ਜਲੰਧਰ ਵਿਚ ਇਨ੍ਹਾਂ ਥਾਵਾਂ ''ਤੇ ਹੋਵੇਗੀ ਭਲਕੇ ਵੋਟਾਂ ਦੀ ਗਿਣਤੀ

03/09/2022 2:38:52 PM

ਜਲੰਧਰ (ਚੋਪੜਾ)–ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸਾਰੇ 9 ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ 10 ਮਾਰਚ ਨੂੰ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੇ ਦਿਨ ਸਥਾਨਕ ਐੱਚ. ਐੱਮ. ਵੀ. ਕਾਲਜ ਵਿਚ ਕਾਊਂਟਿੰਗ ਆਬਜ਼ਰਵਰ ਅਜਯਨ ਸੀ. ਦੀ ਹਾਜ਼ਰੀ ਵਿਚ ਕਾਊਂਟਿੰਗ ਸਟਾਫ਼ ਲਈ ਸੈਕਿੰਡ ਟਰੇਨਿੰਗ ਸੈਸ਼ਨ ਕਰਵਾਇਆ।
ਡਿਪਟੀ ਕਮਿਸ਼ਨਰ ਕਮ-ਜ਼ਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਨੇ ਟਰੇਨਿੰਗ ਸੈਸ਼ਨ ਦਾ ਮੁਆਇਨਾ ਕਰਦਿਆਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਜਿਨ੍ਹਾਂ ਵਿਚ 207 ਗਿਣਤੀ ਸੁਪਰਵਾਈਜ਼ਰ, 207 ਗਿਣਤੀ ਸਹਾਇਕ ਅਤੇ 207 ਮਾਈਕ੍ਰੋ-ਆਬਜ਼ਰਵਰ ਸ਼ਾਮਲ ਹਨ, ਨੂੰ ਆਪਣੀ ਡਿਊਟੀ ਪੂਰੀ ਸੰਜੀਦਗੀ ਅਤੇ ਲਗਨ ਨਾਲ ਨਿਭਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਸਾਰੇ ਵਿਧਾਨ ਸਭਾ ਹਲਕਿਆਂ ਲਈ ਵੋਟਾਂ ਦੀ ਗਿਣਤੀ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਵੇਗਾ, ਜਿਸ ਦੇ ਲਈ ਗਿਣਤੀ ਕੇਂਦਰਾਂ ’ਤੇ ਸਾਰੇ ਜ਼ਰੂਰੀ ਪ੍ਰਬੰਧ ਪੂਰੇ ਕੀਤੇ ਜਾ ਰਹੇ ਹਨ।

ਘਨਸ਼ਾਮ ਥੋਰੀ ਨੇ ਦੱਸਿਆ ਕਿ ਫਿਲੌਰ ਅਤੇ ਜਲੰਧਰ ਉੱਤਰੀ ਵਿਧਾਨ ਸਭਾ ਹਲਕਿਆਂ ਦੀ ਵੋਟਾਂ ਦੀ ਗਿਣਤੀ ਕ੍ਰਮਵਾਰ ਮੈਰੀਟੋਰੀਅਸ ਸਕੂਲ ਦੇ ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ਦੇ ਹਾਲ ਵਿਚ ਹੋਵੇਗੀ, ਜਦਕਿ ਸ਼ਾਹਕੋਟ, ਨਕੋਦਰ ਅਤੇ ਜਲੰਧਰ ਕੇਂਦਰੀ ਹਲਕਿਆਂ ਵਿਚ ਗਿਣਤੀ ਦਾ ਕੰਮ ਕ੍ਰਮਵਾਰ ਡਾਇਰੈਕਟਰ ਲੈਂਡ ਰਿਕਾਰਡਜ਼, ਸਟੇਟ ਪਟਵਾਰ ਸਕੂਲ ਦੇ ਦਫ਼ਤਰ ਅਤੇ ਡਾਇਰੈਕਟਰ ਲੈਂਡ ਰਿਕਾਰਡਜ਼ ਬਿਲਡਿੰਗ ਵਿਚ ਤੀਜੀ ਅਤੇ ਪੰਜਵੀਂ ਮੰਜ਼ਿਲ ’ਤੇ ਸਥਿਤ ਹਾਲ ਵਿਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਤਾਂ ਕੀ ਕਾਂਗਰਸ ਤੇ ਭਾਜਪਾ ਦਾ ਇਹ ਦਾਅ ਹੋ ਗਿਆ ਹੈ ਫਲਾਪ ?

ਇਸੇ ਤਰ੍ਹਾਂ ਕਰਤਾਰਪੁਰ ਅਤੇ ਆਦਮਪੁਰ ਹਲਕਿਆਂ ਦੀ ਗਿਣਤੀ ਕ੍ਰਮਵਾਰ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਇਨਡੋਰ ਸਟੇਡੀਅਮ ਦੇ ਖੱਬੇ ਅਤੇ ਸੱਜੇ ਹਾਲ ਵਿਚ ਹੋਵੇਗੀ, ਜਦਕਿ ਜਲੰਧਰ ਪੱਛਮੀ ਹਲਕੇ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਜਿਮਨੇਜ਼ੀਅਮ ਹਾਲ ਵਿਚ ਪੁਰਾਣੀ ਬਿਲਡਿੰਗ ਵਿਚ ਹੋਵੇਗੀ। ਜਲੰਧਰ ਛਾਉਣੀ ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਦੇ ਪੈਵੇਲੀਅਨ ਹਾਲ ਵਿਚ ਹੋਵੇਗੀ। ਵੋਟਾਂ ਦੀ ਗਿਣਤੀ ਦੀ ਨਿਗਰਾਨੀ ਲਈ ਡਾਇਰੈਕਟਰ ਲੈਂਡ ਰਿਕਾਰਡਜ਼ ਦਫਤਰ ਵਿਚ ਇਕ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਤਾਂ ਕੀ ਪੰਜਾਬ ’ਚ ਪਹਿਲੀ ਵਾਰ ਬਣੇਗੀ ਗੈਰ ਪੰਥਕ ਪਾਰਟੀ ਦੀ ਸਰਕਾਰ?

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਾਊਂਟਿੰਗ ਸਟਾਫ ਨੂੰ ਟਰੇਨਿੰਗ ਦੇਣ ਲਈ ਕਾਲਜ ਵਿਚ 5 ਵੱਖ-ਵੱਖ ਸਿਖਲਾਈ ਕੇਂਦਰ ਸਥਾਪਤ ਕੀਤੇ ਗਏ ਸਨ। ਟਰੇਨਿੰਗ ਸੈਸ਼ਨ ਦੌਰਾਨ ਮਾਸਟਰ ਟਰੇਨਾਂ ਵੱਲੋਂ ਪਾਵਰ ਪੁਆਇੰਟ ਪ੍ਰੈਜ਼ੈਂਟੇਸ਼ਨ ਰਾਹੀਂ ਸਟਾਫ ਨੂੰ ਵੋਟਿੰਗ ਮਸ਼ੀਨਾਂ ਨਾਲ ਵੋਟਾਂ ਦੀ ਗਿਣਤੀ, ਰਾਊਂਡ ਵਾਈਜ਼ ਨਤੀਜਿਆਂ ਦਾ ਐਲਾਨ ਕਰਨ ਸਮੇਤ ਵੱਖ-ਵੱਖ ਪ੍ਰਕਿਰਿਆਵਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਸੈਸ਼ਨ ਦੇ ਅੰਤ ਵਿਚ ਸਟਾਫ਼ ਵਿਚ ਡਾਊਟ ਕਲੀਅਰਿੰਗ ਸੈਸ਼ਨ ਵੀ ਕਰਵਾਇਆ ਗਿਆ। ਇਸ ਮੌਕੇ ਐਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਅਮਰਜੀਤ ਬੈਂਸ, ਸਹਾਇਕ ਕਮਿਸ਼ਨਰ (ਯੂ. ਟੀ.) ਓਜਸਵੀ ਅਲੰਕਾਰ, ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ, ਜ਼ਿਲਾ ਪੱਧਰੀ ਮਾਸਟਰ ਟਰੇਨਰ ਕਰਣ ਸ਼ਰਮਾ, ਡਾ. ਹਰਵਿੰਦਰ ਸਿੰਘ, ਹਲਕਾ ਪੱਧਰੀ ਮਾਸਟਰ ਟਰੇਨਰ ਸੁਰੇਸ਼ ਮੱਗੋ, ਗੁਲਸ਼ਨ ਸ਼ਰਮਾ, ਰਣਜੀਤ ਸਿੰਘ, ਅਮਨਪ੍ਰਤਾਪ ਸਿੰਘ ਪਾਲ, ਕੁਲਦੀਪ ਯਾਦਵ, ਸੁਰਿੰਦਰ ਸ਼ਰਮਾ, ਜਤਿੰਦਰ ਕੁਮਾਰ, ਰਾਕੇਸ਼ ਕੁਮਾਰ, ਸੁਮਿਤ ਸ਼ਰਮਾ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਪੰਜਾਬ ਵਿਧਾਨ ਸਭਾ ਚੋਣਾਂ: ਐਗਜ਼ਿਟ ਪੋਲ ਅਨੁਸਾਰ ਆਏ ਨਤੀਜੇ ਤਾਂ ਪੰਜਾਬ ’ਚ ਫੇਲ ਸਾਬਿਤ ਹੋਵੇਗਾ ਡੇਰਾ ਫੈਕਟਰ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News