ਡਾਕਟਰਾਂ ਦੀ ਘਾਟ ਨਾਲ ਜੂਝ ਰਿਹੈ ਬੰਗਾ ਦਾ ਸਿਵਲ ਹਸਪਤਾਲ

Thursday, Apr 05, 2018 - 01:45 AM (IST)

ਡਾਕਟਰਾਂ ਦੀ ਘਾਟ ਨਾਲ ਜੂਝ ਰਿਹੈ ਬੰਗਾ ਦਾ ਸਿਵਲ ਹਸਪਤਾਲ

ਬੰਗਾ, (ਚਮਨ ਲਾਲ/ਰਾਕੇਸ਼)- ਜੇਕਰ ਹਸਪਤਾਲ ਵਿਚ ਡਾਕਟਰ ਜਾਂ ਜ਼ਰੂਰੀ ਦਵਾਈ ਨਾ ਹੋਵੇ ਤਾਂ ਮਰੀਜ਼ ਦਾ ਰੱਬ ਹੀ ਰਾਖਾ ਹੋਵੇਗਾ। ਕੁਝ ਇਸ ਤਰ੍ਹਾਂ ਦੇ ਹਾਲ ਨਾਲ ਜੂਝ ਰਿਹਾ ਹੈ ਬੰਗਾ ਦਾ ਸਿਵਲ ਹਸਪਤਾਲ, ਜਿਸ ਵਿਚ ਇਕ ਮਹੀਨੇ ਦੇ ਅੰਦਰ 5000 ਤੋਂ 5500 ਦੇ ਕਰੀਬ ਮਰੀਜ਼ ਆਪਣੀ ਸਿਹਤ ਦਾ ਚੈੱਕਅਪ ਦੇ ਨਾਲ-ਨਾਲ ਆਪਣੀ ਬੀਮਾਰੀ ਦੀ ਦਵਾਈ ਲੈਣ ਲਈ ਆਉਂਦੇ ਹਨ ਪਰ ਡਾਕਟਰਾਂ ਦੀ ਕਮੀ ਦੇ ਨਾਲ ਜ਼ਰੂਰੀ ਦਵਾਈਆਂ ਹਸਪਤਾਲ ਦੇ ਅੰਦਰੋਂ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਜਿਥੇ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਹੈ, ਉਥੇ ਹੀ ਉਹ ਬਾਹਰ ਮੈਡੀਕਲ ਸਟੋਰਾਂ ਤੋਂ ਮਹਿੰਗੀਆਂ ਦਵਾਈਆਂ ਖਰੀਦਣ ਲਈ ਮਜਬੂਰ ਹੋ ਜਾਂਦੇ ਹਨ।
ਇਸ ਬਾਰੇ ਜਦੋਂ 'ਜਗ ਬਾਣੀ' ਦੀ ਟੀਮ ਨੇ ਅੱਜ ਸਥਾਨਕ ਸਿਵਲ ਹਸਪਤਾਲ ਦਾ ਦੌਰਾ ਕੀਤਾ ਤਾਂ ਕੁਝ ਇਸ ਤਰ੍ਹਾਂ ਦਾ ਸੱਚ ਸਾਹਮਣੇ ਆਇਆ, ਜੋ ਅੱਖੋ ਓਹਲੇ ਨਹੀਂ ਕੀਤਾ ਜਾ ਸਕਦਾ।
ਹਸਪਤਾਲ ਅੰਦਰ ਆਏ ਮਰੀਜ਼ਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ ਮਿਲਣ ਵਾਲੀਆਂ ਦਵਾਈਆਂ, ਜੋ ਉਨ੍ਹਾਂ ਨੇ ਗਰਭ ਅਵਸਥਾ ਦੌਰਾਨ ਖਾਣੀਆਂ ਹੁੰਦੀਆਂ ਹਨ, ਹਸਪਤਾਲ ਵਿਚ ਉਪਲੱਬਧ ਹੀ ਨਹੀਂ ਹਨ ਅਤੇ ਇਹ ਦਵਾਈ ਲੈਣ ਲਈ ਉਨ੍ਹਾਂ ਨੂੰ ਹਸਪਤਾਲ ਦੇ ਬਾਹਰੋਂ ਮਹਿੰਗੇ ਭਾਅ ਵਿਚ ਖਰੀਦਣੀਆਂ ਪੈਂਦੀਆਂ ਹਨ। ਜਦੋਂਕਿ ਸਰਕਾਰ ਇਸ ਗੱਲ ਦਾ ਮੀਡੀਆ ਰਾਹੀਂ ਪ੍ਰਚਾਰ ਕਰਦੀ ਨਹੀਂ ਥਕਦੀ ਕਿ ਸਿਵਲ ਹਸਪਤਾਲਾਂ ਵਿਚ ਇਲਾਜ ਦੌਰਾਨ ਹਰੇਕ ਮਰੀਜ਼ ਨੂੰ ਦਵਾਈ ਸਰਕਾਰ ਵੱਲੋਂ ਮੁਫਤ ਮੁਹੱਈਆ ਕਰਵਾਈ ਜਾਵੇਗੀ।
ਮੈਡੀਕਲ ਅਫਸਰਾਂ ਦੀ ਬਦਲ-ਬਦਲ ਕੇ ਲਾਈ ਜਾਂਦੀ ਏ ਡਿਊਟੀ
ਡਾ. ਰਾਜਵਿੰਦਰ ਕੌਰ ਨੇ ਦੱਸਿਆ ਕਿ ਬੰਗਾ ਤਹਿਸੀਲ ਹੋਣ ਕਾਰਨ ਬੰਗਾ ਦਾ ਕਮਿਊਨਿਟੀ ਹੈਲਥ ਸੈਂਟਰ ਦਾ ਕੰਮ ਸਿਵਲ ਹਸਪਤਾਲ ਦੇ ਕੰਮ ਦੇ ਬਰਾਬਰ ਹੈ ਤੇ ਮੈਡੀਕਲ ਅਫਸਰ ਪੰਜ ਹੋਣ ਕਾਰਨ ਉਨ੍ਹਾਂ ਦੀ ਡਿਊਟੀ ਬਦਲ-ਬਦਲ ਕੇ ਲਾਈ ਜਾਂਦੀ ਹੈ ਤੇ ਕੰਮ ਨੂੰ ਪੂਰਾ ਕੀਤਾ ਜਾਂਦਾ ਹੈ। ਜਦੋਕਿ ਇਕ ਸਿਵਲ ਹਸਪਤਾਲ ਨੂੰ ਚਲਾਉਣ ਲਈ ਵੱਖ-ਵੱਖ ਵਿਭਾਗ ਜਿਸ ਤਰ੍ਹਾਂ ਅੱਖਾਂ, ਹੱਡੀਆਂ, ਈ.ਐੱਨ.ਟੀ., ਜਨਰਲ, ਬਲੱਡ ਬੈਂਕ, ਲੈਬ, ਐਮਰਜੈਂਸੀ ਸੇਵਾਵਾਂ, ਡੈਂਟਲ, ਸਰਜਰੀ, ਫਾਰਮਾਸਿਸਟ ਤੇ ਹੋਰ ਵਿਭਾਗਾਂ ਦੇ ਹਿਸਾਬ ਨਾਲ ਹੋਰ ਡਾਕਟਰਾਂ ਤੇ ਸਟਾਫ ਦੀ ਲੋੜ ਹੈ ਤਾਂ ਹੀ ਬੰਗਾ ਦਾ ਸਰਕਾਰੀ ਹਸਪਤਾਲ ਆਪਣੀਆਂ ਲੋੜਾਂ ਪੂਰੀਆਂ ਕਰ ਕੇ ਮਰੀਜ਼ਾਂ ਦੀ ਸੇਵਾ ਕਰ ਸਕਦਾ ਹੈ।
ਗ੍ਰਾਂਟ ਨਾ ਮਿਲਣ ਕਰ ਕੇ ਨਹੀਂ ਖਰੀਦੀਆਂ ਜਾ ਰਹੀਆਂ ਦਵਾਈਆਂ : ਡਾ. ਰਾਜਵਿੰਦਰ  
ਬੰਗਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਮਹੀਨੇ ਜ਼ਰੂਰੀ ਦਵਾਈ ਬਾਰੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਲਿਖ ਕੇ ਭੇਜਿਆ ਜਾਂਦਾ ਹੈ ਪਰ ਕੇਂਦਰ ਸਰਕਾਰ ਵੱਲੋਂ ਦਵਾਈਆਂ ਖਰੀਦਣ ਲਈ ਗ੍ਰਾਂਟ ਨਾ ਮਿਲਣ ਕਾਰਨ ਕਈ ਵਾਰ ਦਵਾਈ ਦੀ ਖਰੀਦੋ-ਫਰੋਖਤ ਨਹੀਂ ਹੁੰਦੀ ਪਰ ਫਿਰ ਵੀ ਸਿਹਤ ਵਿਭਾਗ ਵੱਲੋਂ ਆਪਣੇ ਪੱਧਰ 'ਤੇ ਇਨ੍ਹਾਂ ਦਾ ਪ੍ਰਬੰਧ ਕਰ ਲਿਆ ਜਾਂਦਾ ਹੈ। ਡਾਕਟਰਾਂ ਦੀ ਕਮੀ ਬਾਰੇ ਉਨ੍ਹਾਂ ਕਿਹਾ ਕਿ ਬੰਗਾ ਦਾ ਸਿਵਲ ਹਸਪਤਾਲ ਅਸਲ ਵਿਚ ਕਮਿਊਨਿਟੀ ਹੈਲਥ ਸੈਂਟਰ ਹੈ ਪਰ ਇਸ ਦਾ ਪ੍ਰਚਾਰ ਸਿਵਲ ਹਸਪਤਾਲ ਵਾਂਗ ਹੋਣ ਕਾਰਨ ਇਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਰਹਿੰਦੀ ਹੈ। ਉਨ੍ਹਾਂ ਕੋਲ ਇਸ ਸਮੇਂ ਪੰਜ ਦੇ ਕਰੀਬ ਮਾਹਿਰ ਡਾਕਟਰ ਹਨ। ਜਦੋਂਕਿ ਇਕ ਮੈਡੀਕਲ ਸਪੈਸ਼ਲਿਸਟ ਦੀ ਪੋਸਟ ਖਾਲੀ ਹੈ।
ਕੁਝ ਕੁ ਦਵਾਈਆਂ ਹੀ ਮਿਲਦੀਆਂ ਹਨ ਹਸਪਤਾਲ ਅੰਦਰੋਂ
ਇਸ ਮੌਕੇ ਦਵਾਈ ਲੈਣ ਆਏ ਮਨਜੀਤ ਕੌਰ, ਹਰਭਜਨ ਕੌਰ, ਅਮਨਦੀਪ ਕੌਰ, ਪ੍ਰਿਤਪਾਲ ਕੌਰ, ਪ੍ਰੀਤਮ ਕੌਰ, ਸਰਬਜੀਤ ਕੌਰ, ਸੰਦੀਪ ਕੌਰ ਤੇ ਸੋਫੀਆ ਆਦਿ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਤੋਂ ਚੱਲਦਾ ਹੈ ਪਰ ਹਮੇਸ਼ਾ ਹੀ ਕੁਝ ਕੁ ਦਵਾਈਆਂ ਉਨ੍ਹਾਂ ਨੂੰ ਸਥਾਨਕ ਹਸਪਤਾਲ ਤੋਂ ਮਿਲਦੀਆਂ ਹਨ ਤੇ ਕੁਝ ਕੁ ਬਾਹਰੋਂ ਮੈਡੀਕਲ ਸਟੋਰਾਂ ਤੋਂ ਲੈਣੀਆਂ ਪੈਂਦੀਆਂ ਹਨ।


Related News