ਕੈਪਟਨ ਨੇ ਸੋਨੀਆ ਤੇ ਰਾਹੁਲ ਖਿਲਾਫ਼ ਕੀਤੀ ਬੇਤੁੱਕੀ ਟਿੱਪਣੀ ''ਤੇ ਸਖ਼ਤ ਇਤਰਾਜ਼ ਜਤਾਇਆ
Monday, May 18, 2020 - 07:03 PM (IST)
ਚੰਡੀਗੜ੍ਹ (ਅਸ਼ਵਨੀ) : ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਕਾਂਗਰਸ ਪਾਰਟੀ ਵਲੋਂ ਅਪਣਾਈ ਜਾ ਰਹੀ ਮਾਨਵਤਾਵਾਦੀ ਪਹੁੰਚ ਦੀ ਕੇਂਦਰੀ ਵਿੱਤ ਮੰਤਰੀ ਵਲੋਂ ਨਿਖੇਧੀ ਕਰਨ 'ਤੇ ਸਖ਼ਤ ਇਤਰਾਜ਼ ਜ਼ਾਹਰ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਵਾਸੀਆਂ ਦੇ ਸੰਕਟ ਨੂੰ ਹੋਰ ਡੂੰਘਾ ਧੱਕਣ ਅਤੇ ਅਜਿਹੇ ਗੰਭੀਰ ਮੁੱਦੇ ਦੇ ਸਿਆਸੀਕਰਨ ਲਈ ਕੇਂਦਰ ਅਤੇ ਸੂਬਿਆਂ 'ਚ ਭਾਜਪਾ ਦੀਆਂ ਸਰਕਾਰਾਂ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੇ ਸੂਬਿਆਂ ਸਮੇਤ ਸਮੁੱਚੀ ਪਾਰਟੀ ਸੰਕਟ ਦੀ ਇਸ ਘੜੀ 'ਚ ਪ੍ਰਵਾਸੀ ਕਾਮਿਆਂ ਦੀ ਸਹਾਇਤਾ ਲਈ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੀ ਆਪਣੀ ਸਰਕਾਰ 16 ਮਈ ਤੱਕ 1,78,909 ਪ੍ਰਵਾਸੀਆਂ ਨੂੰ ਉਨ੍ਹਾਂ ਦੇ ਪਿਤਰੀ ਸੂਬਿਆਂ 'ਚ ਭੇਜਣ ਲਈ 149 ਰੇਲ ਗੱਡੀਆਂ ਦਾ ਪ੍ਰਬੰਧ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਪੰਜਾਬ 'ਚ ਇਹ ਯਤਨ ਅਜੇ ਵੀ ਜਾਰੀ ਹੈ।
ਇਹ ਕੀਤੀ ਸੀ ਟਿੱਪਣੀ
ਨਿਰਮਲਾ ਸੀਤਾਰਮਨ ਵਲੋਂ ਕੀਤੀ ਬੇਤੁਕੀ ਟਿੱਪਣੀ ਕਿ ਸੋਨੀਆ ਗਾਂਧੀ ਨੂੰ ਪ੍ਰਵਾਸੀ ਕਾਮਿਆਂ ਦੀ ਮਦਦ ਲਈ ਆਪਣੇ ਮੁੱਖ ਮੰਤਰੀਆਂ ਨੂੰ ਕਹਿਣਾ ਚਾਹੀਦਾ ਹੈ, ਉਪਰ ਸਖ਼ਤ ਪ੍ਰਤੀਕਰਮ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਇਸ ਮੁੱਦੇ ਸਮੇਤ ਲਾਕਡਾਊਨ ਤੇ ਕੋਵਿਡ ਨਾਲ ਸਬੰਧਤ ਹੋਰ ਮਾਮਲਿਆਂ 'ਤੇ ਪਾਰਟੀ ਦੇ ਮੁੱਖ ਮੰਤਰੀਆਂ ਨਾਲ ਨਿਰੰਤਰ ਵਿਚਾਰ-ਵਟਾਂਦਰਾ ਕੀਤਾ। ਕੈਪਟਨ ਅਮਰਿੰਦਰ ਨੇ ਨਿਰਮਲਾ ਸੀਤਾਰਤਮ ਦੀ ਉਸ ਟਿੱਪਣੀ ਨੂੰ ਵੀ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਅਣਉਚਿਤ ਕਰਾਰ ਦਿੱਤਾ ਹੈ ਜਿਸ 'ਚ ਵਿੱਤ ਮੰਤਰੀ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਪ੍ਰਵਾਸੀ ਮਜ਼ਦੂਰਾਂ ਨੂੰ ਮਿਲਣ ਮੌਕੇ ਉਨ੍ਹਾਂ ਦੇ ਨਾਲ ਹੀ ਚੱਲਣਾ ਚਾਹੀਦਾ ਸੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਸਾਰ ਲੈਣ ਲਈ ਸੜਕਾਂ 'ਤੇ ਉਤਰੇ ਰਾਹੁਲ ਗਾਂਧੀ 'ਤੇ ਤੰਜ ਕਸਣ ਦੀ ਬਜਾਏ ਨਿਰਮਲਾ ਸੀਤਾਰਮਨ ਨੂੰ ਭਾਜਪਾ ਦੀ ਅਗਵਾਈ ਵਾਲੀ ਉੁੱਤਰ ਪ੍ਰਦੇਸ਼ ਸਰਕਾਰ ਨਾਲ ਗੱਲ ਕਰਕੇ ਪ੍ਰਿਅੰਕਾ ਗਾਂਧੀ ਵਲੋਂ ਪ੍ਰਵਾਸੀਆਂ ਨੂੰ ਲਿਆਉਣ ਲਈ ਬੱਸਾਂ ਨੂੰ ਪ੍ਰਵੇਸ਼ ਕਰਨ ਦੀ ਇਜਾਜ਼ਤ ਦਿਵਾਉਣੀ ਚਾਹੀਦੀ ਹੈ ਕਿਉਂ ਜੋ ਯੂ.ਪੀ. ਪ੍ਰਸ਼ਾਸਨ ਵਲੋਂ ਇਨ੍ਹਾਂ ਬੱਸਾਂ ਨੂੰ ਦਾਖਲ ਕਰਨ ਦੀ ਇਜਾਜ਼ਤ ਨਾ ਦੇਣ ਕਰਨ ਕਰਕੇ ਇਹ ਬੱਸਾਂ ਦਿੱਲੀ-ਯੂ.ਪੀ. ਸਰਹੱਦ 'ਤੇ ਰੁਕੀਆਂ ਹੋਈਆਂ ਹਨ। ਨਿਰਮਲਾ ਦਾ ਟਿੱਪਣੀ ਨੂੰ ਬੇਸਵਾਦੀ ਅਤੇ ਸਾਫ਼ ਤੌਰ 'ਤੇ ਰਾਜਨੀਤੀ ਤੋਂ ਪ੍ਰੇਰਿਤ ਦੱਸਦਿਆਂ ਕੈਪਟਨ ਨੇ ਕਿਹਾ ਕਿ ਦੇਸ਼ ਦੇ ਵਿੱਤ ਮੰਤਰੀ ਨੂੰ ਅਜਿਹਾ ਸ਼ੋਭਾ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਹਰੇਕ ਕਾਂਗਰਸੀ ਮੁੱਖ ਮੰਤਰੀ, ਆਗੂ ਅਤੇ ਵਰਕਰ ਇਸ ਸੁਨਿਸ਼ਚਤ ਕਰਨ ਲੱਗਾ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਇਸ ਦੁੱਖ ਦੀ ਘੜੀ 'ਚ ਹਰ ਸੰਭਵ ਮਦਦ ਕੀਤੀ ਜਾਵੇ, ਜਦੋਂ ਕੇਂਦਰ ਸਰਕਾਰ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਹੀ ਰਹਿਮੋ-ਕਰਮ 'ਤੇ ਛੱਡਿਆ ਹੋਇਆ ਹੈ।
ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਦੀ ਅਗਵਾਈ 'ਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਲਏ ਅਹਿਮ ਫੈਸਲੇ
ਕੈਪਟਨ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਹੀ ਕਹਿਣ 'ਤੇ ਪੂਰੀ ਕਾਂਗਰਸੀ ਲੀਡਰਸ਼ਿਪ ਉਪਰ ਤੋਂ ਲੈ ਕੇ ਹੇਠਾਂ ਤੱਕ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਕੋਸ਼ਿਸ਼ਾਂ ਕਰ ਰਹੀ ਹੈ ਜੋ ਕਿ ਆਪਣੀ ਜਾਨ ਜੋਖ਼ਮ 'ਚ ਪਾ ਕੇ ਆਪਣੇ ਘਰਾਂ ਨੂੰ ਜਾ ਰਹੇ ਹਨ। ਉਨ੍ਹਾਂ ਨਿਰਮਲਾ ਸੀਤਾਰਮਨ ਨੂੰ ਯਾਦ ਕਰਵਾਉਦਿਆਂ ਕਿਹਾ ਕਿ ਸੋਨੀਆ ਗਾਂਧੀ ਵਲੋਂ ਆਪਣੀ ਪਾਰਟੀ ਦੇ ਸਾਰੇ ਸੂਬਿਆਂ ਦੇ ਯੂਨਿਟਾਂ ਨੂੰ ਪ੍ਰਵਾਸੀ ਮਜ਼ਦੂਰਾਂ ਦੀਆਂ ਰੇਲ ਟਿਕਟਾਂ ਦਾ ਖਰਚਾ ਚੁੱਕਣ ਬਾਰੇ ਕਹਿਣ ਤੋਂ ਬਾਅਦ ਹੀ ਕੇਂਦਰ ਸਰਕਾਰ ਨੇ ਟਿਕਟਾਂ ਦੀ ਕੁੱਲ ਕੀਮਤ ਦਾ 85 ਫੀਸਦੀ ਖਰਚ ਆਪਣੇ ਸਿਰ ਲੈਣ ਜਦਕਿ 15 ਫੀਸਦੀ ਸੂਬਿਆਂ ਵਲੋਂ ਸਹਿਣ ਕਰਨ ਦੇ ਫੈਸਲੇ ਦਾ ਐਲਾਨ ਕੀਤਾ। ਇਥੋਂ ਤੱਕ ਕਿ ਇਹ ਮਜ਼ਾਕ ਸੀ ਕਿ ਚਾਰਟਡ ਰੇਲਾਂ ਦੀਆਂ ਟਿਕਟਾਂ ਦੀ ਕੀਮਤ ਵਸੂਲੀ ਜਾ ਰਹੀ ਸੀ ਬਜਾਏ ਕਿ ਏ. ਸੀ. ਦੂਜਾ ਦਰਜਾ ਸਲੀਪਰ ਦੀ ਜੋ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਮੁਹੱਈਆ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਵਲੋਂ ਮਜ਼ਦੂਰਾਂ ਦੀਆਂ ਟਿਕਟਾਂ ਦੀ 100 ਫੀਸਦੀ ਕੀਮਤ ਅਦਾ ਕੀਤੀ ਜਾ ਰਹੀ ਹੈ। ਅਮਰਿੰਦਰ ਨੇ ਕਿਹਾ ਕਿ ਸੋਨੀਆ ਗਾਂਧੀ ਦੇ ਨਿਰਦੇਸ਼ਾਂ 'ਤੇ ਕਈ ਥਾਵਾਂ 'ਤੇ ਕਾਂਗਰਸ ਪਾਰਟੀ ਦੇ ਦਫ਼ਤਰ ਮਜ਼ਦੂਰਾਂ ਤੇ ਗਰੀਬਾਂ ਨੂੰ ਖਾਣਾ ਮੁਹੱਈਆ ਕਰਨ ਲਈ ਰਸੋਈਆਂ 'ਚ ਤਬਦੀਲ ਹੋ ਗਏ ਹਨ ਜਦੋਂ ਕਿ ਪਾਰਟੀ ਦੇ ਵਿਧਾਇਕ ਨਿੱਜੀ ਤੌਰ 'ਤੇ ਇਨ੍ਹਾਂ ਦੀ ਆਵਾਜਾਈ ਦੀ ਦੇਖ-ਰੇਖ ਕਰ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਾਰਚ 'ਚ ਕੌਮੀ ਪੱਧਰ 'ਤੇ ਲਾਕਡਾਊਨ ਲੱਗਣ ਤੋਂ ਲੈ ਕੇ ਹੁਣ ਤੱਕ ਪ੍ਰਵਾਸੀ ਕਿਰਤੀਆਂ ਦਾ ਪੂਰਾ ਖਿਆਲ ਰੱਖ ਰਹੀ ਹੈ ਅਤੇ ਇਨ੍ਹਾਂ ਕਿਰਤੀਆਂ ਨੂੰ ਖਾਣਾ, ਰਹਿਣ ਲਈ ਥਾਂ ਮੁਹੱਈਆ ਕਰਵਾਉਣ ਅਤੇ ਬਹੁਤ ਸਾਰੇ ਮਾਮਲਿਆਂ 'ਚ ਦਿਹਾੜੀ/ਵਿੱਤੀ ਮਦਦ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਗਿਆ ਹੈ। ਇਹੀ ਵੱਡਾ ਕਾਰਨ ਹੈ ਕਿ ਕਿਰਤੀਆਂ ਨੇ ਇਨ੍ਹਾਂ ਹਫਤਿਆਂ ਦੌਰਾਨ ਪੰਜਾਬ 'ਚੋਂ ਜਾਣ ਦਾ ਉਦੋਂ ਤੱਕ ਯਤਨ ਨਹੀਂ ਕੀਤਾ ਜਦੋਂ ਤੱਕ ਇਨ੍ਹਾਂ ਪ੍ਰਵਾਸੀਆਂ ਨੂੰ ਆਪਣੇ ਪਰਿਵਾਰਾਂ ਕੋਲ ਜਾਣ ਦਾ ਮੌਕਾ ਮਿਲਿਆ ਜੋ ਕਿ ਕਿਸੇ ਵੀ ਸੰਕਟਮਈ ਸਮੇਂ ਵਿਚ ਕੁਦਰਤੀ ਵਰਤਾਰਾ ਹੁੰਦਾ ਹੈ।
ਇਹ ਵੀ ਪੜ੍ਹੋ : ਫਰੀਦਕੋਟ 'ਚ 'ਕੋਰੋਨਾ' ਦੇ ਦੋ ਨਵੇਂ ਪਾਜ਼ੇਟਿਵ ਕੇਸ ਮਿਲੇ, ਅੰਕੜਾ 62 ਤੱਕ ਪੁੱਜਾ
ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਸਰਕਾਰਾਂ ਵਾਲੇ ਸੂਬਿਆਂ ਦੇ ਉਲਟ ਕਿਸੇ ਵੀ ਕਾਂਗਰਸ ਦੀ ਅਗਵਾਈ ਵਾਲੇ ਸੂਬੇ ਦੇ ਮੁੱਖ ਮੰਤਰੀ ਵਲੋਂ ਪ੍ਰਵਾਸੀ ਕਿਰਤੀਆਂ ਨੂੰ ਸੂਬੇ ਅੰਦਰ ਆਉਣ ਜਾਂ ਜਾਣ ਤੋਂ ਰੋਕਿਆ ਨਹੀਂ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਖੁਦ ਇਸ ਨੂੰ ਯਕੀਨੀ ਬਣਾਇਆ ਹੈ ਕਿ ਪੰਜਾਬ 'ਚ ਕੋਈ ਵੀ ਕਿਰਤੀ ਭੁੱਖੇ ਢਿੱਡ ਨਾ ਰਹੇ। ਮੁੱਖ ਮੰਤਰੀ ਨੇ ਕਿਹਾ ਕਿ ਅਸਲ 'ਚ ਉਨ੍ਹਾਂ ਨੇ ਖੁਦ ਪ੍ਰਧਾਨ ਮੰਤਰੀ ਨੂੰ 30 ਮਾਰਚ, 2020 ਨੂੰ ਪੱਤਰ ਲਿਖ ਕੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਭਾਰਤ ਸਰਕਾਰ ਦੇ ਧਿਆਨ 'ਚ ਲਿਆਂਦਾ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਵਾਸੀ ਕਿਰਤੀਆਂ ਲਈ ਐਲਾਨੇ ਅਖੌਤੀ ਆਰਥਿਕ ਪੈਕੇਜ ਤੋਂ ਕਾਫੀ ਸਮਾਂ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਸੂਬੇ ਦੇ ਰਾਸ਼ਨ ਕਾਰਡ ਧਾਰਕਾਂ ਦੇ ਬਰਾਬਰ ਪ੍ਰਵਾਸੀ ਕਿਰਤੀਆਂ ਨੂੰ ਖਾਣੇ ਦੇ ਪੈਕਟ ਮੁਹੱਈਆ ਕਰਵਾਉਣੇ ਸ਼ੁਰੂ ਕਰ ਦਿੱਤੇ ਸਨ। ਪੰਜਾਬ ਸਰਕਾਰ ਵਲੋਂ ਪਹਿਲਾਂ ਹੀ 1 ਕਰੋੜ ਸੁੱਕੇ ਖੁਰਾਕ ਪਦਾਰਥ ਦੇ ਪੈਕਟ ਅਤੇ 2 ਕਰੋੜ ਖੁਰਾਕੀ ਪੈਕਟ ਗਰੀਬਾਂ ਜ਼ਿਆਦਾਤਰ ਪ੍ਰਵਾਸੀ ਕਿਰਤੀਆਂ ਲਈ ਪੰਜਾਬ ਅੰਦਰ ਵੰਡੇ ਜਾ ਚੁੱਕੇ ਹਨ। ਕੈਪਟਨ ਨੇ ਕਿਹਾ ਕਿ ਕੇਂਦਰ ਸਰਕਾਰ ਪ੍ਰਵਾਸੀ ਕਿਰਤੀਆਂ ਅਤੇ ਗਰੀਬਾਂ ਦੀ ਮਦਦ ਲਈ ਸੰਜੀਦਗੀ ਨਾਲ ਕੰਮ ਕਰਨ ਵਾਲਿਆਂ 'ਤੇ ਹਮਲੇ ਕਰਨ ਦੀ ਬਜਾਏ ਇਸ ਸੰਕਟ ਦੇ ਸਮੇਂ 'ਚ ਪਾਰਟੀ ਪੱਧਰ ਤੋਂ ਉਪਰ ਉਠ ਕੇ ਹਰ ਆਗੂ ਅਤੇ ਵਰਕਰ ਨੂੰ ਨਾਲ ਲੈ ਕੇ ਚੱਲੇ ਤਾਂ ਜੋ ਮੁਲਕ ਦੇ ਲੋਕਾਂ ਨੂੰ ਜ਼ਰੂਰੀ ਤੇ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾ ਸਕੇ।