹੀਂ ਚਲ ਰਿਹਾ ਸਾਨੂੰ ਕਰਨਾ ਚਾਹੀਦਾ ਹੈ ਅਤੇ ਨਾ ਹੀ ਕੋਈ ਵੀ ਸਾਡਾ ਸਾਥ ਦੇ ਰਿਹਾ ਹੈ। ਸਾਡਾ ਬੇਟਾ ਸਾਨੂੰ ਸਹੀ ਸਲਾਮਤ ਸੌਂਪ ਦਿੱਤਾ ਜਾਵੇ, ਅਸੀਂ ਗਰੀਬ ਲੋਕ ਹਾਂ। ਉਸ ਨੂੰ ਬਹੁਤ ਮੁਸ਼ਕਲ ਨਾਲ ਭਰਤੀ ਕਰਵਾਇਆ ਸੀ, ਪਰ ਅੱਜ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੈ।
ਸਤਵਿੰਦਰ ਦੀ ਆਵਾਜ਼ ਸੁਨਣ ਨੂੰ ਤਰਸ ਰਹੀ ਮਾਂ
ਨੌਜਵਾਨ ਸਤਵਿੰਦਰ ਸਿੰਘ ਦੀ ਮਾਂ ਦੀਆਂ ਅੱਖਾਂ ਆਪਣੇ ਬੇਟੇ ਨੂੰ ਵੇਖਣ ਲਈ ਤਰਸ ਰਹੀਆਂ ਹਨ ਅਤੇ ਉਸਦੀ ਆਵਾਜ਼ ਸੁਣਨ ਲਈ ਉਸਦੀ ਫੋਟੋ ਨੂੰ ਵੇਖਦਿਆਂ ਦਿਨ ਬਤੀਤ ਹੋ ਰਹੇ ਹਨ। ਜਦੋਂ ਉਸਦੀ ਮਾਂ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਅੱਜ 16 ਦਿਨ ਹੋ ਗਏ ਹਨ ਜਦੋਂ ਵੀ ਕਾਲ ਆਉਂਦੀ ਹੈ, ਤਾਂ ਇਹ ਹੀ ਆਸ ਜਗਦੀ ਹੈ ਕਿ ਕੋਈ ਖੁਸ਼ੀ ਦਾ ਸੰਦੇਸ਼ ਆ ਜਾਏ। ਉਸਦੇ ਬੇਟੇ ਦਾ ਬੈਗ ਮਿਲਣ ਤੋਂ ਬਾਅਦ, ਮਾਂ ਉਮੀਦ ਕਰਦੀ ਹੈ ਕਿ ਉਸਦਾ ਬੇਟਾ ਸੁਰੱਖਿਅਤ ਹੈ ਅਤੇ ਜਲਦੀ ਵਾਪਸ ਆ ਜਾਵੇਗਾ। ਉਸੇ ਉਮੀਦ ਵਿਚ ਮਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ।
ਪਿੰਡ ਵਾਸੀਆਂ ਨੇ ਵੀ ਇਸ ਪਰਿਵਾਰ ਦਾ ਸਾਥ ਅਤੇ ਸਹਾਇਤਾ ਕੀਤੀ ਹੈ। ਉਹ ਦਿਨ ਰਾਤ ਉਸ ਦੇ ਪਰਿਵਾਰ ਵਾਲਿਆਂ ਨਾਲ ਰਹਿੰਦੇ ਹਨ ਅਤੇ ਪਰਿਵਾਰ ਨੂੰ ਜੋ ਵੀ ਚਾਹੀਦਾ ਹੈ, ਉਹ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੰਡ ਵਾਸੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਿਵਾਰ ਭਾਰਤੀ ਫੌਜ ਨਾਲ ਨਿਰੰਤਰ ਗੱਲ ਕਰ ਰਿਹਾ ਹੈ। ਪਰਿਵਾਰ ਨੂੰ ਜੋ ਵੀ ਖ਼ਬਰਾਂ ਆਉਂਦੀਆਂ ਉਹ ਮਿਲ ਰਹੀਆਂ ਹਨ। ਪਰ ਇੰਨੇ ਦਿਨਾਂ ਬਾਅਦ ਵੀ ਕਿਸੇ ਨੇ ਵੀ ਇਸ ਪਰਿਵਾਰ ਦਾ ਸਹਿਯੋਗ ਨਹੀਂ ਕੀਤਾ ਅਤੇ ਨਾ ਹੀ ਉਸ ਦੇ ਪਰਿਵਾਰ ਦੀ ਸਥਿਤੀ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ। ਰਾਜਨੀਤਿਕ ਪ੍ਰਸ਼ਾਸਨ ਨੇ ਵੀ ਫੌਜੀ ਦੇ ਪਰਿਵਾਰ ਨੂੰ ਨਹੀਂ ਪੁੱਛਿਆ।