ਐਕਟਿਵਾ ਸਵਾਰ ਲੜਕੀਆਂ ਨੂੰ ਟੱਕਰ ਮਾਰਨ ਵਾਲਾ ਕਾਰ ਸਵਾਰ ਕਸੂਤਾ ਫਸਿਆ
Monday, Dec 04, 2017 - 02:49 AM (IST)
ਮੋਗਾ, (ਆਜ਼ਾਦ)- ਰੇਲਵੇ ਪੁਲ ਕੋਲ ਇਕ ਕਾਰ ਸਵਾਰ ਲੜਕੇ ਵੱਲੋਂ ਸਕੂਟਰੀ ਨੂੰ ਟੱਕਰ ਮਾਰ ਕੇ ਦੋ ਲੜਕੀਆਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਆਪਣੀ ਕਾਰ ਰੇਲਵੇ ਰੋਡ ਮੋਗਾ 'ਤੇ ਇਕ ਦੁਕਾਨ ਦੇ ਬਾਹਰ ਲੱਗੇ ਖੰਭੇ 'ਚ ਜਾ ਮਾਰੀ ਅਤੇ ਕਾਰ ਛੱਡ ਕੇ ਫਰਾਰ ਹੋ ਗਿਆ। ਜਾਣਕਾਰੀ ਅਨੁਸਾਰ ਦੇਰ ਰਾਤ ਰੇਲਵੇ ਦੇ ਨੀਵੇਂ ਪੁਲ ਹੇਠਾਂ ਲਾਪ੍ਰਵਾਹੀ ਨਾਲ ਕਾਰ ਚਲਾਉਂਦੇ ਚਾਲਕ ਨੇ ਉੱਥੋਂ ਲੰਘ ਰਹੀਆਂ ਐਕਟਿਵਾ ਸਵਾਰ ਦੋ ਲੜਕੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਕਤ ਲੜਕੀਆਂ ਦੇ ਜ਼ਖ਼ਮੀ ਹੋਣ ਦਾ ਪਤਾ ਲੱਗਾ ਹੈ ਅਤੇ ਉਨ੍ਹਾਂ ਦੀ ਸਕੂਟਰੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਰੌਲਾ ਪੈਣ 'ਤੇ ਲੋਕਾਂ ਨੇ ਜਦੋਂ ਕਾਰ ਚਾਲਕ ਦਾ ਪਿੱਛਾ ਕੀਤਾ ਤਾਂ ਉਸ ਵੱਲੋਂ ਤੇਜ਼ੀ ਨਾਲ ਭਜਾਈ ਗਈ ਕਾਰ ਨਾਲ ਦਹਿਸ਼ਤ ਪੈਦਾ ਹੋ ਗਈ ਅਤੇ ਲੋਕ ਆਸੇ-ਪਾਸੇ ਭੱਜਣ ਲੱਗੇ। ਆਖਿਰ ਉਕਤ ਕਾਰ ਚਾਲਕ ਨੇ ਰੇਲਵੇ ਰੋਡ 'ਤੇ ਐਤਵਾਰ ਕਾਰਨ ਬੰਦ ਪਈ ਦੁਕਾਨ ਦੇ ਬਾਹਰ ਲੱਗੇ ਖੰਭੇ 'ਚ ਕਾਰ ਮਾਰ ਦਿੱਤੀ, ਜਿਸ ਕਾਰਨ ਖੰਭਾ ਵੀ ਟੁੱਟ ਗਿਆ ਤੇ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਲੋਕਾਂ ਵੱਲੋਂ ਪੁਲਸ ਨੂੰ ਸੂਚਿਤ ਕਰਨ 'ਤੇ ਪੁਲਸ ਮੁਲਾਜ਼ਮ ਮੌਕੇ 'ਤੇ ਪੁੱਜੇ ਪਰ ਕਾਰ ਚਾਲਕ ਪੁਲਸ ਦੇ ਕਾਬੂ ਨਹੀਂ ਆ ਸਕਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀਆਂ ਨੂੰ ਲੋਕਾਂ ਦੀ ਸਹਾਇਤਾ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ।
