ਨੌਜਵਾਨਾਂ ''ਚ ਚੱਲੇ ਇੱਟਾਂ-ਰੋੜੇ, ਦੋਵੇਂ ਧਿਰਾਂ ਦੇ 50 ਵਿਅਕਤੀਆਂ ''ਤੇ ਕੇਸ ਦਰਜ
Sunday, Aug 13, 2017 - 01:09 AM (IST)
ਭਵਾਨੀਗੜ੍ਹ, (ਵਿਕਾਸ)— ਬੀਤੀ ਦੇਰ ਸ਼ਾਮ ਹਥਿਆਰਾਂ ਨਾਲ ਲੈਸ ਨੌਜਵਾਨਾਂ ਦੇ 2 ਗਰੁੱਪਾਂ ਵਿਚਕਾਰ ਹੋਈ ਲੜਾਈ ਦੌਰਾਨ ਜਮ ਕੇ ਚੱਲੇ ਇੱਟਾਂ-ਰੋੜਿਆਂ ਤੋਂ ਬਾਅਦ ਪਿੰਡ ਬਾਲਦ ਕੋਠੀ 'ਗੈਂਗ ਲੈਂਡ' ਬਣਦਾ-ਬਣਦਾ ਬਚ ਗਿਆ। ਲੜਾਈ ਦੀ ਘਟਨਾ ਤੋਂ ਬਾਅਦ ਜਿਥੇ ਪਿੰਡ ਵਾਸੀਆਂ ਵਿਚ ਭਾਰੀ ਸਹਿਮ ਅਤੇ ਡਰ ਦਾ ਮਾਹੌਲ ਹੈ ਉਥੇ ਹੀ ਪੁਲਸ ਨੇ ਦੋਵੇਂ ਧਿਰਾਂ ਦੇ 50 ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਆਪੋ-ਆਪਣੀਆਂ ਕਾਰਾਂ ਵਿਚ ਰੋੜੇ-ਪੱਥਰ ਭਰ ਕੇ ਆਏ ਦੋਵੇਂ ਧਿਰਾਂ ਦੇ 4 ਦਰਜਨਾਂ ਤੋਂ ਵੱਧ ਨੌਜਵਾਨਾਂ ਨੇ ਹਵਾ ਵਿਚ ਨੰਗੀਆਂ ਤਲਵਾਰਾਂ ਲਹਿਰਾਉਂਦਿਆਂ ਲਲਕਾਰੇ ਮਾਰਦੇ ਹੋਏ ਡਾਂਗਾਂ ਸੋਟੀਆਂ ਨਾਲ ਚੁਣੌਤੀ ਦਿੰਦਿਆਂ ਇਕ-ਦੂਜੇ ਵੱਲ ਰੋੜੇ ਵਰ੍ਹਾ ਦਿੱਤੇ। ਇਸ ਦੌਰਾਨ ਇਕ ਧਿਰ ਦੀ ਕਾਰ ਦੀ ਭੰਨ-ਤੋੜ ਤੋਂ ਇਲਾਵਾ ਕਿਸੇ ਦੇ ਵੀ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ।
ਲੋਕਾਂ 'ਚ ਮਚੀ ਹਫੜਾ-ਦਫੜੀ : ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਨਾਭਾ ਰੋਡ 'ਤੇ ਹੋਈ ਲੜਾਈ ਦੌਰਾਨ ਆਮ ਲੋਕਾਂ ਵਿਚ ਹਫੜਾ-ਦਫੜੀ ਮਚ ਗਈ ਅਤੇ ਭਾਰੀ ਸਹਿਮ ਦਾ ਮਾਹੌਲ ਬਣ ਗਿਆ। ਲੋਕਾਂ ਨੇ ਇਧਰ-ਓਧਰ ਦੌੜ ਕੇ ਅਤੇ ਦੁਕਾਨਦਾਰਾਂ ਨੇ ਦੁਕਾਨਾਂ ਦੇ ਸ਼ਟਰ ਸੁੱਟ ਕੇ ਆਪਣੀ ਜਾਨ ਬਚਾਈ। ਓਧਰ ਸੂਚਨਾ ਮਿਲਦਿਆਂ ਹੀ ਭਵਾਨੀਗੜ੍ਹ ਪੁਲਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਲੜਾਈ ਵਿਚ ਭੰਨੀ ਗਈ ਜ਼ੈੱਨ ਕਾਰ ਨੂੰ ਕਬਜ਼ੇ ਵਿਚ ਲੈ ਲਿਆ।
ਕਿਸੇ ਦੀ ਨਹੀਂ ਹੋਈ ਗ੍ਰਿਫਤਾਰੀ : ਐੈੱਸ. ਐੈੱਚ. ਓ. ਭਵਾਨੀਗੜ੍ਹ ਇੰਸਪੈਕਟਰ ਹਰਿੰਦਰ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰ ਉਰਫ ਲੱਕੀ ਅਤੇ ਦਵਿੰਦਰ ਸਿੰਘ ਨਾਂ ਦੇ ਦੋ ਨੌਜਵਾਨਾਂ ਦੇ ਗੁੱਟਾਂ ਵਿਚ ਇਹ ਲੜਾਈ ਹੋਈ। ਲੜਾਈ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ। ਦੋਵੇਂ ਗੁੱਟ ਹਥਿਆਰਾਂ ਨਾਲ ਲੈਸ ਸਨ ਅਤੇ ਇਨ੍ਹਾਂ ਇਕ ਦੂਜੇ 'ਤੇ ਰੋੜੇ-ਪੱਥਰ ਵਰ੍ਹਾਏ। ਬਾਅਦ ਵਿਚ ਦਵਿੰਦਰ ਸਿੰਘ ਦੇ ਗੁੱਟ ਦੇ ਨੌਜਵਾਨ ਵਿਰੋਧੀ ਗੁੱਟ ਦੀ ਜ਼ੈੱਨ ਗੱਡੀ ਦੀ ਭੰਨ-ਤੋੜ ਕਰ ਕੇ ਹਵਾ ਵਿਚ ਤਲਵਾਰਾਂ ਲਹਿਰਾਉਂਦੇ ਨਾਭਾ ਸਾਈਡ ਨੂੰ ਭੱਜ ਗਏ। ਪੁਲਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਰਾਕੇਸ਼ ਉਰਫ ਲੱਕੀ ਵਾਸੀ ਭਵਾਨੀਗੜ੍ਹ, ਦਲਜੀਤ ਸਿੰਘ ਵਾਸੀ ਘਰਾਚੋਂ, ਦਵਿੰਦਰ ਸਿੰਘ ਵਾਸੀ ਖੇੜੀ ਭੀਮਾ, ਜੱਗੂ, ਕਾਲੀ, ਗੱਗੂ, ਨੀਟੂ ਸਣੇ ਦੋਵੇਂ ਧਿਰਾਂ ਦੇ 50 ਨੌਜਵਾਨਾਂ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਮਾਮਲੇ ਵਿਚ ਅਜੇ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ।
