ਪੈਸਿਆਂ ਨੂੰ ਲੈ ਕੇ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮ ਦਾ ਕਤਲ, ਸਾਥੀ ਦੀ ਹਾਲਤ ਨਾਜ਼ੁਕ

Wednesday, Aug 21, 2024 - 05:08 AM (IST)

ਪੈਸਿਆਂ ਨੂੰ ਲੈ ਕੇ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮ ਦਾ ਕਤਲ, ਸਾਥੀ ਦੀ ਹਾਲਤ ਨਾਜ਼ੁਕ

ਜਲੰਧਰ (ਸ਼ੌਰੀ) : ਦੇਰ ਰਾਤ ਪਿੰਡ ਬੂਟਾ ਦੀ ਚਾਰਾ ਮੰਡੀ ’ਚ ਇਕ ਨੌਜਵਾਨ ਤੇ ਉਸ ਦੇ ਸਾਥੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਦੋਵਾਂ ਨੂੰ ਜ਼ਖਮੀ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਇਕ ਨੌਜਵਾਨ ਦੀਪਕ ਪੁੱਤਰ ਬਿਕਰਮ ਵਾਸੀ ਗਾਜ਼ੀ-ਗੁੱਲਾ ਦੀ ਮੌਤ ਹੋ ਗਈ।

ਜ਼ਖ਼ਮੀ ਦੀ ਪਛਾਣ ਅਨਿਲ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਅਬਾਦਪੁਰਾ ਵਜੋਂ ਹੋਈ ਹੈ। ਪੀੜਤਾਂ ਦੇ ਸਮਰਥਕਾਂ ਦੇ ਇਕੱਠ ਨੂੰ ਦੇਖ ਕੇ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਮਾਹੌਲ ਖਰਾਬ ਹੋਣ ਲੱਗਾ ਤਾਂ ਡਿਊਟੀ ’ਤੇ ਮੌਜੂਦ ਡਾਕਟਰ ਨੇ ਹੂਟਰ ਤਕ ਵੀ ਮਾਰੇ, ਜਿਸ ਤੋਂ ਬਾਅਦ ਹਸਪਤਾਲ ’ਚ ਤਾਇਨਾਤ ਪੰਜਾਬ ਪੁਲਸ ਅਤੇ ਪੈਸਕੋ ਦੇ ਸੁਰੱਖਿਆ ਕਰਮਚਾਰੀਆਂ ਨੇ ਮਾਹੌਲ ਨੂੰ ਸ਼ਾਂਤ ਕਰਵਾਇਆ ਤੇ ਹਸਪਤਾਲ ਦਾ ਗੇਟ ਬੰਦ ਕਰਵਾ ਦਿੱਤਾ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਭਾਰਗੋ ਕੈਪ ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਸ਼ਰਮਾ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚੇ ਤੇ ਸਥਿਤੀ ਨੂੰ ਸ਼ਾਂਤ ਕੀਤਾ।

ਇਹ ਵੀ ਪੜ੍ਹੋ : 'ਗਲੋਬਲ ਫਾਈਨਾਂਸ' ਮੈਗਜ਼ੀਨ ਦੀ ਦਰਜਾਬੰਦੀ 'ਚ ਛਾਏ ਸ਼ਕਤੀਕਾਂਤ ਦਾਸ, ਦੂਜੇ ਸਾਲ ਬਣੇ ਚੋਟੀ ਦੇ ਕੇਂਦਰੀ ਬੈਂਕਰ

ਪੁਲਸ ਨੂੰ ਦਿੱਤੇ ਬਿਆਨਾਂ ’ਚ ਮ੍ਰਿਤਕ ਦੀਪਕ ਦੇ ਭਰਾ ਅਜੇ ਕੁਮਾਰ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਦੀਪਕ ਨਗਰ ਨਿਗਮ ’ਚ ਸਫ਼ਾਈ ਕਰਮਚਾਰੀ ਵਜੋਂ ਕੰਮ ਕਰਦਾ ਸੀ ਤੇ ਉਸ ਦੀ ਡਿਊਟੀ ਭਾਰਗੋ ਕੈਂਪ ਇਲਾਕੇ ’ਚ ਸੀ। ਉਸ ਦੇ ਭਰਾ ਤੋਂ ਅਵਤਾਰ ਸਿੰਘ ਤਾਰੀ ਵਾਸੀ ਬੂਟਾ ਮੰਡੀ ਤੇ ਉਸ ਦੇ ਭਰਾ ਜੌਨੀ ਨੇ ਦੋਸਤੀ ਵਜੋਂ ਕਰੀਬ ਡੇਢ ਲੱਖ ਰੁਪਏ ਲਏ ਸਨ। ਪੈਸੇ ਮੰਗਣ ’ਤੇ ਉਹ ਅਕਸਰ ਆਨਾਕਾਨੀ ਕਰਦੇ ਸਨ। ਐਤਵਾਰ ਨੂੰ ਵੀ ਜਦੋਂ ਉਸ ਦਾ ਭਰਾ ਪੈਸੇ ਮੰਗਣ ਗਿਆ ਤਾਂ ਤਾਰੀ ਨੇ ਉਸ ਨੂੰ ਅੱਜ ਆ ਕੇ ਪੈਸੇ ਲੈਣ ਲਈ ਕਿਹਾ।

ਪੀੜਤ ਦੀਪਕ ਨੇ ਦੱਸਿਆ ਕਿ ਅੱਜ ਉਸ ਦਾ ਭਰਾ ਆਪਣੇ ਦੋਸਤ ਅਨਿਲ ਵਾਸੀ ਅਬਾਦਪੁਰਾ ਨਾਲ ਤਾਰੀ ਕੋਲ ਪੈਸੇ ਲੈਣ ਗਿਆ ਤਾਂ ਤਾਰੀ ਨੇ ਉਸ ਨਾਲ ਗਾਲੀ-ਗਲੌਚ ਕੀਤਾ। ਭਰਾ ਨੇ ਫੋਨ ਕਰ ਕੇ ਉਸ ਨੂੰ ਸਾਰੀ ਗੱਲ ਦੱਸੀ ਕਿ ਤਾਰੀ ਉਸ ’ਤੇ ਹਮਲਾ ਵੀ ਕਰ ਸਕਦਾ ਹੈ। ਇਹ ਸੁਣ ਕੇ ਉਹ ਤੁਰੰਤ ਮੌਕੇ ’ਤੇ ਪਹੁੰਚ ਗਿਆ ਤੇ ਦੇਖਿਆ ਕਿ ਤਾਰੀ ਆਪਣੇ ਭਰਾ ਜੌਨੀ ਤੇ ਹੋਰ ਦੋਸਤਾਂ ਸੁਖਚੈਨ ਸੁੱਖਾ ਆਦਿ ਨਾਲ ਮਿਲ ਕੇ ਉਸ ਦੇ ਭਰਾ ਦੀ ਕੁੱਟਮਾਰ ਕਰ ਰਿਹਾ ਸੀ।

ਇਸ ਦੇ ਨਾਲ ਹੀ ਉਕਤ ਸਾਰੇ ਅਨਿਲ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਰਹੇ ਸਨ। ਰੌਲਾ ਪੈਣ ’ਤੇ ਹਮਲਾਵਰ ਮੌਕੇ ਤੋਂ ਭੱਜ ਗਏ ਤੇ ਭਰਾ ਤੇ ਜ਼ਖਮੀ ਅਨਿਲ ਨੂੰ 108 ਐਂਬੂਲੈਂਸ ’ਚ ਪਾ ਕੇ ਹਸਪਤਾਲ ਲਿਆਂਦਾ ਗਿਆ ਪਰ ਭਰਾ ਦੀ ਮੌਤ ਹੋ ਗਈ। ਇਸ ਦੌਰਾਨ ਐੱਸ. ਐੱਚ. ਓ. ਅਸ਼ੋਕ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪੁਲਸ ਨੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਭਾਲ ’ਚ ਦੇਰ ਰਾਤ ਤੱਕ ਉਨ੍ਹਾਂ ਦੇ ਘਰਾਂ ਤੇ ਹੋਰ ਥਾਵਾਂ ’ਤੇ ਛਾਪੇਮਾਰੀ ਜਾਰੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


author

Sandeep Kumar

Content Editor

Related News