ਵਫਦ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੂੰ ਮਿਲਿਆ

Tuesday, Jan 02, 2018 - 07:06 AM (IST)

ਵਫਦ ਝਾਰਖੰਡ ਦੇ ਮੁੱਖ ਮੰਤਰੀ ਰਘੁਵਰ ਦਾਸ ਨੂੰ ਮਿਲਿਆ

ਅੰਮ੍ਰਿਤਸਰ,  (ਜਸ਼ਨ, ਨਵਦੀਪ)¸  ਅਖਿਲ ਭਾਰਤੀ ਜੈਨ ਘੱਟ ਗਿਣਤੀ ਮਹਾਸੰਘ ਉੱਤਰ ਭਾਰਤ ਦੇ ਕੋਆਰਡੀਨੇਟਰ ਜਿਤੇਂਦਰ ਨਾਥ ਜੈਨ, ਅਤੁਲ ਜੈਨ ਸਹਿ-ਮੰਤਰੀ ਤੇ ਵਿਨੇ ਵੱਲਭ ਜੈਨ ਯੁਵਕ ਮਹਾਸੰਘ ਉੱਤਰ ਭਾਰਤ ਨੇ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਬੀਤੇ ਦਿਨੀਂ ਵਿਸ਼ਵ ਤੀਰਥ ਸਥਾਨ ਸੰਮੇਦ ਸ਼ਿਖਰ ਜੀ ਦੇ ਵਿਕਾਸ, ਸੁਰੱਖਿਆ ਅਤੇ ਪਵਿੱਤਰਤਾ ਨੂੰ ਸੁਰੱਖਿਅਤ ਕਰਨ ਦੇ ਸੰਬੰਧ ਵਿਚ ਸ਼੍ਰੀ ਸ਼ਿਖਰ ਜੀ ਜੈਨ ਤਾਲਮੇਲ ਕਮੇਟੀ ਤੇ ਆਲ ਇੰਡੀਆ ਜੈਨ ਮਾਈਨੋਰਿਟੀ ਫੈਡਰੇਸ਼ਨ ਦੇ ਰਾਸ਼ਟਰੀ ਪ੍ਰਧਾਨ ਲਲਿਤ ਗਾਂਧੀ ਦੀ ਪ੍ਰਧਾਨਗੀ ਵਾਲਾ ਇਕ ਵਫਦ ਕੇਂਦਰੀ ਘੱਟ ਗਿਣਤੀ ਰਾਜ ਮੰਤਰੀ ਡਾ. ਵਿਰੇਂਦਰ ਕੁਮਾਰ ਦੇ ਹੁਕਮ 'ਤੇ ਝਾਰਖੰਡ ਦੇ ਮੁਖ ਮੰਤਰੀ ਰਘੁਵਰ ਦਾਸ ਨੂੰ ਮਿਲਿਆ।
ਵਫਦ ਵਿਚ ਰਾਸ਼ਟਰੀ ਜਨਰਲ ਸੈਕਟਰੀ ਸੰਦੀਪ  ਭੰਡਾਰੀ, ਤਾਲਮੇਲ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਤਾਰਾ ਬੇਨ, ਅਜਮੇਰਾ, ਕਨ੍ਹਈਆ ਲਾਲ ਸੇਠੀ, ਪ੍ਰਭਾਤ ਸੇਠੀ, ਪ੍ਰਦੀਪ ਕੋਚਰ, ਅਜੇ ਵੋਧਰਾ, ਝਾਰਖੰਡ ਸੂਬਾ ਸਰਕਾਰ ਦੇ ਦਿਗੰਬਰ ਤੀਰਥ ਖੇਤਰ ਕਮੇਟੀ ਦੇ ਚੇਅਰਮੈਨ ਤਾਰਾ ਚੰਦ ਜੈਨ, ਹਿਤੇਸ਼ ਭਾਈ ਮੋਤਾ, ਕਾਯਵਨ ਭਾਈ, ਹਿਮਾਂਸ਼ੂ ਰਾਜਾ, ਪਰੇਸ਼ ਸੇਠ, ਸੁਭਾਸ਼ ਬੋਥਰਾ ਆਦਿ ਸ਼ਾਮਲ ਸੀ।
ਵਫਦ ਨੇ ਸਾਰੀਆਂ ਸਮੱਸਿਆਵਾਂ ਤੋਂ ਮੁਖ ਮੰਤਰੀ ਨੂੰ ਜਾਣੂ ਕਰਵਾਇਆ ਅਤੇ ਇਸ ਦੀ ਸੁਰੱਖਿਆ ਲਈ ਜਲਦੀ ਪਹਿਲਕਦਮੀ ਕਰਨ ਦੀ ਅਪੀਲ ਵੀ ਕੀਤੀ। ਮੁਖ ਮੰਤਰੀ ਰਘੁਵਰ ਦਾਸ ਨੇ ਵੀ ਇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਤੱਤਕਾਲ ਹੀ ਹੋਮ ਸੈਕਟਰੀ ਅਤੇ ਕਮਿਸ਼ਨਰ ਪੁਲਸ ਸੁਪਰਡੈਂਟ ਨੂੰ ਸਖਤ ਨਿਰਦੇਸ਼ ਜਾਰੀ ਕੀਤੇ। ਉਥੇ ਹੀ ਪੁਲਸ ਸੁਪਰਡੈਂਟ ਨੇ ਉਥੇ ਤੁਰੰਤ ਕਾਰਵਾਈ ਕਰਦੇ ਹੋਏ ਉਕਤ ਤੀਰਥ ਸਥਾਨ 'ਤੇ ਮਜ਼ਦੂਰ ਸੰਗਠਨ ਦੀ ਆੜ ਵਿਚ ਸ਼ੁਰੂਕੀਤੀ ਗਈ ਭੁੱਖ ਹੜਤਾਲ ਨੂੰ ਤੱਤਕਾਲ ਖਤਮ ਕਰਵਾਇਆ। ਇਸ ਕਾਰਨ ਉਕਤ ਵਿਸ਼ਵ ਤੀਰਥ ਸਥਾਨ ਸੰਮੇਦ ਸ਼ਿਖਰ ਜੀ ਇਕ ਗੰਭੀਰਤ ਸਮੱਸਿਆ ਤੋਂ ਬਚ ਗਿਆ।
ਵਰਣਨਯੋਗ ਹੈ ਕਿ ਉਥੇ ਮਜ਼ਦੂਰ ਸੰਗਠਨ ਦੀ ਆੜ ਵਿਚ ਮੰਦਰ ਧਰਮਸ਼ਾਲਾ ਕੋਠੀ  ਸਿੱਖਿਆ ਸੰਸਥਾ ਆਦਿ ਸਥਾਨਾਂ ਕਰਮਚਾਰੀ ਅਤੇ ਗੈਰ-ਸਮਾਜਿਕ ਅਨਸਰਾਂ ਵਲੋਂ ਬੀਤੀ 22 ਦਸੰਬਰ ਤੋਂ ਹੜਤਾਲ ਐਲਾਨ ਕੀਤੀ ਗਈ ਸੀ, ਜਿਸ ਕਾਰਨ ਜ਼ਿਆਦਾ ਯਾਤਰੀ ਆਉਣ ਦੇ ਸਮੇਂ ਦੌਰਾਨ ਉਥੇ ਗੰਭੀਰ ਸਥਿਤੀ ਪੈਦਾ ਹੋ ਗਈ ਸੀ।
ਵਫਦ ਦੇ ਸੱਦੇ 'ਤੇ ਮੁੱਖ ਮੰਤਰੀ ਨੇ ਇਸ ਧਾਰਮਿਕ ਸਥਾਨ ਦੀ ਮਹੱਤਤਾ ਨੂੰ ਦੇਖਦੇ ਹੋਏ ਤੁਰੰਤ ਹੀ ਸਖਤ ਨਿਰਦੇਸ਼ ਜਾਰੀ ਕੀਤੇ ਸੀ। ਇਸ ਦੇ ਲਈ ਉਕਤ ਸਾਰੇ ਉਚ ਅਧਿਕਾਰੀਆਂ ਨੇ ਮੁਖ ਮੰਤਰੀ ਦਾ ਧੰਨਵਾਦ ਪ੍ਰਗਟ ਕੀਤਾ ਅਤੇ ਨਾਲ ਹੀ ਦਸਿਆ ਕਿ ਮੁੱਖ ਮੰਤਰੀ ਰਘੁਵਰ ਦਾਸ ਨੇ ਪੂਰਾ ਭਰੋਸਾ ਦਿੱਤਾ ਹੈ ਕਿ ਉਕਤ ਤੀਰਥ ਸਥਾਨ ਦੇ ਵਿਕਾਸ ਦੇ ਨਾਲ ਹੀ ਇਸ ਦੀ ਸੁਰੱਖਿਆ ਅਤੇ ਪਵਿੱਤਰਤਾ ਨੂੰ ਸੁਰੱਖਿਅਤ ਕਰਨ ਲਈ ਜਲਦੀ ਹੀ ਹੋਰ ਕਦਮ ਚੁੱਕੇ ਜਾਣਗੇ।


Related News