ਸਰਕਾਰੀ ਸਕੂਲ ਕਰਮਪੁਰਾ ਵਿਖੇ ਬਣਾਈ ਇਮਾਰਤ ਦੀ ਹੋਵੇਗੀ ਜਾਂਚ
Tuesday, Oct 24, 2017 - 04:03 AM (IST)
ਅੰਮ੍ਰਿਤਸਰ, (ਬਿਊਰੋ)- ਸਰਕਾਰੀ ਸਕੂਲ ਕਰਮਪੁਰਾ, ਜਿਥੇ ਕਿ ਲੋੜਵੰਦ ਬੱਚਿਆਂ ਲਈ ਪਹਿਲ ਸਕੂਲ ਵੀ ਚੱਲ ਰਿਹਾ ਹੈ, ਦੇ ਵਿਸਥਾਰ ਲਈ ਹੋਰ ਪ੍ਰਬੰਧ ਕਰਨ ਪਹੁੰਚੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਥੇ ਬਣੀ ਇਕ ਅਧੂਰੀ ਇਮਾਰਤ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅੱਜ ਵਿਸ਼ੇਸ਼ ਤੌਰ 'ਤੇ ਪਹਿਲ ਸਕੂਲ ਦੀ ਸਾਰ ਲੈਣ ਪਹੁੰਚੇ ਸ. ਔਜਲਾ ਨੂੰ ਜਦ ਇਸ ਅਧੂਰੀ ਇਮਾਰਤ ਬਾਰੇ ਕਿਸੇ ਕੋਲੋਂ ਸਪੱਸ਼ਟ ਉੱਤਰ ਨਾ ਮਿਲਿਆ ਤਾਂ ਉਨ੍ਹਾਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ. ਕਮਲਦੀਪ ਸਿੰਘ ਸੰਘਾ ਨੂੰ ਅਪੀਲ ਕੀਤੀ ਕਿ ਉਹ ਇਸ ਇਮਾਰਤ ਸਬੰਧੀ ਸੱਚ ਸਾਹਮਣੇ ਲਿਆ ਕੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਕਰਨ। ਉਨ੍ਹਾਂ ਬੱਚਿਆਂ ਦੀਆਂ ਲੋੜਾਂ ਸਬੰਧੀ ਸਟਾਫ ਨਾਲ ਵੀ ਗੱਲ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਦੱਸਣਯੋਗ ਹੈ ਕਿ ਇਥੇ ਕਰੀਬ 72 ਲੱਖ ਰੁਪਏ ਦੀ ਲਾਗਤ ਨਾਲ ਇਕ ਇਮਾਰਤ ਦਾ ਨਿਰਮਾਣ ਕੀਤਾ ਜਾਣਾ ਸੀ ਪਰ ਇਮਾਰਤ ਮੁਕੰਮਲ ਤਿਆਰ ਨਹੀਂ ਹੋ ਸਕੀ। ਅਧਿਆਪਕਾਂ ਦੇ ਦੱਸਣ ਮੁਤਾਬਿਕ ਠੇਕੇਦਾਰ ਕਹਿੰਦਾ ਹੈ ਕਿ ਜਿੰਨੇ ਪੈਸੇ ਮਿਲੇ ਸਨ, ਉਨੇ ਦਾ ਕੰਮ ਕਰਵਾ ਦਿੱਤਾ ਗਿਆ ਹੈ, ਜਦਕਿ ਵਿਭਾਗ ਦੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੈਸੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਸੰਘਾ ਨੇ ਕਿਹਾ ਕਿ ਜਿਥੇ ਇਸ ਅਧੂਰੀ ਇਮਾਰਤ ਨੂੰ ਮੁਕੰਮਲ ਕਰਵਾਇਆ ਜਾਵੇਗਾ ਉਥੇ ਪਹਿਲ ਸਕੂਲ ਦੇ ਨਾਲ-ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਪੁਰਾ ਦੀ ਹਾਲਤ ਵੀ ਸੁਧਾਰੀ ਜਾਵੇਗੀ।
ਇਸ ਸਮੇਂ ਵਿਧਾਇਕ ਸ਼੍ਰੀ ਸੁਨੀਲ ਦੱਤੀ, ਜ਼ਿਲਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਸੁਨੀਤਾ ਕਿਰਨ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
