ਕੌਂਸਲਰ ਵੱਲੋਂ ਸਿਆਸੀ ਦਖਲ-ਅੰਦਾਜ਼ੀ ਤਹਿਤ ਵਿਕਾਸ ਦੇ ਕੰਮ ਕੱਟੇ ਜਾਣ ਦਾ ਦੋਸ਼
Monday, Mar 26, 2018 - 06:41 AM (IST)

ਲੋਹੀਆਂ ਖਾਸ, (ਮਨਜੀਤ)- ਪਿਛਲੇ ਦਿਨੀਂ ਨਕੋਦਰ ਰੈਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਾਹਕੋਟ ਦੀ ਜ਼ਿਮਨੀ ਚੋਣ ਨੂੰ ਲੈ ਕੇ ਹਲਕਾ ਸ਼ਾਹਕੋਟ ਦੇ ਵਿਕਾਸ ਲਈ 113 ਕਰੋੜ ਰੁਪਏ ਦੇ ਕੀਤੇ ਗਏ ਐਲਾਨ ਸਬੰਧੀ ਦਫ਼ਤਰ ਨਗਰ ਪੰਚਾਇਤ ਲੋਹੀਆਂ ਵੱਲੋਂ ਵਿਕਾਸ ਕਾਰਜ ਸ਼ਹਿਰ 'ਚ ਕਰਵਾਉਣ ਲਈ ਵੱਖ-ਵੱਖ ਵਾਰਡਾਂ ਦੇ ਸਬੰਧਤ ਕੌਂਸਲਰਾਂ ਕੋਲੋਂ ਐਸਟੀਮੇਟ ਬਣਾਏ ਗਏ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਰਡ ਨੰਬਰ ਪੰਜ ਦੀ ਕੌਂਸਲਰ ਸਾਹਿਬ ਸਿੰਘ ਨੇ ਦੱਸਿਆ ਕਿ ਐਸਟੀਮੇਟ ਬਣਾਉਣ ਉਪਰੰਤ ਜੇ. ਈ. ਵੱਲੋਂ ਇਕ ਲਿਸਟ ਤਿਆਰ ਕਰਕੇ ਕੌਂਸਲਰਾਂ ਨੂੰ ਦਿਖਾਈ ਗਈ, ਜਿਸ ਵਿਚ ਕੌਂਸਲਰਾਂ ਵੱਲੋਂ ਪਾਏ ਗਏ ਸਾਰੇ ਕੰਮ ਸਨ। ਕੌਂਸਲਰ ਸਾਹਿਬ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮੈਂ ਉਸ ਵੇਲੇ ਹੈਰਾਨ ਰਹਿ ਗਿਆ ਜਦੋਂ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਗਈ ਲਿਸਟ ਵਿਚੋਂ ਮੇਰੇ ਵੱਲੋਂ ਵਾਰਡ ਦੇ ਪਵਾਏ ਗਏ ਉਹ ਜ਼ਰੂਰੀ ਕੰਮ ਕੱਟ ਦਿੱਤੇ ਗਏ ਜਿੱਥੇ ਗਲੀਆਂ ਕੱਚੀਆਂ ਸਨ। ਕਾਂਗਰਸੀਆਂ ਦੀ ਸਿਆਸੀ ਦਖਲਅੰਦਾਜ਼ੀ ਕਾਰਨ ਇਹ ਕੰਮ ਹੋਇਆ ਹੈ। ਸਾਹਿਬ ਸਿੰਘ ਨੇ ਕਿਹਾ ਕਿ ਜਦੋਂ ਮੈਂ ਇਸ ਬਾਰੇ ਨਗਰ ਪੰਚਾਇਤ ਦੇ ਇਕ ਜ਼ਿੰਮੇਦਾਰ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਈਕਮਾਂਡ ਦੇ ਹੁਕਮਾਂ 'ਤੇ ਹੀ ਸਾਰੀ ਲਿਸਟ ਤਿਆਰ ਹੋਈ ਹੈ। ਸਾਨੂੰ ਜਿਹੜੇ ਕੰਮ ਕਿਹਾ, ਅਸੀਂ ਪਾ ਦਿੱਤੇ। ਇਸ ਬਾਰੇ ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਕਿਹਾ ਕਿ ਗ੍ਰਾਂਟ ਦੀ ਰਾਸ਼ੀ ਘੱਟ ਹੋਣ ਕਰਕੇ ਕੰਮ ਕੱਟੇ ਗਏ ਹਨ।