ਕਿਸਾਨ ਅੰਦੋਲਨ ’ਚ ਦੇਸ਼ ਵਿਰੋਧੀਆਂ ਦੀ ਘੁਸਪੈਠ ਬਾਰੇ ਕੈਪਟਨ ਨੇ ਦਿੱਤੀ ਸੀ ਪ੍ਰਧਾਨ ਮੰਤਰੀ ਨੂੰ ਰਿਪੋਰਟ
Tuesday, Nov 23, 2021 - 01:43 AM (IST)
ਪਟਿਆਲਾ(ਰਾਜੇਸ਼ ਪੰਜੌਲਾ)- ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਇਕ ਸਾਲ ਤੋਂ ਵੱਧ ਸਮੇਂ ਤੱਕ ਚੱਲੇ ਕਿਸਾਨ ਅੰਦੋਲਨ ਵਿਚ 6 ਵੱਖਵਾਦੀ ਅਤੇ ਦੇਸ਼ ਵਿਰੋਧੀ ਸੰਗਠਨਾਂ ਦੀ ਘੁਸਪੈਠ ਹੋਣ ਬਾਰੇ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣਕਾਰੀ ਦਿੱਤੀ ਸੀ।
ਬਤੌਰ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸਮੇਂ-ਸਮੇਂ ’ਤੇ ਪੰਜਾਬ ਦੀਆਂ ਇੰਟੈਲੀਜੈਂਸ ਏਜੰਸੀਆਂ ਵੱਲੋਂ ਦਿੱਤੀਆਂ ਗਈਆਂ ਗੁਪਤ ਰਿਪੋਰਟਾਂ ਕੇਂਦਰ ਸਰਕਾਰ ਕੋਲ ਪਹੁੰਚਾਈਆਂ ਸਨ। ਕੈਪਟਨ ਨੇ ਵਾਰ-ਵਾਰ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਿਹਾ ਸੀ ਕਿ ਇਹ ਮਸਲਾ ਹੱਲ ਹੋਣਾ ਚਾਹੀਦਾ ਹੈ ਕਿਉਂਕਿ ਇਹ ਮਸਲਾ ਦੇਸ਼ ਦੀ ਸੁਰੱਖਿਆ ਨਾਲ ਜੁਡ਼ ਗਿਆ ਹੈ। ਦੇਸ਼ ਤੋਂ ਬਾਹਰ ਬੈਠੇ ਦੇਸ਼ ਵਿਰੋਧੀ ਸੰਗਠਨਾਂ ਨੇ ਪੂਰੀ ਤਰ੍ਹਾਂ ਕਿਸਾਨ ਅੰਦੋਲਨ ’ਚ ਸ਼ਮੂਲੀਅਤ ਕਰ ਲਈ ਸੀ, ਜਿਸ ਕਾਰਨ ਕਈ ਵਾਰ ਅੰਦੋਲਨ ਹਿੰਸਕ ਵੀ ਹੋਇਆ ਅਤੇ ਅੰਦੋਲਨ ਵਿਚ ਦੇਸ਼ ਵਿਰੋਧੀ ਅਤੇ ਹਿੰਦੂ ਸਿੱਖ ਭਾਈਚਾਰੇ ਵਿਚ ਨਫਰਤ ਪੈਦਾ ਕਰਨ ਵਾਲੀਆਂ ਗੱਲਾਂ ਵੀ ਹੋਈਆਂ।
ਇਹ ਵੀ ਪੜ੍ਹੋ- ਪ੍ਰਾਈਵੇਟ ਬੱਸਾਂ ਜ਼ਬਤ ਕਰਨ ਦੇ ਮਾਮਲੇ 'ਚ ਰਾਜਾ ਵੜਿੰਗ ਨੂੰ ਹਾਈਕੋਰਟ ਵੱਲੋਂ ਨੋਟਿਸ ਜਾਰੀ (ਵੀਡੀਓ)
ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਸਾਬਕਾ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਇਸ ਮਸਲੇ ਦਾ ਹੱਲ ਚਾਹੁੰਦੇ ਸਨ ਅਤੇ ਲਗਾਤਾਰ ਕੇਂਦਰ ਦੇ ਤਾਲਮੇਲ ਵਿਚ ਰਹੇ ਕਿਉਂਕਿ ਜੇਕਰ ਮਾਹੌਲ ਖਰਾਬ ਹੁੰਦਾ ਸੀ ਤਾਂ ਉਸ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਹੋਣਾ ਸੀ ਕਿਉਂਕਿ ਅੰਦੋਲਨ ਦਾ ਬੇਸ ਪੰਜਾਬ ਵਿਚ ਅਤੇ ਸਭ ਤੋਂ ਵੱਧ ਅਸਰ ਵੀ ਪੰਜਾਬ ਵਿਚ ਹੀ ਸੀ। ਕੈ. ਅਮਰਿੰਦਰ ਸਿੰਘ ਬੇਸ਼ੱਕ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸਨ ਪਰ ਉਹ ਸਾਬਕਾ ਫੌਜੀ ਸਨ ਅਤੇ ਦੇਸ਼ ਦੀ ਸੁਰੱਖਿਆ ਦੇ ਮਾਮਲੇ ’ਤੇ ਉਨ੍ਹਾਂ ਕਈ ਵਾਰ ਪਾਰਟੀ ਲਾਈਨ ਤੋਂ ਹਟ ਕੇ ਕੇਂਦਰ ਦੇ ਫੈਸਲਿਆਂ ਦੀ ਸ਼ਲਾਘਾ ਕੀਤੀ ਅਤੇ ਡਟ ਕੇ ਕੇਂਦਰ ਦੇ ਫੈਸਲਿਆਂ ਦੇ ਹੱਕ ਵਿਚ ਖਡ਼੍ਹੇ ਹੋਏ, ਜਿਸ ਕਾਰਨ ਸਮੇਂ ਸਮੇਂ ’ਤੇ ਭਾਜਪਾ ਨਾਲ ਮਿਲੇ ਹੋਣ ਦੇ ਦੋਸ਼ ਵੀ ਲੱਗੇ ਪਰ ਉਨ੍ਹਾਂ ਲਈ ਦੇਸ਼ ਅਤੇ ਪੰਜਾਬ ਦੇ ਹਿੱਤ ਸਭ ਤੋਂ ਉਪਰ ਸਨ, ਜਿਸ ਕਰਕੇ ਉਨ੍ਹਾਂ ਨੇ ਕੇਂਦਰ ਨਾਲ ਤਾਲਮੇਲ ਬਰਕਰਾਰ ਰੱਖਿਆ।
ਸੂਤਰਾਂ ਅਨੁਸਾਰ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਅਤੇ ਕੈ. ਅਮਰਿੰਦਰ ਸਿੰਘ ਦੇ ਤਰਕਾਂ ਅਤੇ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਰਿਪੋਰਟ ਦੇ ਆਧਾਰ ’ਤੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਅਚਾਨਕ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਇਹ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਸਿੱਧੂ ਨੇ ਚੰਨੀ ਸਾਹਮਣੇ ਦਿਖਾਏ ਤੇਵਰ, ਕਿਹਾ-ਖਾਲੀ ਖਜ਼ਾਨੇ ਦੇ ਦੌਰ ’ਚ ਜਨਤਾ ਨੂੰ ਨਹੀਂ ਵੰਡਣ ਦੇਣਗੇ ਲਾਲੀਪਾਪ
ਕਾਂਗਰਸ ਚਾਹੁੰਦੀ ਸੀ 2024 ਤਕ ਚੱਲੇ ਅੰਦੋਲਨ
ਸੂਤਰਾਂ ਅਨੁਸਾਰ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਚਾਹੁੰਦੀ ਸੀ ਕਿ ਇਹ ਕਿਸਾਨ ਅੰਦੋਲਨ 2024 ਤੱਕ ਚੱਲੇ ਅਤੇ ਮੋਦੀ ਸਰਕਾਰ ਪੂਰੀ ਤਰ੍ਹਾਂ ਇਸ ਵਿਚ ਘਿਰੀ ਰਹੇ। 2024 ਵਿਚ ਮੋਦੀ ਸਰਕਾਰ ਨੂੰ ਹਰਾਉਣ ਲਈ ਵਿਰੋਧੀ ਪਾਰਟੀਆਂ ਕੋਲ ਹੋਰ ਕੋਈ ਮੁੱਖ ਮੁੱਦਾ ਨਹੀਂ ਸੀ, ਇਸ ਕਰ ਕੇ ਉਹ ਇਸ ਮੁੱਦੇ ਨੂੰ ਹੋਰ ਭਡ਼ਕਾਉਣਾ ਚਾਹੁੰਦੇ ਸਨ। ਜਦੋਂ ਕੈ. ਅਮਰਿੰਦਰ ਸਿੰਘ ਕਿਸਾਨ ਅੰਦੋਲਨ ਨੂੰ ਖਤਮ ਕਰਵਾਉਣ ਲਈ ਕੇਂਦਰ ਨਾਲ ਤਾਲਮੇਲ ਕਰਦੇ ਸਨ ਤਾਂ ਉਸ ਨਾਲ ਕਾਂਗਰਸ ਦੀ ਕੇਂਦਰੀ ਹਾਈਕਮਾਂਡ ਕੈਪਟਨ ਤੋਂ ਨਾਰਾਜ਼ ਹੁੰਦੀ ਸੀ।
ਕਈ ਵਾਰ ਰਾਹੁਲ ਗਾਂਧੀ ਦਾ ਬਿਆਨ ਆਇਆ ਸੀ ਕਿ ਜਿਹਡ਼ੇ ਲੋਕ ਆਰ. ਐੱਸ. ਐੱਸ. ਅਤੇ ਭਾਜਪਾ ਤੋਂ ਡਰਦੇ ਹਨ, ਉਹ ਪਾਰਟੀ ਛੱਡ ਕੇ ਚਲੇ ਜਾਣ। ਰਾਹੁਲ ਗਾਂਧੀ ਦਾ ਇਸ਼ਾਰਾ ਹਮੇਸ਼ਾ ਕੈਪਟਨ ਵੱਲ ਹੀ ਹੁੰਦਾ ਸੀ। ਕੈ. ਅਮਰਿੰਦਰ ਸਿੰਘ ਪੰਜਾਬ ਦੇ ਹਿੱਤਾਂ ਨੂੰ ਦੇਖਦੇ ਹੋਏ ਇਹ ਅੰਦੋਲਨ ਖਤਮ ਕਰਵਾਉਣਾ ਚਾਹੁੰਦੇ ਸਨ, ਇਸ ਕਰ ਕੇ ਉਹ ਲਗਾਤਾਰ ਕੇਂਦਰ ਦੇ ਸੰਪਰਕ ਵਿਚ ਰਹੇ। ਸ਼ਾਇਦ ਇਸੇ ਕਾਰਨ ਉਨ੍ਹਾਂ ਨੂੰ ਆਪਣੀ ਮੁੱਖ ਮੰਤਰੀ ਦੀ ਕੁਰਸੀ ਤੋਂ ਹੱਥ ਧੋਣੇ ਪਏ।