ਸਫਾਈ ਸਰਵੇਖਣ ਨੂੰ ਲੈ ਕੇ ਨਿਗਮ ਦੇ ਦਾਅਵੇ ਠੁੱਸ

Saturday, Jan 20, 2018 - 07:38 AM (IST)

ਸਫਾਈ ਸਰਵੇਖਣ ਨੂੰ ਲੈ ਕੇ ਨਿਗਮ ਦੇ ਦਾਅਵੇ ਠੁੱਸ

ਅੰਮ੍ਰਿਤਸਰ, (ਰਮਨ)- ਨਗਰ ਨਿਗਮ ਵੱਲੋਂ ਸਫਾਈ ਸਰਵੇਖਣ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ 'ਚ ਨੁੱਕੜ ਡਰਾਮੇ ਤੇ ਸੈਮੀਨਾਰ ਆਦਿ ਕਰਵਾਏ ਜਾ ਰਹੇ ਹਨ। ਇਸ ਸਬੰਧੀ ਨਿਗਮ ਦੇ ਸਿਹਤ ਅਧਿਕਾਰੀ ਰਾਜੂ ਚੌਹਾਨ ਨੇ ਆਪ ਕਮਾਨ ਸੰਭਾਲੀ ਹੋਈ ਹੈ। ਉਹ ਹਰ ਜਗ੍ਹਾ ਬੱਚਿਆਂ ਅਤੇ ਸ਼ਹਿਰਵਾਸੀਆਂ ਨੂੰ ਤਾਂ ਜਾਗਰੂਕ ਕਰ ਰਹੇ ਹਨ ਪਰ ਨਿਗਮ ਦਫਤਰ ਵਿਚ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੋਕਾਂ ਦੇ ਮੂੰਹ ਚਿੜ੍ਹਾ ਰਹੇ ਹਨ। ਸਫਾਈ ਸਰਵੇਖਣ ਦੀ ਪੋਲ ਖੋਲ੍ਹਦੇ ਹੋਏ ਆਰ. ਟੀ. ਆਈ. ਐਕਟੀਵਿਸਟ ਰਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਪੂਰੇ ਸ਼ਹਿਰ 'ਚ ਸਿਹਤ ਅਧਿਕਾਰੀ ਸਫਾਈ ਸਬੰਧੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਪਰ ਉਨ੍ਹਾਂ ਦੇ ਆਪਣੇ ਦਫਤਰ ਵਿਚ ਪੂਰੀ ਮਾਤਰਾ ਵਿਚ ਡਸਟਬਿਨ ਵੀ ਨਹੀਂ ਹਨ, ਜਿਨ੍ਹਾਂ ਨੂੰ ਨਿਗਮ ਵਿਚ ਆਉਣ ਵਾਲੇ ਲੋਕ ਇਸਤੇਮਾਲ ਕਰ ਸਕਣ।
ਰਾਜੂ ਨੇ ਕਿਹਾ ਕਿ ਡਾ. ਚੌਹਾਨ ਦੇ ਆਪਣੇ ਦਫਤਰ ਦੀ ਦੂਜੀ ਮੰਜ਼ਿਲ ਵਿਚ ਕੋਰੀਡੋਰ 'ਚ ਗੰਦਗੀ ਦਾ ਆਲਮ ਬਣਿਆ ਹੋਇਆ ਹੈ, ਜੋ ਕਿ ਅੱਜ ਤੱਕ ਸਿਹਤ ਅਧਿਕਾਰੀ ਨੇ ਨਹੀਂ ਦੇਖਿਆ ਤੇ ਨਾ ਹੀ ਕਿਸੇ ਕਰਮਚਾਰੀ ਨੇ ਉਸ ਨੂੰ ਚੁੱਕਣ ਦੀ ਜ਼ਰੂਰਤ ਸਮਝੀ। ਉਨ੍ਹਾਂ ਕਿਹਾ ਕਿ ਸਾਰੇ ਸ਼ਹਿਰ ਨੂੰ ਜਾਗਰੂਕ ਕਰਨ ਵਾਲੇ ਡਾਕਟਰ ਸਾਹਿਬ ਦੇ ਆਪਣੇ ਨਿਗਮ ਦਫਤਰ ਵਿਚ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਹਨ। ਹੁਣ ਇਨ੍ਹਾਂ ਢੇਰਾਂ ਨੂੰ ਸਫਾਈ ਐਪ ਵਿਚ ਕੀ ਆਪ ਡਾਕਟਰ ਸਾਹਿਬ ਸ਼ਿਕਾਇਤ ਕਰਨਗੇ ਕਿ ਇਥੇ ਗੰਦਗੀ ਨੂੰ ਚੁੱਕਿਆ ਜਾਵੇ।
ਆਰ. ਟੀ. ਆਈ. ਐਕਟੀਵਿਸਟ ਨੇ ਕਿਹਾ ਕਿ ਨਿਗਮ ਦੇ ਅਜਿਹੇ ਅਧਿਕਾਰੀਆਂ ਉਪਰ ਕਹਾਵਤ ਸਿੱਧ ਹੁੰਦੀ ਨਜ਼ਰ ਆਉਂਦੀ ਹੈ ਕਿ ਦੂਸਰਿਆਂ ਨੂੰ ਨਸੀਹਤ, ਆਪ ਮੀਆਂ ਫਜ਼ੀਹਤ। ਉਨ੍ਹਾਂ ਕਿਹਾ ਕਿ ਜੋ ਅਧਿਕਾਰੀ ਆਪਣੇ ਦਫਤਰ ਨੂੰ ਸਾਫ ਨਹੀਂ ਰੱਖ ਸਕਦੇ ਅਤੇ ਦੂਸਰਿਆਂ ਨੂੰ ਇਸ ਸਫਾਈ ਪ੍ਰਤੀ ਜਾਗਰੂਕ ਕਰ ਰਹੇ ਹਨ, ਅਜਿਹੇ ਅਧਿਕਾਰੀ ਨੂੰ ਕੁਰਸੀ 'ਤੇ ਨਹੀਂ ਬੈਠਣਾ ਚਾਹੀਦਾ ਅਤੇ ਲੋਕਾਂ ਨੂੰ ਜਾਗਰੂਕ ਨਹੀਂ ਕਰਨਾ ਚਾਹੀਦਾ। ਸ਼ਹਿਰ ਵਿਚ ਸਫਾਈ ਸਰਵੇਖਣ ਵਿਚ ਖਰੇ ਉਤਰਨ ਦੇ ਦਾਅਵੇ ਹਵਾ-ਹਵਾਈ ਹੁੰਦੇ ਨਜ਼ਰ ਆ ਰਹੇ ਹਨ। ਸ਼ਹਿਰ ਵਿਚ ਤਾਂ ਕਈ ਜਗ੍ਹਾ ਗੰਦਗੀ ਦਾ ਆਲਮ ਹੈ, ਨਾਲ ਹੀ ਨਿਗਮ ਦੇ ਆਪਣੇ ਦਫਤਰ ਵਿਚ ਵੀ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਹਨ। ਇਸ ਸਬੰਧੀ ਸਿਹਤ ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ।


Related News