ਹੋਟਲ ’ਚ ਚੱਲ ਰਹੇ ਕਾਲ ਸੈਂਟਰ ਦਾ ਪਰਦਾਫਾਸ਼, 100 ਲੈਪਟਾਪ, ਕੰਪਿਊਟਰ ਤੇ ਹੋਰ ਸਾਮਾਨ ਜ਼ਬਤ

01/31/2023 11:30:40 PM

ਤਰਨਤਾਰਨ (ਰਮਨ) : ਅੰਮ੍ਰਿਤਸਰ ਰੋਡ ਵ੍ਰਿੰਦਾਵਨ ਕਾਲੋਨੀ ਨੇੜੇ ਇਕ ਹੋਟਲ ਅੰਦਰੋਂ ਮੰਗਲਵਾਰ ਦੇਰ ਸ਼ਾਮ ਪੁਲਸ ਵੱਲੋਂ ਕਰੀਬ 100 ਦੇ ਕਰੀਬ ਲੈਪਟਾਪ, ਕੰਪਿਊਟਰ, ਸੀ.ਪੀ.ਯੂ., ਹੈੱਡ ਫੋਨ ਅਤੇ ਮੋਬਾਈਲ ਸਮੇਤ ਹੋਰ ਸਾਮਾਨ ਜ਼ਬਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੂਤਰਾਂ ਅਨੁਸਾਰ ਇਸ ਹੋਟਲ ਅੰਦਰੋਂ ਇਕ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ, ਜਿਸ ਦੀ ਵਰਤੋਂ ਲੋਕਾਂ ਤੋਂ ਧੋਖੇ ਨਾਲ ਕਰੋੜਾਂ ਰੁਪਏ ਠੱਗਣ ਲਈ ਕੀਤੀ ਜਾ ਰਹੀ ਸੀ। ਫਿਲਹਾਲ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਸਾਮਾਨ ਨੂੰ ਆਪਣੇ ਕਬਜ਼ੇ ਵਿਚ ਲੈਣ ਤੋਂ ਬਾਅਦ ਹੋਟਲ ਮਾਲਕ ਅਤੇ ਸਟਾਫ ਦੇ ਬਿਆਨ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ ਪੁਲਸ ਦੇ ਉੱਚ ਅਧਿਕਾਰੀ ਇਸ ਮਾਮਲੇ ਸਬੰਧੀ ਮੀਡੀਆ ਨਾਲ ਪ੍ਰੈੱਸ ਕਾਨਫਰੰਸ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ : ਰੂਸ ਨੇ 19 ਸਾਲਾ ਕੁੜੀ ਨੂੰ ਐਲਾਨਿਆ ਖ਼ਤਰਨਾਕ ਅੱਤਵਾਦੀ, ਲੱਤ ’ਤੇ ਲਗਾ ਦਿੱਤਾ ਟ੍ਰੈਕਰ

ਜਾਣਕਾਰੀ ਅਨੁਸਾਰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਅਤੇ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਨੂੰ ਕਿਸੇ ਵਿਅਕਤੀ ਵੱਲੋਂ ਗੁਪਤ ਸੂਚਨਾ ਦਿੱਤੀ ਗਈ ਸੀ ਕਿ ਅੰਮ੍ਰਿਤਸਰ ਰੋਡ ਵਿਖੇ ਮੌਜੂਦ ਮਸ਼ਹੂਰ ਹੋਟਲ ਅੰਦਰ ਇਕ ਕਾਲ ਸੈਂਟਰ ਪਿਛਲੇ ਕਈ ਦਿਨਾਂ ਤੋਂ ਚਲਾਇਆ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਦੌਰਾਨ ਸਟਾਫ ਮੌਜੂਦ ਰਹਿੰਦਾ ਹੈ, ਜਿਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈ ਗਈਆਂ ਹਨ। ਇਸ ਸੂਚਨਾ ਤੋਂ ਬਾਅਦ ਪੁਲਸ ਹੈੱਡਕੁਆਟਰ ਤੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਮੰਗਲਵਾਰ ਦੁਪਹਿਰ 12 ਵਜੇ ਤੋਂ ਵੱਡੀ ਗਿਣਤੀ ਦੌਰਾਨ ਪੁਲਸ ਮੁਲਾਜ਼ਮਾਂ ਦੀਆਂ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ ਹੋਟਲ ਨੂੰ ਘੇਰਾ ਪਾ ਲਿਆ ਗਿਆ।

ਇਹ ਵੀ ਪੜ੍ਹੋ : ਪੁਲਸ ਦੀ ਵਰਦੀ ’ਚ ਆਏ ਲੁਟੇਰੇ, ਸਬਜ਼ੀ ਵਾਲੇ ਤੋਂ ਹਜ਼ਾਰਾਂ ਦੀ ਨਕਦੀ ਖੋਹ ਕੇ ਹੋਏ ਫ਼ਰਾਰ

ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਕਾਲ ਸੈਂਟਰ ’ਚ ਸਟਾਫ਼ ਵੱਲੋਂ ਲੋਕਾਂ ਨੂੰ ਵੱਖ-ਵੱਖ ਢੰਗਾਂ ਨਾਲ ਫੋਨ ਕਰਦੇ ਹੋਏ ਆਪਣੇ ਜਾਲ ਵਿਚ ਫਸਾਇਆ ਜਾਂਦਾ ਸੀ, ਜਿਸ ਤੋਂ ਬਾਅਦ ਲੋਕਾਂ ਨੂੰ ਲੱਖਾਂ ਰੁਪਏ ਦੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਪੁਲਸ ਵੱਲੋਂ ਛਾਪੇਮਾਰੀ ਕਰਦੇ ਹੋਏ ਹੋਟਲ ਦੇ ਇਕ ਵੱਖਰੀ ਥਾਂ ਤੋਂ ਵੱਡੀ ਗਿਣਤੀ ਵਿਚ ਮੌਜੂਦ ਸਾਮਾਨ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ। ਇਸ ਦੌਰਾਨ ਪੁਲਸ ਨੇ ਵੱਡੀ ਗਿਣਤੀ ਵਿੱਚ ਪੈਣ ਡਰਾਈਵ ਅਤੇ ਫੋਨ ਕਾਲ ਦਾ ਰਿਕਾਰਡ ਵੀ ਜ਼ਬਤ ਕੀਤਾ ਹੈ, ਜਿਨ੍ਹਾਂ ਵਿਚ ਵੱਖ-ਵੱਖ ਲੋਕਾਂ ਨੂੰ ਕੀਤੇ ਗਏ ਫੋਨਾਂ ਦੀਆਂ ਜਾਣਕਾਰੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੁਲਸ ਵੱਲੋਂ ਇਸ ਕੀਤੀ ਗਈ ਕਾਰਵਾਈ ਸਬੰਧੀ ਮੀਡੀਆ ਤੋਂ ਦੂਰੀ ਬਣਾਈ ਗਈ ਹੈ।

ਇਹ ਵੀ ਪੜ੍ਹੋ : ਡਾ. ਇੰਦਰਬੀਰ ਸਿੰਘ ਨਿੱਜਰ ਨੇ ਸਫ਼ਾਈ ਸੇਵਕਾਂ ਨਾਲ ਕੀਤੀ ਮੀਟਿੰਗ, ਜਾਇਜ਼ ਮੰਗਾਂ ਦੇ ਹੱਲ ਦਾ ਦਿੱਤਾ ਭਰੋਸਾ

ਇਸ ਬਾਬਤ ਜਾਣਕਾਰੀ ਦਿੰਦੇ ਹੋਏ ਏ. ਐੱਸ.ਪੀ. ਇਨਵੈਸਟੀਗੇਸ਼ਨ ਵਿਸ਼ਾਲ ਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਕਾਰਵਾਈ ਦੌਰਾਨ ਵੱਡੀ ਗਿਣਤੀ ਵਿਚ ਕੰਪਿਊਟਰ ਅਤੇ ਹੋਰ ਤਕਨੀਕੀ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਹੋਟਲ ਵਿਚ ਕਿਸੇ ਵੱਡੇ ਫਰਾਡ ਨਾਲ ਸਬੰਧਤ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ, ਜਿਸ ਦੀ ਜਾਣਕਾਰੀ ਬੁੱਧਵਾਰ ਸਵੇਰੇ ਮੀਡੀਆ ਨੂੰ ਜਾਂਚ ਤੋਂ ਬਾਅਦ ਦੇ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਵਿਚ ਕੋਈ ਵੀ ਨਸ਼ੇ ਵਾਲਾ ਪਦਾਰਥ ਬਰਾਮਦ ਨਹੀਂ ਹੋਇਆ ਹੈ।


Mandeep Singh

Content Editor

Related News