ਫਰੀਜ਼ਰ ’ਚ ਰੱਖੀ ਮ੍ਰਿਤਕ ਦੇਹ, 5 ਘੰਟੇ ਬਾਅਦ ਮਿਲੀ ਜਿਊਂਦੀ

05/15/2019 12:19:32 AM

ਕਾਲਾ ਸੰਘਿਆਂ, (ਨਿੱਝਰ)-ਸਥਾਨਕ ਕਸਬੇ ’ਚ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਵਿਖੇ ਰੱਖੀ ਮ੍ਰਿਤਕ ਦੇਹ 5 ਘੰਟੇ ਬਾਅਦ ਜਿਊਂਦੀ ਪਾਈ ਜਾਣ ਦਾ ਸਨਸਨੀਖੇਜ਼ ਸਮਾਚਾਰ ਮਿਲਿਆ ਹੈ। ਸਥਾਨਕ ਪੁਲਸ ਚੌਕੀ ਦੇ ਇੰਚਾਰਜ ਠਾਕੁਰ ਸਿੰਘ ਏ. ਐੱਸ. ਆਈ. ਅਤੇ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 2.30 ਵਜੇ ਪ੍ਰਵੀਨ ਕੁਮਾਰੀ ਪਤਨੀ ਬ੍ਰਹਮ ਦੱਤ ਉਮਰ 65 ਸਾਲ ਨਿਵਾਸੀ ਪਿੰਡ ਜੱਲੋਵਾਲ, ਜ਼ਿਲਾ ਕਪੂਰਥਲਾ ਦੀ ਮ੍ਰਿਤਕ ਦੇਹ ਫ਼ਰੀਜ਼ਰ (ਮੋਰਚਰੀ) ’ਚ ਰੱਖ ਕੇ ਗਏ ਸਨ।

ਉਨ੍ਹਾਂ ਕਿਹਾ ਕਿ ਪ੍ਰਵੀਨ ਕੁਮਾਰੀ ਜਲੰਧਰ ਦੇ ਪਿਮਸ ਹਸਪਤਾਲ ’ਚ ਕੁਝ ਦਿਨਾਂ ਤੋਂ ਦਾਖਲ ਸਨ, ਜਿਥੇ ਉਨ੍ਹਾਂ ਦੀ ਮੌਤ ਹੋ ਗਈ ਅਤੇ ਫਿਰ ਪਰਿਵਾਰ ਵਾਲੇ ਵਾਪਸ 5 ਵਜੇ ਮ੍ਰਿਤਕ ਨੂੰ ਵੇਖਣ ਆਏ। ਮੋਰਚਰੀ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਕਿਹਾ ਕਿ 7 ਵਜੇ ਉਸ ਨੇ ਫਰੀਜ਼ਰ ਖੋਲ੍ਹ ਕੇ ਮ੍ਰਿਤਕ ਨੂੰ ਵੇਖਿਆ ਤਾਂ ਉਸ ਨੂੰ ਬਾਡੀ ਹਰਕਤ ਕਰਦੀ ਤੇ ਸਾਹ ਚਲਦੇ ਲੱਗੇ ਤਾਂ ਉਸ ਨੇ ਫਰੀਜ਼ਰ ਦਾ ਬੂਹਾ ਖੋਲ੍ਹ ਦਿੱਤਾ ਤੇ ਮਾਤਾ ਨੂੰ ਚੂਲੀ ਨਾਲ ਪਾਣੀ ਪਿਆਇਆ ਜੋ ਉਸ ਨੇ ਪੀ ਲਿਆ। ਉਪਰੰਤ ਫੋਨ ਕਰ ਕੇ ਪਰਿਵਾਰ ਵਾਲਿਆਂ ਨੂੰ ਦੱਸਿਆ। ਉਸ ਦੀਆਂ ਅੱਖਾਂ ’ਤੇ ਲਾਈ ਪੱਟੀ ਖੋਲ੍ਹੀ ਗਈ ਤਾਂ ਉਸ ਨੇ ਅੱਖਾਂ ਵੀ ਖੋਲ੍ਹ ਲਈਆਂ। ਪਰਿਵਾਰ ਵਾਲੇ 8 ਵਜੇ ਮਾਤਾ ਨੂੰ ਇਥੋਂ ਸਰਕਾਰੀ ਹਸਪਤਾਲ ਕਪੂਰਥਲਾ ਲੈ ਗਏ ਜਿਥੇ ਖਬਰ ਲਿਖੇ ਜਾਣ ਤੱਕ ਮਾਤਾ ਠੀਕ ਦੱਸੀ ਜਾ ਰਹੀ ਸੀ। ਇਹ ਘਟਨਾ ਕਿਵੇਂ ਵਾਪਰੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਕਿਵੇਂ ਦਿੱਤਾ ਅਤੇ ਅੱਖਾਂ ’ਤੇ ਪੱਟੀ ਕਿਉਂ ਕਿਸ ਨੇ ਬੰਨ੍ਹੀ ਇਹ ਸਨਸਨੀਖੇਜ਼ ਘਟਨਾ ਭੇਦ ਬਣੀ ਹੋਈ ਹੈ।


Arun chopra

Content Editor

Related News