ਬੇਸਹਾਰਾ ਗਊਆਂ ਦੀ ਸੰਭਾਲ ਕਰਨ ''ਚ ਨਿਗਮ ਬੁਰੀ ਤਰ੍ਹਾਂ ਫੇਲ

Monday, Mar 05, 2018 - 06:47 AM (IST)

ਬੇਸਹਾਰਾ ਗਊਆਂ ਦੀ ਸੰਭਾਲ ਕਰਨ ''ਚ ਨਿਗਮ ਬੁਰੀ ਤਰ੍ਹਾਂ ਫੇਲ

ਅੰਮ੍ਰਿਤਸਰ, (ਵੜੈਚ)-  ਮਹਾਨਗਰ 'ਚ ਆਵਾਰਾ ਕੁੱਤਿਆਂ ਦੀ ਤਰ੍ਹਾਂ ਬੇਸਹਾਰਾ ਗਊਆਂ ਦੀ ਸੰਭਾਲ ਕਰਨ ਵਿਚ ਵੀ ਨਗਰ ਨਿਗਮ ਬੁਰੀ ਤਰ੍ਹਾਂ ਫੇਲ ਹੋ ਰਿਹਾ ਹੈ। ਨਿਗਮ ਦੀ ਗਊਸ਼ਾਲਾ ਦਾ ਬੁਰਾ ਹਾਲ ਹੈ। ਸ਼ਹਿਰ ਦੀਆਂ ਬਾਕੀ ਗਊਸ਼ਾਲਾਵਾਂ ਨੂੰ ਸਰਕਾਰਾਂ ਵੱਲੋਂ ਕੋਈ ਸਹਾਇਤਾ ਨਾ ਮਿਲਣ ਕਾਰਨ ਗਊਸ਼ਾਲਾ ਕਮੇਟੀਆਂ ਵਾਲੇ ਨਿਗਮ ਦੇ ਸਿਹਤ ਵਿਭਾਗ ਵੱਲੋਂ ਫੜੇ ਪਸ਼ੂਆਂ ਨੂੰ ਲੈਣ ਤੋਂ ਇਨਕਾਰ ਕਰ ਦਿੰਦੇ ਹਨ, ਜਿਸ ਕਰ ਕੇ ਪਸ਼ੂਆਂ ਨੂੰ ਕਾਬੂ ਨਾ ਕਰਨ ਤੇ ਨਿਗਮ ਦੀਆਂ ਲਾਪ੍ਰਵਾਹੀਆਂ ਕਰ ਕੇ ਸ਼ਹਿਰਵਾਸੀ ਮੁਸੀਬਤਾਂ ਦਾ ਸ਼ਿਕਾਰ ਹੋ ਰਹੇ ਹਨ।
ਸ਼ਹਿਰਵਾਸੀ, ਅਕਾਲੀ-ਭਾਜਪਾ ਕੌਂਸਲਰ ਅਮਨ ਐਰੀ, ਅਰਵਿੰਦ ਸ਼ਰਮਾ, ਸੁਸ਼ੀਲ ਸ਼ਰਮਾ, ਜਰਨੈਲ ਸਿੰਘ ਢੋਟ, ਕਪਿਲ ਸ਼ਰਮਾ, ਬਲਜਿੰਦਰ ਸਿੰਘ ਬਿੱਲਾ, ਕਿਰਨਪ੍ਰੀਤ ਸਿੰਘ ਮੋਨੂੰ, ਮਨਮੀਤ ਸਿੰਘ ਤੇ ਪਵਿੱਤਰਜੋਤ ਨੇ ਕਿਹਾ ਕਿ ਨਗਰ ਨਿਗਮ ਸੜਕਾਂ 'ਤੇ ਬੇਸਹਾਰਾ ਘੁੰਮਦੇ ਪਸ਼ੂਆਂ ਨੂੰ ਕਾਬੂ ਕਰਨ 'ਚ ਫੇਲ ਹੋ ਰਿਹਾ ਹੈ। ਨਿਗਮ ਵਿਭਾਗ ਪਸ਼ੂਆਂ ਨੂੰ ਉਠਾ ਕੇ ਸਹੀ ਜਗ੍ਹਾ ਤੱਕ ਪਹੁੰਚਾਉਣ 'ਚ ਕਾਮਯਾਬ ਨਹੀਂ ਹੋਇਆ। ਨਿਗਮ ਕਮਿਸ਼ਨਰ ਤੇ ਮੇਅਰ ਨੂੰ ਇਨ੍ਹਾਂ ਪਸ਼ੂਆਂ ਦੀ ਸੰਭਾਲ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।
ਫੁੱਟਪਾਥਾਂ ਸਮੇਤ ਸੜਕਾਂ ਵਿਚਕਾਰ ਬੈਠੇ ਪਸ਼ੂ ਦੁਰਘਟਨਾਵਾਂ ਦਾ ਕਾਰਨ ਵੀ ਬਣਦੇ ਹਨ। ਪਹਿਲਾਂ ਨਿਗਮ ਵੱਲੋਂ ਕੁਝ ਗਊਸ਼ਾਲਾਵਾਂ ਨੂੰ ਸਹਾਇਤਾ ਦਿੱਤੀ ਜਾਂਦੀ ਸੀ, ਜਿਸ ਨਾਲ ਗਊਆਂ ਦੀ ਸੰਭਾਲ ਹੁੰਦੀ ਸੀ ਪਰ ਨਿਗਮ ਵੱਲੋਂ ਸਹਾਇਤਾ ਨਾ ਦੇਣ 'ਤੇ ਗਊਸ਼ਾਲਾਵਾਂ 'ਚ ਪਹਿਲਾਂ ਤੋਂ ਹੀ ਵੱਧ ਪਸ਼ੂ ਹੋਣ ਕਰ ਕੇ ਨਿਗਮ ਨੂੰ ਠੇਂਗਾ ਦਿਖਾਇਆ ਜਾ ਰਿਹਾ ਹੈ। ਨਿਗਮ ਕੋਲ ਪਸ਼ੂਆਂ ਨੂੰ ਰੱਖਣ ਲਈ ਜੋ ਥਾਂ ਹੈ, ਉਥੇ ਪਸ਼ੂਆਂ ਦੀ ਸਹੀ ਵਿਵਸਥਾ ਨਹੀਂ ਹੋ ਸਕਦੀ। ਇਕ ਪਾਸੇ ਸਵੱਛਤਾ ਸਰਵੇਖਣ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸ਼ਹਿਰ ਨੂੰ ਸਾਫ ਰੱਖਣ ਦੀਆਂ ਆਵਾਜ਼ਾਂ ਬੁਲੰਦ ਕੀਤੀਆਂ ਜਾ ਰਹੀਆਂ ਹਨ ਪਰ ਗਊਆਂ ਵੱਲੋਂ ਥਾਂ-ਥਾਂ 'ਤੇ ਗੋਬਰ ਤੇ ਹੋਰ ਫੈਲਾਈ ਜਾ ਰਹੀ ਗੰਦਗੀ ਨੂੰ ਨਿਗਮ ਹਟਾਉਣ 'ਚ ਕਾਮਯਾਬ ਨਹੀਂ ਹੋ ਰਿਹਾ। ਗੁਰੂ ਨਗਰੀ ਦੀ ਖੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਆਵਾਰਾ ਪਸ਼ੂਆਂ ਦੀ ਸੰਭਾਲ ਕਰਨੀ ਵੀ ਜ਼ਰੂਰੀ ਹੈ।


Related News