ਵਿਦੇਸ਼ ਗਏ ਪੁੱਤ ਦੀ ਘਰ ਪੁੱਜੇਗੀ ਲਾਸ਼, ਆਖਰੀ ਵਾਰ ਪਰਿਵਾਰ ਦੇਖੇਗਾ ਲਾਡਲੇ ਦਾ ਮੂੰਹ

07/12/2017 10:58:16 AM

ਪੈਰਿਸ/ਬੇਗੋਵਾਲ— ਮਾਪੇ ਬੱਚਿਆਂ ਦੇ ਚੰਗੇ ਭਵਿੱਖ ਲਈ ਉਨ੍ਹਾਂ ਤੋਂ ਦੂਰ ਰਹਿਣ ਦਾ ਵਿਛੋੜਾ ਤਾਂ ਸਹਿ ਸਕਦੇ ਹਨ ਪਰ ਸਦਾ ਲਈ ਵਿੱਛੜ ਜਾਣ ਵਾਲੇ ਪੁੱਤ ਨੂੰ ਉਹ ਕਦੇ ਭੁਲਾ ਨਹੀਂ ਸਕਦੇ। 23 ਸਾਲਾ ਸਿਮਰਨਜੀਤ ਸਿੰਘ ਉਰਫ ਜ਼ੈਲਦਾਰ ਨਿਵਾਸੀ ਬੇਗੋਵਾਲ ਦੀ ਮੌਤ ਦੀ ਖਬਰ ਨੇ ਪਰਿਵਾਰ ਦਾ ਲੱਕ ਤੋੜ ਦਿੱਤਾ ਹੈ। ਫਰਾਂਸ ਦੀ ਰਾਜਧਾਨੀ ਪੈਰਿਸ ਦੇ ਨੇੜਲੇ ਪਿੰਡ ਲਾ-ਕੋਰਨਵ ਦੀ ਪੁਲਸ ਨੇ ਦੱਸਿਆ ਕਿ 7 ਜੂਨ ਨੂੰ ਸਿਮਰਨਜੀਤ ਸਿੰਘ 5ਵੀਂ ਮੰਜ਼ਲ ਤੋਂ ਹੇਠਾਂ ਡਿੱਗ ਗਿਆ ਸੀ। ਇਸ ਮਗਰੋਂ ਹੈਲੀਕਾਪਟਰ ਰਾਹੀਂ ਇਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਭਿੱਜੀਆਂ ਅੱਖਾਂ ਨਾਲ ਉਸ ਦੀ ਲਾਸ਼ ਨੂੰ ਮੋਢਾ ਦੇ ਕੇ ਅੰਮ੍ਰਿਤਸਰ ਏਅਰਪੋਰਟ ਲਈ ਰਵਾਨਾ ਕਰ ਦਿੱਤਾ ਹੈ। ਬੁੱਧਵਾਰ ਸ਼ਾਮ ਤਕ ਸਿਮਰਨਜੀਤ ਦੀ ਲਾਸ਼ ਉਸ ਦੇ ਪਿੰਡ ਬੇਗੋਵਾਲ ਪੁੱਜ ਜਾਵੇਗੀ। 
ਐਸੋਸੀਏਸ਼ਨ ਔਰਰ ਡਾਨ ਦੇ ਮੋਢੀ ਮੈਂਬਰਾਂ, ਕੁਲਵਿੰਦਰ ਸਿੰਘ ਉਰਫ ਸੋਨੂੰ, ਬਿੱਟੂ ਬੰਗੜ, ਜਸਵੰਤ ਸਿੰਘ ਭਦਾਸ, ਕੁਲਦੀਪ ਸਿੰਘ ਭੂਲਪੁਰ, ਕਾਲਾ ਭੂਲਪੁਰ, ਮਿੰਟੂ, ਬਲਵਿੰਦਰ ਸਿੰਘ ਥਿੰਦ ਉਰਫ ਬਿੰਦਾ, ਸੋਨੂੰ ਜੈਦ ਬੱਸੀ, ਟੋਨੀ ਜੈਦਾਂ ਵਾਲੇ, ਇਕਬਾਲ ਸਿੰਘ ਭੱਟੀ ਅਤੇ ਚੀਮਾ ਬੇਗੋਵਾਲ ਆਦਿ ਨੇ ਜ਼ੈਲਦਾਰ ਉਰਫ ਸਿਮਰਨਜੀਤ ਦੀ ਅਸਹਿ ਅਤੇ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕ ਦੇ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਨੂੰ ਕਿਹਾ ਹੈ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਔਰਰ-ਡਾਨ ਵੱਲੋਂ 2003 ਤੋਂ ਲੈ ਕੇ ਹੁਣ ਤੱਕ ਭੇਜੀਆਂ ਜਾਣ ਵਾਲੀਆਂ ਮ੍ਰਿਤਕ ਦੇਹਾਂ ਦੇ ਅੰਕੜਿਆਂ ਮੁਤਾਬਿਕ ਫਰਾਂਸ ਤੋਂ ਭੇਜੀ ਜਾਣ ਵਾਲੀ ਇਹ 107ਵੀਂ ਅਤੇ ਪਿੰਡ ਬੇਗੋਵਾਲ ਦੀ 5ਵੀਂ ਮ੍ਰਿਤਕ ਦੇਹ ਹੈ।


Related News