ਜਲੰਧਰ 'ਚ ਅਕਾਲੀ ਆਗੂ 'ਤੇ ਹੋਇਆ ਜਾਨਲੇਵਾ ਹਮਲਾ, ਚੱਲੀਆਂ ਅੰਨ੍ਹੇਵਾਹ ਗੋਲੀਆਂ

Friday, Nov 18, 2022 - 11:22 PM (IST)

ਜਲੰਧਰ (ਮਹੇਸ਼) : ਮਹਾਨਗਰ ਦੇ ਥਾਣਾ ਮਕਸੂਦਾਂ ਅਧੀਨ ਪੈਂਦੇ ਪਿੰਡ ਰਾਏਪੁਰ-ਰਸੂਲਪੁਰ ਨੇੜੇ ਇਕ ਅਕਾਲੀ ਆਗੂ 'ਤੇ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਆਗੂ ਪ੍ਰਿਥਵੀ ਬੱਲ ਅਤੇ ਉਸ ਦੇ ਸਾਥੀ ਮਨਦੀਪ 'ਤੇ ਗੋਲੀਬਾਰੀ ਕੀਤੀ ਗਈ ਹੈ, ਜਿਸ 'ਚ ਬੱਲ ਅਤੇ ਮਨਦੀਪ ਨਾਂ ਦੇ ਵਿਅਕਤੀ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਉਕਤ ਵਿਅਕਤੀਆਂ 'ਤੇ ਗੋਲੀ ਚਲਾਉਣ ਵਾਲੇ ਮੁਲਜ਼ਮ ਦੀ ਪਛਾਣ ਦਲਜੀਤ ਕਾਲਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਬਠਿੰਡਾ 'ਚ ਹੋਏ ਔਰਤ ਦੇ ਕਤਲ ਮਗਰੋਂ ਹਰਸਿਮਰਤ ਬਾਦਲ ਨੇ ਟਵੀਟ ਕਰ ਘੇਰੀ ਪੰਜਾਬ ਸਰਕਾਰ

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਾਂਚ ਦੌਰਾਨ ਇਕ ਖੋਲ ਬਰਾਮਦ ਕੀਤਾ ਹੈ। ਪੁਲਸ ਨੇ ਜ਼ਖ਼ਮੀ ਮਨਦੀਪ ਸਿੰਘ ਦੇ ਬਿਆਨਾਂ ’ਤੇ ਪਿੰਡ ਰਾਏਪੁਰ-ਰਸੂਲਪੁਰ ਦੇ ਸਕੌਡਾ ਕਾਰ ’ਚ ਆਏ ਕਾਂਗਰਸੀ ਆਗੂ ਦਲਜੀਤ ਸਿੰਘ ਕਾਲਾ, ਪਿਆਰਦੀਪ ਸਿੰਘ ਉਰਫ਼ ਪਾਰੀ ਤੇ ਮਿੰਦੂ ਨੂੰ ਉਨ੍ਹਾਂ ਦੇ 3 ਸਾਥੀਆਂ ਸਮੇਤ ਕੁੱਲ 6 ਵਿਅਕਤੀਆਂ ’ਤੇ ਆਈ. ਪੀ. ਸੀ. ਦੀ ਧਾਰਾ 307 ਤੇ ਅਸਲਾ ਐਕਟ 147 ਤਹਿਤ ਮਾਮਲਾ ਦਰਜ ਕੀਤਾ ਹੈ।ਥਾਣਾ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਸ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਹਮਲਾਵਰ ਫ਼ਰਾਰ ਹੋ ਗਏ ਸਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐੱਸ. ਐੱਚ. ਓ. ਨੇ ਦੱਸਿਆ ਕਿ ਅਕਾਲੀ ਦਲ ਨਾਲ ਸਬੰਧਤ ਮਨਦੀਪ ਸਿੰਘ ਨੇ ਬਿਆਨ ਦਿੱਤੇ ਹਨ ਕਿ ਉਹ ਤੇ ਪ੍ਰਿਥਵੀ ਖਾਦ ਸਟੋਰ ਦੇ ਬਾਹਰ ਬੈਠੇ ਸਨ।

ਇਸ ਦੌਰਾਨ ਕਾਲਾ ਤੇ ਉਸ ਦੇ ਸਾਥੀ ਸਕੌਡਾ ਕਾਰ ’ਚ ਆਏ ਤੇ ਕਾਰ ’ਚੋਂ ਉਤਰਦੇ ਹੀ ਉਸ ਨੇ ਆਪਣਾ ਰਿਵਾਲਵਰ ਨਾਲ ਪ੍ਰਿਥਵੀ ਤੇ ਪਾਰੀ ਵੱਲ ਫਾਇਰਿੰਗ ਕੀਤੀ ਪਰ ਦੋਵਾਂ ਨੂੰ ਗੋਲੀ ਨਹੀਂ ਲੱਗੀ। ਉਨ੍ਹਾਂ ਦੇ ਮੋਢੇ ਤੇ ਬਾਂਹ ਕੋਲੋਂ ਗੋਲੀਆਂ ਨਿਕਲ ਗਈਆਂ। ਕਾਲਾ ਨੇ ਇਕ ਹੋਰ ਫਾਇਰ ਵੀ ਕੀਤਾ ਜੋ ਮਿਸ ਹੋ ਗਿਆ। ਇਸ ਤੋਂ ਬਾਅਦ ਮਿੰਦੂ ਤੇ ਅਣਪਛਾਤੇ ਹਮਲਾਵਰਾਂ ਨੇ ਕਾਰ ਤੋਂ ਹੇਠਾਂ ਉਤਰ ਕੇ ਪ੍ਰਿਥਵੀ ਤੇ ਮਨਦੀਪ ’ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੇ ਰੌਲਾ ਪਾਉਣ ਤੇ ਲੋਕਾਂ ਦੇ ਇਕੱਠੇ ਹੋਣ ’ਤੇ ਕਾਲਾ ਤੇ ਉਸ ਦਾ ਸਾਥੀ ਸਕੌਡਾ ਗੱਡੀ ’ਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।

ਐੱਸ. ਐੱਚ. ਓ. ਮਨਜੀਤ ਸਿੰਘ ਨੇ ਦੱਸਿਆ ਕਿ ਮਨਦੀਪ ਤੇ ਪ੍ਰਿਥਵੀ ਦੀ ਕਾਲਾ ਤੇ ਉਸ ਦੇ ਸਾਥੀਆਂ ਨਾਲ ਕੋਈ ਪੁਰਾਣੀ ਰੰਜਿਸ਼ ਚੱਲ ਰਹੀ ਹੈ, ਜਿਸ ਕਾਰਨ ਅੱਜ ਕਾਲਾ ਆਪਣੇ ਸਾਥੀਆਂ ਸਮੇਤ ਦੋਵਾਂ ’ਤੇ ਹਮਲਾ ਕਰਨ ਦੀ ਨੀਅਤ ਨਾਲ ਅੱਡਾ ਰਾਏਪੁਰ-ਰਸੂਲਪੁਰ ਪਹੁੰਚਿਆ ਸੀ। ਥਾਣਾ ਇੰਚਾਰਜ ਨੇ ਦੱਸਿਆ ਕਿ ਦਲਜੀਤ ਸਿੰਘ ਕਾਲਾ ਕੋਲ 3 ਰਿਵਾਲਵਰ ਸਨ ਪਰ ਉਸ ਦਾ ਅਸਲਾ ਲਾਇਸੈਂਸ ਰੱਦ ਕਰ ਦਿੱਤਾ ਗਿਆ ਸੀ, ਜਿਸ ਕਾਰਨ ਉਹ ਆਪਣੇ ਕੋਲ ਕੋਈ ਵੀ ਹਥਿਆਰ ਨਹੀਂ ਰੱਖ ਸਕਦਾ ਪਰ ਇਸ ਦੇ ਬਾਵਜੂਦ ਉਸ ਨੇ ਆਪਣੇ ਕੋਲ ਰੱਖੇ ਨਾਜਾਇਜ਼ ਹਥਿਆਰ ਨਾਲ ਅੱਜ ਪ੍ਰਿਥਵੀ ਤੇ ਮਨਦੀਪ ’ਤੇ ਫਾਇਰਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਾਲਾ ’ਤੇ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ ਦੇ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਕਾਲਾ ਕੋਲ ਅਸਲਾ ਕਿੱਥੋਂ ਆਇਆਆ, ਪੁਲਸ ਇਸ ਦੀ ਵੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।


Mandeep Singh

Content Editor

Related News