ਸਿੱਖਿਆ ਵਿਭਾਗ ਹੁਣ ਇਨ੍ਹਾਂ ਵਿਭਾਗਾਂ ਨਾਲ ਰੱਲ ਕੇ ਚਲਾਵੇਗਾ ਪ੍ਰੀ-ਪ੍ਰਾਇਮਰੀ ਜਮਾਤਾਂ : ਅਰੁਨਾ ਚੌਧਰੀ

Thursday, Sep 28, 2017 - 10:40 PM (IST)

ਸਿੱਖਿਆ ਵਿਭਾਗ ਹੁਣ ਇਨ੍ਹਾਂ ਵਿਭਾਗਾਂ ਨਾਲ ਰੱਲ ਕੇ ਚਲਾਵੇਗਾ ਪ੍ਰੀ-ਪ੍ਰਾਇਮਰੀ ਜਮਾਤਾਂ : ਅਰੁਨਾ ਚੌਧਰੀ

ਲੁਧਿਆਣਾ, (ਵਿੱਕੀ)- ਪੰਜਾਬ ਸਰਕਾਰ ਸੂਬੇ ਵਿਚ ਸਿੱਖਿਆ ਦੇ ਢਾਂਚੇ 'ਚ ਗੁਣਾਤਮਕ ਸੁਧਾਰ ਲਿਆ ਕੇ ਬੱਚਿਆਂ ਨੂੰ ਮਿਆਰੀ ਸਿੱਖਿਆ ਉਪਲੱਬਧ ਕਰਵਾਉਣ ਲਈ ਪੂਰਨ ਤੌਰ 'ਤੇ ਵਚਨਬੱਧ ਹੈ। ਇਸੇ ਕੜੀ ਵਜੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 3 ਤੋਂ 6 ਸਾਲ ਉਮਰ ਵਰਗ ਦੇ ਬੱਚਿਆਂ ਲਈ ਬਹੁਤ ਜਲਦ ਪ੍ਰੀ-ਪ੍ਰਾਇਮਰੀ ਜਮਾਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਇਕ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਦੀ ਸਿੱਖਿਆ ਮੰਤਰੀ ਸ਼੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਇਨ੍ਹਾਂ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਰਲ ਕੇ ਚਲਾਉਣਗੇ। ਪੰਜਾਬ ਸਕਰਾਰ ਵਲੋਂ 20 ਸਤੰਬਰ ਨੂੰ ਹੋਈ ਕੈਬਨਿਟ ਮੀਟਿੰਗ ਵਿਚ ਇਹ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਾਲ ਪੰਜਾਬ 'ਚ ਪਹਿਲਾਂ ਤੋਂ ਚਲ ਰਹੇ ਆਂਗਣਵਾੜੀ ਕੇਂਦਰਾਂ 'ਤੇ ਤਾਇਨਾਤ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਨੌਕਰੀ ਪਹਿਲਾਂ ਵਾਂਗ ਹੀ ਬਰਕਰਾਰ ਰਹੇਗੀ। 
ਸਿੱਖਿਆ ਮੰਤਰੀ ਨੇ ਅਗਾਂਹ ਦੱਸਿਆ ਕਿ ਪਹਿਲਾਂ ਹੀ ਲਗਭਗ 70 ਫੀਸਦੀ ਆਂਗਣਵਾੜੀ ਕੇਂਦਰ ਪ੍ਰਾਇਮਰੀ ਸਕੂਲਾਂ 'ਚ ਚਲ ਰਹੇ ਹਨ ਅਤੇ ਹੁਣ ਦੂਜੀਆਂ ਥਾਵਾਂ ਉੱਤੇ ਬਾਹਰ ਚਲ ਰਹੇ ਕੇਂਦਰਾਂ ਨੂੰ ਸਕੂਲਾਂ 'ਚ ਤਬਦੀਲ ਕੀਤਾ ਜਾਵੇਗਾ। ਇਸ ਕੰਮ ਲਈ ਈ. ਜੀ. ਐੱਸ. ਅਤੇ ਏ. ਆਈ. ਈ. ਵਾਲੰਟੀਅਰ ਅਤੇ ਸਿੱਖਿਆ ਪ੍ਰੋਵਾਈਡਰ ਪ੍ਰੀ-ਪ੍ਰਾਇਮਰੀ ਜਮਾਤਾਂ ਨੂੰ ਸਿੱਖਿਆ ਵਿਭਾਗ ਦੀਆਂ ਲੀਹਾਂ ਅਨੁਸਾਰ ਪੜ੍ਹਾਉਣਗੇ ਅਤੇ ਆਂਗਣਵਾੜੀ ਵਰਕਰ ਤੇ ਹੈਲਪਰ ਪਹਿਲਾਂ ਵਾਂਗ ਹੀ ਬੱਚਿਆਂ ਦੀ ਸਾਂਭ-ਸੰਭਾਲ ਕਰਨਗੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਇਨ੍ਹਾਂ ਜਮਾਤਾਂ ਵਿਚ ਉਨ੍ਹਾਂ ਦੀਆਂ ਰੂਚੀਆਂ ਤੇ ਲੋੜਾਂ ਨੂੰ ਮੁੱਖ ਰੱਖਦੇ ਹੋਏ ਪੜ੍ਹਾਇਆ ਤੇ ਖਿਡਾਇਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਨੌਕਰੀ ਤੇ ਤਨਖਾਹ ਪਹਿਲਾਂ ਵਾਂਗ ਸਮਾਜਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜਾਰੀ ਰਹੇਗੀ।


Related News