ਮੋਟਰਸਾਈਕਲ ਸਵਾਰਾਂ ਔਰਤ ਦੇ ਗਲੇ ''ਚੋਂ ਚੇਨ ਝਪਟੀ
Thursday, Aug 03, 2017 - 06:26 AM (IST)

ਹਰਿਆਣਾ, (ਆਨੰਦ, ਰੱਤੀ)- ਕਸਬਾ ਹਰਿਆਣਾ ਤੇ ਆਸ-ਪਾਸ ਦੇ ਖੇਤਰ 'ਚ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦਿਨੋ-ਦਿਨ ਵਧਦੀਆਂ ਹੀ ਜਾ ਰਹੀਆਂ ਹਨ। ਇਸ ਕਾਰਨ ਪੁਲਸ ਦੀ ਵਿਵਸਥਾ 'ਤੇ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ ਅਤੇ ਇਲਾਕਾ ਵਾਸੀਆਂ ਅੰਦਰ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਲੜੀ ਤਹਿਤ ਹਰਿਆਣਾ ਦੇ ਇਕ ਸਰਵਿਸ ਸਟੇਸ਼ਨ ਨੇੜੇ ਮੋਟਰਸਾਈਕਲ ਸਵਾਰ 2 ਨੌਜਵਾਨਾਂ ਵੱਲੋਂ ਇਕ ਔਰਤ ਦੀ ਗਲੇ ਵਿਚੋਂ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰੇ ਕਮਲਜੀਤ ਕੌਰ ਪਤਨੀ ਮਨਜੀਤ ਸਿੰਘ ਨਿਵਾਸੀ ਮੁਹੱਲਾ ਪਹਾੜੀ ਗੇਟ ਹਰਿਆਣਾ ਆਪਣੇ ਬੇਟੇ ਨੂੰ ਡੀ. ਏ. ਵੀ. ਸਕੂਲ ਹਰਿਆਣਾ ਤੋਂ ਲੈ ਕੇ ਘਰ ਜਾ ਰਹੀ ਸੀ। ਜਦੋਂ ਉਹ ਸੰਧੂ ਸਰਵਿਸ ਸਟੇਸ਼ਨ ਨੇੜੇ ਪਹੁੰਚੀ ਤਾਂ ਪਿੱਛਿਓਂ ਆਏੇ ਬਿਨਾਂ ਨੰਬਰੀ ਕਾਲੇ ਰੰਗ ਦੇ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਨੇ ਕਮਲਜੀਤ ਕੌਰ ਨੂੰ ਧੱਕਾ ਦੇ ਕੇ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਦੀ ਗਲੇ 'ਚ ਪਾਈ 5 ਤੋਲੇ ਸੋਨੇ ਦੀ ਚੇਨ ਝਪਟ ਕੇ ਹਰਿਆਣਾ ਵੱਲ ਨੂੰ ਫ਼ਰਾਰ ਹੋ ਗਏ। ਘਟਨਾ ਸਬੰਧੀ ਥਾਣਾ ਹਰਿਆਣਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।