ਆਸਮਾਨੀ ਬਿਜਲੀ ਡਿਗਣ ਕਾਰਨ ਮਕਾਨ ਦੀ ਛੱਤ ਡਿੱਗੀ

09/24/2017 9:56:12 AM


ਮੋਹਾਲੀ/ਖਰੜ (ਨਿਆਮੀਆ, ਅਮਰਦੀਪ, ਰਣਬੀਰ) - ਪਿੰਡ ਦਾਊ ਵਿਖੇ ਅੱਜ ਦੁਪਹਿਰ 12 ਵਜੇ ਆਸਮਾਨੀ ਬਿਜਲੀ ਡਿਗਣ ਕਾਰਨ ਇਕ ਕੱਚਾ ਮਕਾਨ ਡਿੱਗ ਗਿਆ, ਜਿਸ ਕਾਰਨ ਘਰ ਵਿਚ ਬੈਠੇ ਪਤੀ-ਪਤਨੀ ਤੇ ਇਕ ਬੱਚਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਮਕਾਨ ਮਾਲਕ ਦੀਪੀ ਪੁੱਤਰ ਲਛਮਣ ਸਿੰਘ ਅੱਜ ਆਪਣੀ ਪਤਨੀ ਤੇ ਲੜਕੇ ਸ਼ਿਵ ਨਾਲ ਘਰ ਵਿਚ ਬੈਠੇ ਸਨ ਕਿ ਅਚਾਨਕ ਆਸਮਾਨੀ ਬਿਜਲੀ ਡਿਗਣ ਕਾਰਨ ਉਨ੍ਹਾਂ 'ਤੇ ਕੱਚੇ ਮਕਾਨ ਦੀ ਛੱਤ ਡਿਗ ਪਈ ਤੇ ਉਹ ਮਲਬੇ ਹੇਠਾਂ ਦਬ ਗਏ। ਰੌਲਾ ਪੈਣ 'ਤੇ ਪਿੰਡ ਵਾਸੀਆਂ ਨੇ ਤਿੰਨਾਂ ਮੈਂਬਰਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਆਸਮਾਨੀ ਬਿਜਲੀ ਇੰਨੀ ਕੜਾਕੇ ਨਾਲ ਪਈ ਕਿ ਗਾਰਡਰ ਪਿਘਲ ਗਿਆ ਤੇ ਘਰ ਦੀ ਛੱਤ ਹੇਠਾਂ ਆ ਗਈ। ਸਮਾਜਸੇਵੀ ਆਗੂ ਨਰੇਸ਼ ਕੁਮਾਰ ਨੇਸ਼ੀ ਤੇ ਬੱਬੀ ਦਾਊਂ ਨੇ ਦੱਸਿਆ ਕਿ ਦਿਹਾੜੀ ਦਾ ਕੰਮ ਕਰਦੇ ਦੀਪੀ ਵਲੋਂ ਪਿਛਲੇ ਸਾਲ ਕੱਚੇ ਮਕਾਨ ਨੂੰ ਪੱਕਾ ਕਰਨ ਦੇ ਫਾਰਮ ਵੀ ਭਰੇ ਗਏ ਸਨ ਪਰ ਪੰਜਾਬ ਸਰਕਾਰ ਵਲੋਂ ਉਸ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ ਜਿਸ ਕਾਰਨ ਅੱਜ ਉਸਦਾ ਕੱਚਾ ਮਕਾਨ ਡਿਗ ਗਿਆ। ਪਿੰਡ ਵਾਸੀਆਂ ਨੇ ਖਰੜ ਤੇ ਮੋਹਾਲੀ ਪ੍ਰਸ਼ਾਸਨ 'ਤੇ ਰੋਸ ਪ੍ਰਗਟ ਕਰਦਿਆਂ ਕਿਹਾ ਹੈ ਕਿ ਅੱਜ ਘਟਨਾ ਸਥਾਨ 'ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਪੀੜਤ ਪਰਿਵਾਰ ਨਾਲ ਦੁਖ ਸਾਂਝਾ ਕਰਨ ਨਹੀਂ ਪੁੱਜਾ ਬਲਕਿ ਪਿੰਡ ਦੇ ਪਤਵੰਤੇ ਸੱਜਣਾਂ ਨੇ ਹੀ ਪਰਿਵਾਰ ਦੀ ਮਦਦ ਕੀਤੀ। 
ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਤੁਰੰਤ ਮੁੜ ਵਸੇਬੇ ਲਈ ਮੁਆਵਜ਼ਾ ਦਿੱਤਾ ਜਾਵੇ ।


Related News