ਆਟੋ ਦੀ ਟੱਕਰ ਨਾਲ ਐਕਟਿਵਾ ਸਵਾਰ ਵਿਦਿਆਰਥਣ ਦੀ ਮੌਤ

02/13/2018 7:30:15 AM

ਚੰਡੀਗੜ੍ਹ, (ਸੁਸ਼ੀਲ)- ਏਲਾਂਤੇ ਮਾਲ ਤੋਂ ਸ਼ਾਪਿੰਗ ਕਰਕੇ ਪੀ. ਜੀ. ਨੂੰ ਜਾ ਰਹੀਆਂ ਐਕਟਿਵਾ ਸਵਾਰ ਦੋ ਵਿਦਿਆਰਥਣਾਂ ਨੂੰ ਐਤਵਾਰ ਦੁਪਹਿਰ ਸੈਕਟਰ-35/36 ਦੀ ਲਾਈਟ ਪੁਆਇੰਟ 'ਤੇ ਆਟੋ ਚਾਲਕ ਨੇ ਟੱਕਰ ਮਾਰ ਦਿੱਤੀ। ਜ਼ਖਮੀ ਵਿਦਿਆਰਥਣਾਂ ਨੂੰ ਪੁਲਸ ਨੇ ਪੀ. ਜੀ. ਆਈ. 'ਚ ਭਰਤੀ ਕਰਵਾਇਆ, ਜਿਥੇ ਸੋਮਵਾਰ ਸਵੇਰੇ ਵਿਦਿਆਰਥਣ ਹਿਮਾਨੀ ਮਨਚੰਦਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾ ਭਿਵਾਨੀ ਦੀ ਰਹਿਣ ਵਾਲੀ ਸੀ, ਜਦੋਂਕਿ ਦੂਜੀ ਵਿਦਿਆਰਥਣ ਮਹਿਮਾ ਨਰੂਲਾ ਨੇ ਐਕਟਿਵਾ ਨੂੰ ਟੱਕਰ ਮਾਰਨ ਵਾਲੇ ਆਟੋਜ਼ ਦਾ ਨੰਬਰ ਪੀ. ਬੀ. 65 ਏ. ਕੇ. 0360 ਨੋਟ ਕਰਕੇ ਪੁਲਸ ਨੂੰ ਦੇ ਦਿੱਤਾ ਹੈ।
ਐੱਮ. ਸੀ. ਐੱਮ. ਡੀ. ਏ. ਵੀ. 'ਚ ਕਰ ਰਹੀਆਂ ਸਨ ਐੱਮ. ਏ. : ਨਰੂਲਾ ਨੇ ਦੱਸਿਆ ਕਿ ਉਹ ਤੇ ਉਸਦੀ ਸਹੇਲੀ ਹਿਮਾਨੀ ਸੈਕਟਰ-36 ਦੇ ਐੱਮ. ਸੀ. ਐੱਮ. ਡੀ. ਏ. ਵੀ. ਕਾਲਜ 'ਚ ਐੱਮ. ਏ. ਦੀ ਪੜ੍ਹਾਈ ਕਰ ਰਹੀਆਂ ਸਨ ਤੇ ਦੋਵੇਂ ਹੀ ਸੈਕਟਰ-35 ਦੇ ਪੀ. ਜੀ. 'ਚ ਰਹਿੰਦੀਆਂ ਸਨ। ਐਤਵਾਰ ਸਵੇਰੇ ਜਦੋਂ ਉਹ ਏਲਾਂਤੇ ਮਾਲ 'ਚ ਸ਼ਾਪਿੰਗ ਕਰਨ ਗਈਆਂ ਤਾਂ ਹਿਮਾਨੀ ਐਕਟਿਵਾ ਚਲਾ ਰਹੀ ਸੀ। ਜਦੋਂ ਉਹ ਸੈਕਟਰ-35/36 ਦੀ ਲਾਈਟ ਪੁਆਇੰਟ 'ਤੇ ਪਹੁੰਚੀਆਂ ਤਾਂ ਤੇਜ਼ ਰਫਤਾਰ ਆਟੋ ਨੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ 'ਚ ਹਿਮਾਨੀ ਦੇ ਸਿਰ 'ਚ ਡੂੰਘੀ ਸੱਟ ਲੱਗੀ ਤੇ ਜ਼ਿਆਦਾ ਖੂਨ ਵਗਣ ਕਾਰਨ ਉਸਦੀ ਮੌਤ ਹੋ ਗਈ। ਸੈਕਟਰ-36 ਥਾਣਾ ਮੁਖੀ ਨਸੀਬ ਸਿੰਘ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।


Related News