ਡੌਂਕਰਾਂ ਨੇ ਪਨਾਮਾ ''ਚ ਰੱਜ ਕੇ ਕੁੱਟਿਆ ਪੰਜਾਬੀ, ਡਿਪੋਰਟ ਹੋਣ ਦੀ ਸੁਣਾਈ ਲੂੰ-ਕੰਡੇ ਖੜ੍ਹੇ ਕਰਦੀ ਦਾਸਤਾਨ
Tuesday, Feb 18, 2025 - 10:13 AM (IST)

ਲੋਹੀਆਂ (ਸੁਭਾਸ਼ ਸੱਦੀ, ਮਨਜੀਤ) : ਅਮਰੀਕਾ ਤੋਂ ਐਤਵਾਰ ਨੂੰ ਅੰਮ੍ਰਿਤਸਰ ਪੁੱਜੀ ਫਲਾਈਟ ’ਚ 116 ਭਾਰਤੀਆਂ ’ਚ ਸ਼ਾਮਲ 33 ਗ਼ੈਰ ਕਾਨੂੰਨੀ ਅਮਰੀਕਾ ਤੋਂ ਵਾਪਸ ਪਰਤੇ ਪੰਜਾਬੀ ਨੌਜਵਾਨਾਂ ’ਚ ਸ਼ਾਮਲ ਇਕ ਲੋਹੀਆਂ ਦੇ ਪਿੰਡ ਪਿਪਲੀ ਮਿਆਣੀ ਦਾ ਵਸਨੀਕ ਬੂਟਾ ਸਿੰਘ ਵੀ ਆਪਣੇ ਪਿੰਡ ਵਾਪਸ ਪੁੱਜ ਗਿਆ। ਉਸ ਨੂੰ ਪੁਲਸ ਪਾਰਟੀ ਆਪਣੀ ਕਾਰ ’ਚ ਘਰ ਛੱਡ ਕੇ ਗਈ, ਜਦਕਿ ਇਸ ਮੌਕੇ ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ ਵੀ ਪੁਲਸ ਪਾਰਟੀ ਨਾਲ ਪੁੱਜੇ। ਇਸ ਮੌਕੇ ਪਿੰਡ ਦੇ ਘਰ ’ਚ ਆਪਣੇ ਪਰਿਵਾਰ ’ਚ ਬੈਠੇ ਬੂਟਾ ਸਿੰਘ ਨੇ ਦੱਸਿਆ ਕਿ ਉਹ 6 ਸਤੰਬਰ 2024 ਨੂੰ ਮੁੰਬਈ ਤੋਂ ਜਹਾਜ਼ ਰਾਹੀਂ ਅਰਜ਼ਨਟੀਨਾ ਰਵਾਨਾ ਹੋਇਆ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ 5 ਮਹੀਨੇ ਵੱਖ-ਵੱਖ ਦੇਸ਼ਾਂ ’ਚ ਡੌਂਕਰਾਂ ਨੇ ਘੁੰਮਾਇਆ। ਬੂਟਾ ਸਿੰਘ ਨੇ ਆਪਣੀ ਹੱਡਬੀਤੀ ਸਣਾਉਂਦੇ ਹੋਏ ਦੱਸਿਆ ਪਨਾਮਾ ਜਾ ਕੇ ਡੌਂਕਰਾਂ ਨੇ ਉਸ ਨਾਲ ਭਾਰੀ ਕੁੱਟਮਾਰ ਕੀਤੀ ਅਤੇ 50 ਲੱਖ ਰੁਪਏ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਸ ਦੇ ਪਿਤਾ ਦਲੀਪ ਸਿੰਘ ਸਾਬਕਾ ਸਰਪੰਚ ਵੱਲੋਂ ਨੇੜਲੇ ਪਿੰਡ ਰਹਿੰਦੇ ਏਜੰਟ ਨੂੰ 30 ਲੱਖ ਰੁਪਏ ਦਿੱਤੇ ਗਏ।
ਇਹ ਵੀ ਪੜ੍ਹੋ : ਅਮਰੀਕਾ ਤੋਂ ਡਿਪੋਰਟ ਹੋਣ ਵਿਚਾਲੇ ਪੰਜਾਬੀਆਂ ਨੂੰ ਲੈ ਕੇ ਵੱਡੀ ਖ਼ਬਰ, ਪੜ੍ਹ ਕੇ ਉੱਡ ਜਾਣਗੇ ਹੋਸ਼
ਇਸ ਦੇ ਬਾਅਦ ਫਿਰ ਪਨਾਮਾ ਤੋਂ ਉਸ ਨੂੰ ਪੈਦਲ ਹੀ ਮੈਕਸੀਕੋ ਤੱਕ ਲਿਆਂਦਾ ਗਿਆ ਅਤੇ 2 ਫਰਵਰੀ ਨੂੰ ਉਸ ਨੂੰ ਡੌਂਕਰਾਂ ਨੇ ਅਮਰੀਕਾ ਦੀ ਕੰਧ ਪਾਰ ਕਰਵਾ ਦਿੱਤੀ। ਬੂਟਾ ਸਿੰਘ ਅਨੁਸਾਰ ਪੁਲਸ ਨੇ ਉਸ ਨੂੰ ਫੜ੍ਹ ਲਿਆ ਤੇ ਕਈ ਤਰ੍ਹਾਂ ਦਾ ਤਸ਼ੱਦਦ ਕੀਤਾ। ਜਿੱਥੇ ਉਸ ਨੂੰ ਪੂਰੇ ਠੰਡੇ ਕਮਰੇ ’ਚ ਰੱਖਿਆ ਗਿਆ ਅਤੇ ਬਾਅਦ ’ਚ ਉਸ ਨੂੰ ਡਟੈਨਸ਼ੈਨ ਸੈਂਟਰ ਭੇਜਣ ਤੋਂ ਬਾਅਦ ਵੀ ਉਸ ਨੂੰ ਹੋਰਨਾਂ ਲੋਕਾਂ ਨਾਲ ਭੁੱਖੇ ਹੀ ਰੱਖਿਆ ਗਿਆ, ਜਦਕਿ ਉਨ੍ਹਾਂ ਦੀ ਕਿਸੇ ਨੇ ਵੀ ਗੱਲ ਨਹੀਂ ਸੁਣੀ। ਇਸ ਤੋਂ ਬਾਅਦ 14 ਫਰਵਰੀ ਨੂੰ ਉਸ ਨੂੰ ਅਤੇ ਹੋਰਨਾਂ ਭਾਰਤੀਆਂ ਨੂੰ ਫ਼ੌਜੀ ਜਹਾਜ਼ ’ਚ ਬਿਠਾ ਦਿੱਤਾ ਗਿਆ, ਉਨ੍ਹਾਂ ਸਮੇਤ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਭਾਰਤ ਵਾਪਸ ਭੇਜਿਆ ਜਾ ਰਿਹਾ ਹੈ। ਬੂਟਾ ਸਿੰਘ ਅਨੁਸਾਰ ਹੱਥਕੜੀਆਂ ਤੇ ਬੇੜੀਆਂ ਪਵਾ ਕੇ ਉਨ੍ਹਾਂ ਨੂੰ ਜਹਾਜ਼ ’ਚ ਬਿਠਾ ਦਿੱਤਾ ਗਿਆ ਤੇ ਉਨ੍ਹਾਂ ਨੂੰ ਜਹਾਜ਼ ’ਚ ਹੋਰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਕਿ ਬੇੜੀਆਂ ਤੇ ਹੱਥਕੜੀਆਂ ’ਚ ਜਕੜੇ ਹੋਣ ਕਾਰਨ ਉਨ੍ਹਾਂ ਦਾ ਸਫ਼ਰ ਕਰਨਾ ਵੀ ਬੇਹੱਦ ਮੁਸ਼ਕਲ ਹੋ ਗਿਆ ਸੀ। ਅੰਮ੍ਰਿਤਸਰ ਪੁੱਜ ਕੇ ਉਨ੍ਹਾਂ ਦੀਆਂ ਹੱਥਕੜੀਆਂ ਖੋਲ੍ਹੀਆਂ ਗਈਆਂ ਤੇ ਇਮੀਗ੍ਰੇਸ਼ਨ ਦੇ ਹਵਾਲੇ ਕੀਤਾ ਗਿਆ, ਜਿੱਥੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ਰੂਰ ਹੌਂਸਲਾ ਦਿੱਤਾ।
ਇਹ ਵੀ ਪੜ੍ਹੋ : ਪਤੀ ਦਾ 31 ਲੱਖ ਖ਼ਰਚਾ ਕੈਨੇਡਾ ਪੁੱਜੀ ਕੁੜੀ ਨੇ ਵੀ ਕਰ 'ਤੇ ਵੱਡੇ ਖ਼ੁਲਾਸੇ, ਸੁਣ ਨਹੀਂ ਹੋਵੇਗਾ ਯਕੀਨ
ਏਜੰਟ ਨੇ ਉਸ ਨਾਲ ਧੋਖਾ ਕੀਤਾ
ਅਮਰੀਕਾ ਤੋਂ ਵਾਪਸ ਪਰਤੇ ਬੂਟਾ ਸਿੰਘ ਤੇ ਉਨ੍ਹਾਂ ਦੇ ਪਿਤਾ ਦਲੀਪ ਸਿੰਘ ਨੇ ਏਜੰਟ ਦਾ ਨਾਂ ਦੱਸਣ ਤੋਂ ਮਨ੍ਹਾ ਕਰਦੇ ਹੋਏ ਕਿਹਾ ਕਿ ਜੇਕਰ ਏਜੰਟ ਨੇ ਉਨ੍ਹਾਂ ਦੇ ਪੈਸੇ ਵਾਪਸ ਨਾ ਕੀਤੇ ਤਾਂ ਉਹ ਪ੍ਰਸ਼ਾਸਨ ਕੋਲ ਪੁੱਜਣਗੇ ਤੇ ਉਸ ਖ਼ਿਲਾਫ਼ ਕਰਵਾਈ ਜ਼ਰੂਰ ਕਰਵਾਉਣਗੇ, ਜਦਕਿ ਬੂਟਾ ਸਿੰਘ ਦਾ ਇੰਨਾ ਜ਼ਰੂਰ ਕਹਿਣਾ ਸੀ ਕਿ ਉਨ੍ਹਾਂ ਨੇ ਚੱਲਣ ਤੋਂ ਪਹਿਲਾਂ 20 ਲੱਖ ਰੁਪਏ ਆਪਣੀ ਜ਼ਮੀਨ ਗਹਿਣੇ ਰੱਖ ਕੇ ਦਿੱਤੇ ਸਨ ਅਤੇ ਬਾਅਦ ’ਚ 30 ਲੱਖ ਫਿਰ ਦਿੱਤੇ ਸਨ। ਉਨ੍ਹਾਂ ਨੇ ਏਜੰਟ ’ਤੇ ਦੋਸ਼ ਲਾਇਆ ਕਿ ਏਜੰਟ ਨੇ ਉਸ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਉਸ ਨੂੰ ਬਹੁਤ ਦੁੱਖ ਝੱਲਣੇ ਪਏ ਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਮਾਨਸਿਕ ਤਸੀਹੇ ਵੀ ਝੱਲਣੇ ਪਏ । ਇਸ ਮੌਕੇ ਬੂਟਾ ਸਿੰਘ ਦੇ ਪਿਤਾ ਦਲੀਪ ਸਿੰਘ ਤੇ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਜੋ ਕੁੱਝ ਉਨ੍ਹਾਂ ਕੋਲ ਸੀ, ਉਹ ਹੁਣ ਸਭ ਕੁੱਝ ਏਜੰਟਾਂ ਨੂੰ ਦੇ ਚੁੱਕੇ ਹਨ। ਜਦ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਬੂਟਾ ਸਿੰਘ ਦਾ ਘਰ ਦੇਖਿਆ ਤਾਂ ਪਤਾ ਲੱਗਾ ਕਿ ਉਹ ਅਜੇ ਪੂਰਾ ਵੀ ਨਹੀਂ ਬਣ ਸਕਿਆ ਤੇ ਪਰਿਵਾਰ ਨੂੰ ਉਮੀਦ ਸੀ ਕਿ ਬੂਟਾ ਸਿੰਘ ਪੈਸੇ ਕਮਾ ਕੇ ਭੇਜੇਗਾ ਤੇ ਉਹ ਘਰ ਵੀ ਬਣਾ ਲੈਣਗੇ। ਬੂਟਾ ਸਿੰਘ ਦੀ ਪਤਨੀ ਵੀ ਬਹੁਤ ਪਰੇਸ਼ਾਨ ਦਿਖ ਰਹੀ ਸੀ। ਭਾਵੇਂ ਕਿ ਉਸ ਦੇ ਤਿੰਨ ਬੱਚੇ ਆਪਣੇ ਪਿਤਾ ਨੂੰ ਆਪਣੇ ਵਿਚਕਾਰ ਪਾ ਕੇ ਬਹੁਤ ਖੁਸ਼ ਦਿਖ ਰਹੇ ਸਨ। ਇਸ ਮੌਕੇ 'ਤੇ ਬੂਟਾ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਹੌਂਸਲਾ ਦੇਣ ਲਈ ਪਿੰਡ ਦੇ ਲੋਕ ਵੱਡੀ ਗਿਣਤੀ ’ਚ ਉਸ ਦੇ ਘਰ ਹਾਜ਼ਰ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8