ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, 3 ਝੁਲਸੇ
Friday, Sep 08, 2017 - 05:48 PM (IST)
ਰਾਜਪੁਰਾ (ਮਸਤਾਨਾ) - ਬੀਤੀ ਰਾਤ ਕਿਸੇ ਸਮਾਗਮ ਦੌਰਾਨ ਅਚਾਨਕ ਕਰੰਟ ਲੱਗ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 3 ਝੁਲਸ ਗਏ। ਕਸਤੂਰਬਾ ਪੁਲਸ ਚੌਕੀ ਵਿਚ ਤਾਇਨਾਤ ਹੌਲਦਾਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਚੱਲ ਰਹੇ ਕਿਸੇ ਸਮਾਗਮ ਦੌਰਾਨ ਇਕਦਮ ਤੇਜ਼ ਹਨੇਰੀ ਚੱਲ ਪਈ। ਸਮਾਗਮ ਵਿਚ ਚੱਲ ਰਹੇ ਇਕ ਜਨਰੇਟਰ ਦੀ ਤਾਰ ਹਨੇਰੀ ਕਾਰਨ ਟੁੱਟ ਕੇ ਹੇਠਾਂ ਡਿੱਗਣ ਲੱਗੀ ਤਾਂ ਉਥੇ ਸੇਵਾ ਕਰ ਰਿਹਾ ਗੁਰਪ੍ਰੀਤ ਸਿੰਘ ਵਾਸੀ ਸੁਹਰੋਂ (22) ਲੋਕਾਂ ਨੂੰ ਬਚਾਉਣ ਲਈ ਤਾਰ ਨੂੰ ਫੜ ਕੇ ਉੱਪਰ ਕਰਨ ਲੱਗਾ। ਉਸ ਨੂੰ ਜ਼ੋਰਦਾਰ ਬਿਜਲੀ ਦਾ ਝਟਕਾ ਲੱਗਾ। ਇਸ ਦੌਰਾਨ ਉਹ ਅਤੇ ਉਥੇ ਮੌਜੂਦ 3 ਹੋਰ ਵਿਅਕਤੀ ਵੀ ਝੁਲਸ ਗਏ। ਚਾਰਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਗੁਰਪ੍ਰੀਤ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ। ਬਾਕੀ ਝੁਲਸੇ ਵਿਅਕਤੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਵੱਖ-ਵੱਖ ਹਸਪਤਾਲਾਂ ਵਿਚ ਰੈਫਰ ਕਰ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪੁੱਜ ਗਈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।
