ਸ਼ਹਿਰ ਦੇ ਵਾਰਡਾਂ ''ਚ ਲੱਗੇ ਗੰਦਗੀ ਦੇ ਢੇਰ
Wednesday, Feb 07, 2018 - 07:01 AM (IST)
ਅੰਮ੍ਰਿਤਸਰ, (ਵੜੈਚ)- ਗੁਰੂ ਨਗਰੀ ਨੂੰ ਗੰਦਗੀ ਤੋਂ ਮੁਕਤ ਕਰਨ ਲਈ ਮੀਡੀਆ ਸਾਹਮਣੇ ਇਕ ਦਿਨ ਝਾੜੂ ਲਾਉਣ ਨਾਲ ਗੁਰੂ ਨਗਰੀ ਕੂੜੇ ਤੋਂ ਮੁਕਤ ਨਹੀਂ ਹੋਵੇਗੀ, ਇਸ ਲਈ ਸ਼ਹਿਰ ਦੇ ਗੇਟਾਂ ਦੇ ਅੰਦਰੋਂ ਤੇ ਬਾਹਰੋਂ ਸਫਾਈ ਕਰਮਚਾਰੀਆਂ ਦੇ ਉਦਮਾਂ ਤੇ ਸਹੀ ਉਪਰਾਲਿਆਂ ਨਾਲ ਗੰਦਗੀ ਨੂੰ ਕਾਫੀ ਹੱਦ ਤੱਕ ਖਤਮ ਕੀਤਾ ਜਾ ਸਕਦਾ ਹੈ। ਸਰਕਾਰ ਕੋਈ ਵੀ ਆਵੇ, ਸ਼ਹਿਰ ਦੇ ਕੂੜੇ ਨੂੰ ਹਟਾਉਣ ਅਤੇ ਡੰਪ 'ਤੇ ਕੂੜੇ ਦੀ ਸੰਭਾਲ ਇਕ ਚੈਲੰਜ ਬਣਦਾ ਹੈ।
ਸ਼ਹਿਰਵਾਸੀ ਸਰਬਜੀਤ ਸਿੰਘ, ਰਾਕੇਸ਼ ਵੈਟ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ, ਆਸ਼ਾ ਸ਼ਰਮਾ, ਜੋਤੀ ਬਾਲਾ ਤੇ ਸਤਨਾਮ ਕੌਰ ਨੇ ਕਿਹਾ ਕਿ ਮੇਅਰ ਕਰਮਜੀਤ ਸਿੰਘ ਰਿੰਟੂ ਤੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ 30 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੂੜਾ ਨਿਗਮ ਵਾਹਨਾਂ ਵਿਚ ਪਾ ਕੇ ਸਫਾਈ ਦਾ ਸੰਦੇਸ਼ ਦਿੱਤਾ ਪਰ ਸ਼ਹਿਰ ਦੇ ਬਾਕੀ ਇਲਾਕਿਆਂ ਵਿਚ ਕੂੜੇ ਦੀ ਭਰਮਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਸ਼ਹਿਰ ਦੇ ਅੰਦਰੂਨੀ ਹਿੱਸਿਆਂ ਸਮੇਤ ਬਾਹਰੀ ਵਾਰਡਾਂ ਵਿਚ ਵੀ ਕੂੜੇ ਦੇ ਢੇਰਾਂ ਨਾਲ ਜਨਤਾ ਦਾ ਰਸਤਿਆਂ ਤੋਂ ਆਉਣਾ-ਜਾਣਾ ਮੁਸ਼ਕਲ ਹੋ ਰਿਹਾ ਹੈ। ਮੌਜੂਦਾ ਸਰਕਾਰ ਦੇ ਨੇਤਾਵਾਂ ਨੇ ਪਿਛਲੀ ਸਰਕਾਰ ਦੌਰਾਨ ਭਗਤਾਂਵਾਲਾ ਡੰਪ ਨੂੰ ਸ਼ਹਿਰੋਂ ਬਾਹਰ ਲਿਜਾਣ ਦੇ ਵਾਅਦੇ ਕਰਦਿਆਂ ਵੋਟਾਂ ਬਟੋਰੀਆਂ ਸਨ। ਲੋਕਾਂ ਨੂੰ ਡੰਪ ਤੋਂ ਛੁਟਕਾਰਾ ਦਿਵਾਉਣ ਲਈ ਵੀ ਛੇਤੀ ਵਿਸ਼ੇਸ਼ ਕਦਮ ਉਠਾਉਣ ਦੀ ਜ਼ਰੂਰਤ ਹੈ। ਗੁਰੂ ਨਗਰੀ ਵਿਚ ਸਾਲਿਡ ਵੇਸਟ ਪ੍ਰਾਜੈਕਟ ਨੂੰ ਲਿਆ ਕੇ ਸ਼ੁਭ ਆਰੰਭ ਕਰਨ ਵਾਲੇ ਮੰਤਰੀ ਆਪਣੇ ਵਾਅਦਿਆਂ ਤੇ ਦਾਅਵਿਆਂ ਤੋਂ ਨਾ ਭੱਜਦੇ ਹੋਏ ਪ੍ਰਾਜੈਕਟ ਨੂੰ ਲਾਉਣ ਲਈ ਹੁਣ ਕਦੋਂ ਅੱਗੇ ਆਉਣਗੇ। ਅੰਦਰੂਨੀ ਸ਼ਹਿਰ ਤੋਂ ਇਲਾਵਾ ਛੇਹਰਟਾ, ਮਾਹਲ, ਵੇਰਕਾ, ਇਸਲਾਮਾਬਾਦ ਤੇ ਨਵਾਂਕੋਟ ਵਰਗੇ ਇਲਾਕਿਆਂ ਦੇ ਲੋਕ ਵੀ ਗੰਦਗੀ ਤੋਂ ਦੁਖੀ ਹਨ। ਵਾਰਡਾਂ ਵਿਚ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਵੀ ਨਜ਼ਰ ਨਹੀਂ ਆ ਰਹੀਆਂ।
ਸੇਵਾ ਕੇਂਦਰਾਂ ਅੱਗੇ ਗੰਦਗੀ : ਸ਼ਹਿਰ ਵਿਚ ਜਨਤਾ ਦੀਆਂ ਸਹੂਲਤਾਂ ਲਈ ਬਣਾਏ ਸੇਵਾ ਕੇਂਦਰਾਂ ਅੱਗੇ ਨਿਗਮ ਦੇ ਸਿਹਤ ਵਿਭਾਗ ਵੱਲੋਂ ਲੋਹੇ ਦੇ ਵੱਡੇ ਡਰੰਮ ਲਾਏ ਜਾ ਰਹੇ ਹਨ, ਜਿਨ੍ਹਾਂ ਦੇ ਭਰਨ ਉਪਰੰਤ ਕੂੜਾ ਆਲੇ-ਦੁਆਲੇ ਫੈਲ ਜਾਂਦਾ ਹੈ। ਸਰਕਾਰੀ, ਗੈਰ-ਸਰਕਾਰੀ ਕੰਮਾਂ ਲਈ ਸੇਵਾ ਕੇਂਦਰ ਆਉਣ ਵਾਲੇ ਲੋਕਾਂ ਨੂੰ ਦਫਤਰ 'ਚ ਜਾਣ ਤੋਂ ਪਹਿਲਾਂ ਕੂੜੇ 'ਚੋਂ ਲੰਘਣਾ ਪੈਂਦਾ ਹੈ।
ਗੰਦਗੀ ਰਹਿਤ ਹੋਣ ਸਿੱਖਿਅਕ ਸੰਸਥਾਵਾਂ : ਗੰਦਗੀ ਹਰ ਕਿਸੇ ਨੂੰ ਮਾੜੀ ਲੱਗਦੀ ਹੈ, ਕੋਈ ਵੀ ਆਪਣੇ ਘਰ, ਦੁਕਾਨ ਜਾਂ ਵਪਾਰਕ ਅਦਾਰੇ ਅੱਗੇ ਗੰਦਗੀ ਨਹੀਂ ਸੁੱਟਣ ਦਿੰਦਾ, ਜਿਸ ਕਾਰਨ ਕਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਅੱਗੇ ਹੀ ਕੂੜੇ ਦੇ ਢੇਰ ਲੱਗ ਰਹੇ ਹਨ। ਦੇਸ਼ ਦੇ ਸੁਨਹਿਰੀ ਭਵਿੱਖ ਤੋਂ ਆਸ ਰੱਖਣ ਵਾਲੇ ਬੱਚਿਆਂ ਨੂੰ ਸਿੱਖਿਆ ਦੇ ਮੰਦਰ ਵਿਚ ਜਾਣ ਤੋਂ ਪਹਿਲਾਂ ਗੰਦਗੀ 'ਚੋਂ ਲੰਘਣਾ ਪੈ ਰਿਹਾ ਹੈ।
