ਫਰਜ਼ੀ ਏਜੰਟ ਦਾ ਸ਼ਿਕਾਰ ਹੋ ਕੇ ਦੁਬਈ ਗਈ ਸਿਮਰਜੀਤ ਕੌਰ ਚਾਰ ਦਿਨਾਂ ’ਚ ਸਰਕਾਰੀ ਖਰਚੇ ’ਤੇ ਮੁਡ਼ ਘਰ ਪਰਤੀ
Monday, Jul 30, 2018 - 01:59 AM (IST)

ਤਰਨਤਾਰਨ, (ਰਮਨ)- ਵਿਦੇਸ਼ਾਂ ਵਿਚ ਰਹਿੰਦੀਆਂ ਲਡ਼ਕੀਆਂ ਦੀ ਜ਼ਿੰਦਗੀ ਖਤਰੇ ਵਿਚ ਹੈ ਅਤੇ ਭਾਰਤ ਸਰਕਾਰ ਉਨ੍ਹਾਂ ਨੂੰ ਜਲਦ ਤੋਂ ਜਲਦ ਵਾਪਸ ਲਿਆਉਣ ਦੇ ਠੋਸ ਕਦਮ ਚੁੱਕੇ। ਇਹ ਪ੍ਰਗਟਾਵਾ ਕੁੱਝ ਦਿਨ ਪਹਿਲਾਂ ਦੁਬਈ ਗਈ ਸਿਮਰਜੀਤ ਕੌਰ (19) ਨੇ ਮੁਡ਼ ਆਪਣੇ ਵਤਨ ਘਰ ਪਰਤਣ ਮੌਕੇ ਕੀਤਾ। ਜ਼ਿਕਰਯੋਗ ਹੈ ਕਿ ਫਰਜ਼ੀ ਏਜੰਟ ਦੇ ਹੱਥੇ ਚਡ਼੍ਹੀ ਸਿਮਰਜੀਤ ਕੌਰ ਨੂੰ ਦੁਬਈ ਦੇ ਸ਼ੇਖ ਵੱਲੋਂ ਤਸੀਹੇ ਦੇਣ ਅਤੇ ਤੰਗ-ਪ੍ਰੇਸ਼ਾਨ ਕੀਤਾ ਜਾਂਦਾ ਰਿਹਾ, ਜਿਸ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਖਲ ਦੇਣ ਉਪਰੰਤ ਪੀਡ਼ਤ ਲਡ਼ਕੀ ਅੱਜ ਆਪਣੇ ਘਰ ਪਰਤ ਆਈ ਹੈ। ਇਸ ਸਬੰਧੀ ਥਾਣਾ ਸਦਰ ਵਿਖੇ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਗਰੀਬ ਘਰ ਨਾਲ ਸਬੰਧਤ ਹੈ ਪੀਡ਼ਤ
19 ਸਾਲ ਦੀ ਸਿਮਰਜੀਤ ਕੌਰ ਪੁੱਤਰੀ ਮੇਜਰ ਸਿੰਘ ਵਾਸੀ ਪਿੰਡ ਪੰਡੋਰੀ ਗੋਲਾ ਹਾਲ ਵਾਸੀ ਗੁਰੂ ਕਾ ਖੂਹ ਤਰਨਤਾਰਨ ਦੀਆਂ ਦੋ ਭੈਣਾਂ ਅਤੇ ਇਕ ਭਰਾ ਵਿਆਹੇ ਹਨ ਅਤੇ ਉਹ ਮਾਤਾ ਸਵਿੰਦਰ ਕੌਰ ਨਾਲ ਰਹਿੰਦੀ ਹੈ। ਉਸ ਨੇ ਪਡ਼੍ਹਾਈ ਤਾਂ ਨਹੀਂ ਕੀਤੀ ਪਰ ਉਹ ਆਪਣੇ ਗਰੀਬ ਪਰਿਵਾਰ ਦੀ ਮਦਦ ਲਈ ਵਿਦੇਸ਼ ਜਾ ਕੇ ਮਿਹਨਤ ਕਰਨਾ ਚਾਹੁੰਦੀ ਸੀ।
ਕਿਸ ਏਜੰਟ ਨੇ ਅਤੇ ਕਿਸ ਤਰ੍ਹਾਂ ਭੇਜਿਆ ਸਿਮਰਜੀਤ ਨੂੰ ਦੁਬਈ
ਪਿੰਡ ਪੰਡੋਰੀ ਗੋਲਾ ਦੀ ਰਹਿਣ ਵਾਲੀ ਗੁਰਜੀਤ ਕੌਰ ਪਤਨੀ ਕੁਲਵਿੰਦਰ ਸਿੰਘ ਜੋ ਲਡ਼ਕੀਆਂ ਨੂੰ ਅਕਸਰ ਵਿਦੇਸ਼ਾਂ ਵਿਚ ਭੇਜਣ ਅਤੇ ਏਜੰਟਾਂ ਨਾਲ ਸੰਪਰਕ ਕਰਵਾਉਣ ਦਾ ਕੰਮ ਕਰਦੀ ਹੈ, ਨੇ ਸਿਮਰਜੀਤ ਕੌਰ ਨੂੰ ਦੁਬਈ ਵਿਚ ਕਿਸੇ ਪਰਿਵਾਰ ਦੇ ਘਰ ਦੇਖ-ਰੇਖ ਦੇ ਕੰਮ ਦਾ ਜ਼ਿੰਮਾ ਲੈਂਦੇ ਹੋਏ ਏਜੰਟ ਇਬਰਾਹਿਮ ਪਾਲਮ ਨਿਵਾਸੀ ਕੇਰਲਾ ਹਾਲ ਵਾਸੀ ਦੁਬਈ ਨਾਲ ਸਥਾਨਕ ਗਿਆਨ ਢਾਬੇ ’ਤੇ 16 ਦਿਨ ਪਹਿਲਾਂ ਮਿਲਾਇਆ, ਜਿਸ ਨੂੰ ਸਿਮਰਜੀਤ ਕੌਰ ਦੀ ਮਾਤਾ ਸਵਿੰਦਰ ਕੌਰ ਨੇ ਉਨ੍ਹਾਂ ਨੂੰ ਦੁਬਈ ਜਾਣ ਲਈ ਮਾਲੀ ਸਹਾਇਤਾ ਠੀਕ ਨਾ ਹੋਣ ਦੀ ਗੱਲ ਕਹੀ, ਜਿਸ ’ਤੇ ਦੋਵਾਂ ਏਜੰਟਾਂ ਵੱਲੋਂ ਦੁਬਈ ਜਾਣ ਦਾ ਸਾਰਾ ਖਰਚਾ ਖੁਦ ਕਰਨ ਲਈ ਕਿਹਾ ਗਿਆ, ਜਿਸ ’ਤੇ ਸਿਮਰਜੀਤ ਕੌਰ ਨੂੰ 26 ਜੁਲਾਈ 2018 ਨੂੰ ਅੰਮ੍ਰਿਤਸਰ ਤੋਂ ਦੁਬਈ ਹਵਾਈ ਜਹਾਜ਼ ਰਾਹੀਂ ਭੇਜ ਦਿੱਤਾ ਗਿਆ।
ਕਮਰੇ ਵਿਚ ਬੰਦ ਕਰ ਕੇ ਕਰਦਾ ਸੀ ਮਾਨਸਿਕ ਪ੍ਰੇਸ਼ਾਨ
ਸਿਮਰਜੀਤ ਕੌਰ ਨੇ ਦੱਸਿਆ ਕਿ ਉਹ ਦੁਬਈ ਵਿਚ ਪਹੁੰਚ ਗਈ ਤਾਂ ਉਸ ਨੂੰ ਏਜੰਟ ਇਬਰਾਹਿਮ ਪਾਲਮ ਇਕ ਸ਼ੇਖ ਦੇ ਘਰ ਲੈ ਗਿਆ, ਜਿਥੇ ਕੁਝ ਬੱਚੇ ਸਨ ਜਿਨ੍ਹਾਂ ਦੀ ਦੇਖਭਾਲ ਕਰਨ ਲਈ ਉਸ ਦੀ ਡਿਊਟੀ ਲਾ ਦਿੱਤੀ ਗਈ। ਏਜੰਟ ਉਸ ਨੂੰ ਕਦੇ ਸ਼ੇਖ ਦੇ ਦਫਤਰ ਵਿਚ ਲੈ ਜਾਂਦਾ ਅਤੇ ਕਦੇ ਉਸ ਨੂੰ ਸ਼ੇਖ ਦੇ ਘਰ। ਸ਼ੇਖ ਵੱਲੋਂ ਉਸ ਨੂੰ ਕਮਰੇ ਵਿਚ ਬੰਦ ਕਰ ਕੇ ਰੱਖਿਆ ਗਿਆ ਅਤੇ ਉਸ ਨਾਲ ਸਰੀਰਕ ਤੌਰ ’ਤੇ ਛੇਡ਼-ਛਾਡ਼ ਵੀ ਕੀਤੀ ਗਈ, ਜਿਸ ਦਾ ਵਿਰੋਧ ਕਰਨ ’ਤੇ ਉਸ ਨੂੰ ਡਰਾਵੇ ਦਿੱਤੇ ਗਏ। ਸਿਮਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਦਫਤਰ ਵਿਚ ਕੁਝ ਹੋਰ ਅੋਰਤਾਂ ਵੀ ਭਾਰਤ ਤੋਂ ਲਡ਼ਕੀਅਾਂ ਮੰਗਵਾਉਣ ਦਾ ਕੰਮਕਾਰ ਕਰ ਰਹੀਆਂ ਹਨ, ਜਿਨ੍ਹਾਂ ਨੂੰ ਦੁਬਈ ਬੁਲਾ ਕੇ ਗਲਤ ਕੰਮਾਂ ਵਿਚ ਧੱਕਿਆ ਜਾ ਰਿਹਾ ਹੈ।