SHO ਦੇ ਸ਼ਾਤਿਰ ਦਿਮਾਗ ਦੇ ਜਲੰਧਰ 'ਚ ਚਰਚੇ, ਹੋਣਾ ਪਿਆ ਲਾਈਨ ਹਾਜ਼ਰ, ਜਾਣੋ ਪੂਰਾ ਮਾਮਲਾ
Friday, Sep 30, 2022 - 04:04 PM (IST)
ਜਲੰਧਰ (ਵਰੁਣ)— ਜਲੰਧਰ ਕਮਿਸ਼ਨਰੇਟ ਪੁਲਸ ਦੇ ਇਕ ਐੱਸ. ਐੱਚ. ਓ. ਦਾ ਸ਼ਾਤਿਰ ਦਿਮਾਗ ਉਸ ਨੂੰ ਹੀ ਲਾਈਨ ਹਾਜ਼ਰ ਕਰਵਾ ਗਿਆ। ਦਰਅਸਲ ਇਕ ਸਕੂਲ ’ਚੋਂ ਬੀਤੇ ਦਿਨੀਂ 36 ਲੱਖ ਰੁਪਏ ਕੈਸ਼ ਚੋਰੀ ਹੋ ਗਏ ਸਨ। ਉਹ ਚੋਰੀ ਇਕ ਬਿਜਲੀ ਮਕੈਨਿਕ ਨੇ ਕੀਤੀ ਸੀ। ਚੋਰੀ ਹੋਈ ਸਾਰੀ ਰਕਮ ਬਲੈਕ ਮਨੀ ਸੀ, ਜਿਸ ਦਾ ਪਤਾ ਐੱਸ. ਐੱਚ. ਓ. ਨੂੰ ਜਾਂਚ ’ਚ ਲੱਗਾ। ਇਸੇ ਗੱਲ ਦਾ ਫਾਇਦਾ ਲੈਣ ਲਈ ਐੱਸ. ਐੱਚ. ਓ. ਨੇ ਚੋਰ ਨੂੰ ਟ੍ਰੇਸ ਕਰਨ ਲਈ ਦਿਨ-ਰਾਤ ਇਕ ਕਰ ਦਿੱਤਾ ਅਤੇ ਚੋਰ ਫੜਿਆ ਵੀ ਗਿਆ।
ਪੁੱਛਗਿੱਛ ’ਚ ਪਤਾ ਲੱਗਾ ਕਿ ਉਸ ਨੇ ਕਰੀਬ 4 ਲੱਖ ਦੇ ਗਹਿਣੇ ਅਤੇ ਹੋਰ ਸਾਮਾਨ ਖ਼ਰੀਦ ਲਿਆ ਜਦਕਿ ਬਾਕੀ ਦਾ ਕੈਸ਼ ਉਸ ਦੇ ਕੋਲ ਹੈ। ਐੱਸ. ਐੱਚ. ਓ. ਨੂੰ ਇਹ ਵੀ ਪਤਾ ਸੀ ਕਿ 36 ਲੱਖ ’ਚੋਂ ਸਿਰਫ਼ 8 ਲੱਖ ਹੀ ਵ੍ਹਾਈਟ ਮਨੀ ਹੈ। ਥਾਣਾ ਇੰਚਾਰਜ ਨੇ ਉਹ 8 ਲੱਖ ਬਰਾਮਦ ਕਰ ਲਏ ਜਦਕਿ ਜਿਸ 4 ਲੱਖ ਦਾ ਸਾਮਾਨ ਖ਼ਰੀਦਿਆ ਸੀ ਉਹ ਵੀ ਰਿਕਵਰ ਕਰਕੇ ਬਰਾਮਦਗੀ ’ਚ ਵਿਖਾ ਦਿੱਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ’ਚ ਸੱਤਾ ਧਿਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ, ਕਾਰਵਾਈ ਸੋਮਵਾਰ ਤੱਕ ਮੁਲਤਵੀ
ਐੱਸ. ਐੱਚ. ਓ. ਨੇ ਇਕ ਚੌਂਕੀ ਇੰਚਾਰਜ ਦੇ ਨਾਲ ਮਿਲ ਕੇ ਬਾਕੀ ਦੇ 24 ਲੱਖ ਡਕਾਰ ਲਏ ਪਰ ਇਹ ਗੱਲ ਜ਼ਿਆਦਾ ਸਮੇਂ ਤੱਕ ਪੁਲਸ ਅਧਿਕਾਰੀਆਂ ਤੋਂ ਨਹੀਂ ਲੁਕ ਸਕੀ। ਜਿਵੇਂ ਹੀ ਅਧਿਕਾਰੀਆਂ ਨੂੰ ਐੱਸ. ਐੱਚ. ਓ. ਦੀ ਕਰਤੂਤ ਦਾ ਪਤਾ ਲੱਗਾ ਤਾਂ ਐੱਸ. ਐੱਚ. ਓ. ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਇਹ ਮਾਮਲਾ ਜਾਣਨ ਲਈ ਉੱਚ ਅਧਿਕਾਰੀਆਂ ਨੇ ਉਸ ਚੋਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਕਬੂਲ ਕਰ ਲਿਆ ਕਿ ਚੋਰੀ ਦੇ 32 ਲੱਖ ਰੁਪਏ ਐੱਸ. ਐੱਚ. ਓ. ਨੂੰ ਦੇ ਚੁੱਕਾ ਹੈ ਜਦਕਿ ਚੋਰੀ ਦੇ 4 ਲੱਖ ਦਾ ਜੋ ਸਾਮਾਨ ਖ਼ਰੀਦਿਆ ਸੀ ਉਹ ਵੀ ਪੁਲਸ ਦੇ ਕੋਲ ਹੀ ਹੈ। ਫਿਲਹਾਲ ਪ੍ਰਵਾਸੀ ਚੋਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਖ਼ਬਰ ਇਸ ਸਮੇਂ ਸ਼ਹਿਰ ’ਚ ਚਰਚਾ ਬਟੋਰ ਰਹੀ ਹੈ। ਇਹ ਐੱਸ. ਐੱਚ. ਓ. ਪਹਿਲਾਂ ਵੀ ਕਈ ਵਾਰ ਚਰਚਾ ’ਚ ਰਹਿ ਚੁੱਕਾ ਹੈ।
ਇਹ ਵੀ ਪੜ੍ਹੋ: ਸੂਬੇ 'ਚ ਵਿਛਿਆ ਟਰੈਵਲ ਏਜੰਟਾਂ ਦਾ ਜਾਲ, ਵਿਦਿਆਰਥੀਆਂ ਨੂੰ ਵਿਦੇਸ਼ ਭੇਜਣ ਦੀ ਆੜ ’ਚ ਚੱਲ ਰਹੀ ਠੱਗੀ ਦੀ ਮੋਟੀ ਖੇਡ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ