ਟਰੈਕਟਰ ਦੇ ਹਲ ਵਿਚ ਆਇਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਇਕਲੌਤੇ ਪੁੱਤ ਦੀ ਜਾਨ
Monday, Nov 14, 2022 - 06:47 PM (IST)
ਨਾਭਾ (ਰਾਹੁਲ ਖੁਰਾਣਾ) : ਪੰਜਾਬ ਵਿਚ ਦਿਨੋਂ-ਦਿਨ ਸੜਕ ਹਾਦਸਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਵਹੀਕਲ ਚਾਲਕਾਂ ਦੀ ਅਣਗਹਿਲੀ ਦੇ ਚੱਲਦਿਆਂ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ। ਬੀਤੀ ਦੇਰ ਰਾਤ ਨਾਭਾ ਬਲਾਕ ਦੇ ਪਿੰਡ ਅਭੇਪੁਰ ਦੇ ਨਜ਼ਦੀਕ ਟਰੈਕਟਰ ਚਾਲਕ ਦੀ ਗ਼ਲਤੀ ਦੇ ਚੱਲਦਿਆਂ ਪਰਿਵਾਰ ਦਾ ਇਕਲੌਤਾ ਪੁੱਤਰ ਮੌਤ ਦੇ ਮੂੰਹ ਵਿਚ ਚਲਾ ਗਿਆ। ਟਰੈਕਟਰ ਦੀ ਇਕ ਲਾਈਟ ਖ਼ਰਾਬ ਸੀ ਅਤੇ ਇਕ ਲਾਈਟ ਚਲਾ ਕੇ ਹੀ ਚਾਲਕ ਟਰੈਕਟਰ ਨੂੰ ਲੈ ਕੇ ਆ ਰਿਹਾ ਸੀ। ਇਕ ਲਾਈਟ ਬੰਦ ਹੋਣ ਕਰਕੇ ਮੋਟਰਸਾਈਕਲ ’ਤੇ ਆ ਰਹੇ ਨੌਜਵਾਨ ਕੁਲਦੀਪ ਸਿੰਘ ਨੂੰ ਬਿਲਕੁਲ ਅੰਦਾਜ਼ਾ ਨਹੀਂ ਹੋਇਆ ਕਿ ਸਾਹਮਣੇ ਤੋਂ ਟਰੈਕਟਰ ਆ ਰਿਹਾ ਹੈ। ਇਸ ਦੌਰਾਨ ਟੱਕਰ ਤੋਂ ਬਾਅਦ ਕੁਲਦੀਪ ਦਾ ਮੋਟਰਸਾਈਕਲ ਟਰੈਕਟਰ ਦੇ ਪਿੱਛੇ ਲੱਗੇ ਹਲ ਵਿਚ ਫਸ ਗਿਆ, ਜਿਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਉਧਰ ਪੁਲਸ ਨੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਧੀ ਘਰ ਕਲੇਸ਼ ਹੋਇਆ ਤਾਂ ਅੱਧੀ ਰਾਤ ਨੂੰ ਬੁਲਾ ਲਏ ਮਾਪੇ, ਵਾਪਸ ਪਰਤਦਿਆਂ ਵਾਪਰੇ ਹਾਦਸੇ ਨੇ ਵਿਛਾ ਦਿੱਤੀਆਂ ਲਾਸ਼ਾਂ
ਪਰਿਵਾਰ ਦੇ ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਕੁਲਦੀਪ ਸਿੰਘ ਇਕਲੌਤਾ ਪੁੱਤਰ ਸੀ ਪਰਿਵਾਰ ਨੇ ਉਸ ਨੂੰ ਬੜੇ ਹੀ ਲਾਡਾਂ ਨਾਲ ਪਾਲਿਆ ਸੀ। ਇਸ ਮੌਕੇ ਮ੍ਰਿਤਕ ਕੁਲਦੀਪ ਸਿੰਘ ਦੇ ਚਾਚੇ ਦੇ ਲੜਕੇ ਅਮਰਦੀਪ ਸਿੰਘ ਨੇ ਕਿਹਾ ਕਿ ਕੁਲਦੀਪ ਸਿੰਘ ਦੀ ਮੌਤ ਟਰੈਕਟਰ ਚਾਲਕ ਦੀ ਗਲਤੀ ਕਾਰਣ ਹੋਈ ਹੈ ਕਿਉਂਕਿ ਟਰੈਕਟਰ ਚਾਲਕ ਸੜਕ ’ਤੇ ਖਰਾਬ ਲਾਈਟ ਵਾਲਾ ਟਰੈਕਟਰ ਲੈ ਕੇ ਆ ਰਿਹਾ ਸੀ ਜਿਸ ਕਰਕੇ ਇਹ ਹਾਦਸਾ ਵਾਪਰਿਆ ਅਤੇ ਕੁਲਦੀਪ ਦੀ ਮੌਤ ਹੋ ਗਈ। ਪਰਿਵਾਰ ਨੇ ਟਰੈਕਟਰ ਚਾਲਕ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਮੌਕੇ ਜਾਂਚ ਅਧਿਕਾਰੀ ਅਮਰੀਕ ਸਿੰਘ ਨੇ ਕਿਹਾ ਕਿ ਘਟਨਾ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਟਰੈਕਟਰ ਚਾਲਕ ਦੀ ਗ਼ਲਤੀ ਕਾਰਣ ਇਹ ਹਾਦਸਾ ਵਾਪਰਿਆ ਹੈ। ਮੌਕੇ ’ਤੇ ਟਰੈਕਟਰ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆਹੈ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਗੁਰਾਇਆ ’ਚ ਦਿਲ ਕੰਬਾਊ ਵਾਰਦਾਤ, ਵੱਟ ਦੇ ਰੌਲੇ ’ਚ ਕਹੀਆਂ ਮਾਰ-ਮਾਰ ਕਿਸਾਨ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।