ਸ਼ਿਵ ਸੈਨਾ ਆਗੂ ਸੁਧੀਰ ਸੂਰੀ ਕਤਲ ਕਾਂਡ : ਪਰਿਵਾਰ ਨੇ ਪਹਿਲਾਂ ਸਸਕਾਰ ਤੋਂ ਕੀਤਾ ਇਨਕਾਰ, ਫਿਰ ਦਿੱਤੀ ਸਹਿਮਤੀ
Sunday, Nov 06, 2022 - 11:12 AM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ) : ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਸਸਕਾਰ ਨੂੰ ਲੈ ਕੇ ਇਕ ਵਾਰ ਫਿਰ ਵਿਵਾਦ ਖੜ੍ਹ ਹੋ ਗਿਆ ਹੈ। ਦਰਅਸਲ ਸ਼ਨੀਵਾਰ ਨੂੰ ਪਰਿਵਾਰ ਅਤੇ ਪ੍ਰਸ਼ਾਸਨ ਦੀ ਸੂਰੀ ਦੇ ਸਸਕਾਰ ਨੂੰ ਲੈ ਕੇ ਸਹਿਮਤੀ ਬਣ ਗਈ ਸੀ, ਜਿਸ ਦੇ ਚੱਲਦੇ ਅੱਜ 12 ਵਜੇ ਸੂਰੀ ਦੇ ਸਸਕਾਰ ਕੀਤਾ ਜਾਣ ਸੀ। ਇਸ ਦਰਮਿਆਨ ਸੂਰੀ ਦੇ ਪਰਵਿਾਰ ਅਤੇ ਸਮਰਥਕਾਂ ਨੇ ਉਨ੍ਹਾਂ ਦੇ ਸਸਕਾਰ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਹੈ ਕਿ ਜਦੋਂ ਤਕ ਪੁਲਸ ਅਤੇ ਪ੍ਰਸ਼ਾਸਨ ਵਲੋਂ ਨਜ਼ਰਬੰਦ ਕੀਤੇ ਗਏ ਸ਼ਿਵ ਸੈਨਾ ਆਗੂਆਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਉਦੋਂ ਤਕ ਸੁਧੀਰ ਸੂਰੀ ਦਾ ਸਸਕਾਰ ਨਹੀਂ ਕੀਤਾ ਜਾਵੇਗਾ। ਹਾਲਾਂਕਿ ਪ੍ਰਸ਼ਾਸਨ ਵਲੋਂ ਪਰਿਵਾਰ ਦੀ ਇਹ ਮੰਨ ਵੀ ਪ੍ਰਵਾਨ ਕਰ ਲਈ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਸੂਰੀ ਦੇ ਸਸਕਾਰ ਲਈ ਫਿਰ ਸਹਿਮਤੀ ਦੇ ਦਿੱਤੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲਸ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ਿਵ ਸੈਨਾ ਆਗੂਆਂ ਅਤੇ ਸੂਰੀ ਦੇ ਸਮਰਥਕਾਂ ਨੂੰ ਨਜ਼ਰਬੰਦ ਕੀਤਾ ਹੋਇਆ, ਪਹਿਲਾਂ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ ਫਿਰ ਸੁਧੀਰ ਸੂਰੀ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਨਜ਼ਰਬੰਦ ਕੀਤੇ ਜਾਣ ’ਤੇ ਬੋਲੇ ਅੰਮ੍ਰਿਤਪਾਲ ਸਿੰਘ, ਸੁਧੀਰ ਸੂਰੀ ਦੇ ਕਾਤਲ ਸੰਦੀਪ ਸੰਨੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਡੀ. ਸੀ. ਦੀ ਭਰੋਸੇ ਮਗਰੋਂ ਸਸਕਾਰ ਲਈ ਰਾਜ਼ੀ ਹੋਇਆ ਸੀ ਪਰਿਵਾਰ
ਸੁਧੀਰ ਸੂਰੀ ਕਤਲ ਕਾਂਡ ਤੋਂ ਬਾਅਦ ਸੂਰੀ ਦੀ ਮ੍ਰਿਤਕ ਦੇਹ ਦੇ ਪੋਸਟਮਾਰਟਮ ਨੂੰ ਲੈ ਕੇ ਰੇਲਵੇ ਟਰੈਕ ਜਾਮ ਕਰਨ ਤੱਕ ਮਾਹੌਲ ਤਣਾਅਪੂਰਨ ਬਣਿਆ ਰਿਹਾ ਪਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਵਲੋਂ ਸ਼ਾਮ 5 ਵਜੇ ਤੋਂ ਬਾਅਦ ਸੂਰੀ ਪਰਿਵਾਰ ਨਾਲ ਉਨ੍ਹਾਂ ਦੇ ਘਰ ਵਿਚ ਬੈਠਕ ਕੀਤੀ ਗਈ। ਡੀ. ਸੀ. ਨੇ ਸਰਕਾਰ ਵਲੋਂ ਭਰੋਸਾ ਦਿੱਤਾ ਕਿ ਸੁਧੀਰ ਸੂਰੀ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਗਾ। ਸੂਰੀ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਦਿਵਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਸ ਕਮਿਸ਼ਨਰ ਅਰੁਣਪਾਲ ਸਿੰਘ ਵੱਲੋਂ ਸੂਰੀ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਇਸ ਕਤਲ ਵਿਚ ਅੰਮ੍ਰਿਤਪਾਲ ਸਿੰਘ ਦਾ ਨਾਂ ਸ਼ਾਮਲ ਕਰਨ ਦੀ ਸਹਿਮਤੀ ਦਿੱਤੀ ਗਈ। ਲਿਖਤੀ ਤੌਰ ’ਤੇ ਭਰੋਸਾ ਮਿਲਣ ਤੋਂ ਬਾਅਦ ਸੂਰੀ ਪਰਿਵਾਰ ਸਸਕਾਰ ਕਰਨ ਲਈ ਰਾਜ਼ੀ ਹੋ ਗਿਆ ਪਰ ਸੂਰਜ ਡੁੱਬਣ ਕਾਰਨ ਐਤਵਾਰ ਨੂੰ 12 ਵਜੇ ਦਾ ਸਮਾਂ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਸੁਧੀਰ ਸੂਰੀ ਨੂੰ ਕਤਲ ਕਰਨ ਵਾਲੇ ਸੰਦੀਪ ਸੰਨੀ ਦੀ ਅੰਮ੍ਰਿਤਪਾਲ ਸਿੰਘ ਨਾਲ ਵੀਡੀਓ ਹੋਈ ਵਾਇਰਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।