ਬੱਸ ਡਰਾਈਵਰ ਨੂੰ ਮਾਰਨ ਵਾਲਾ ਗ੍ਰਿਫਤਾਰ
Thursday, Aug 24, 2017 - 04:02 AM (IST)
ਅੰਮ੍ਰਿਤਸਰ, (ਸੰਜੀਵ)- ਫਤਿਹਗੜ੍ਹ ਚੂੜੀਆਂ ਰੋਡ 'ਤੇ ਬਾਬਾ ਬੁੱਢਾ ਸਾਹਿਬ ਬੱਸ ਸਰਵਿਸ ਦੇ ਡਰਾਈਵਰ ਨੂੰ ਰਸਤਾ ਨਾ ਦੇਣ 'ਤੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਨ ਵਾਲੇ ਗੈਂਗਸਟਰ ਭੁਪਿੰਦਰ ਸਿੰਘ ਭਿੰਦਾ ਦੇ ਸਾਥੀ ਸਿਕੰਦਰ ਨਿਵਾਸੀ ਗੁਰੂ ਕਾ ਖੂਹ ਤਰਨਤਾਰਨ ਨੂੰ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਗ੍ਰਿਫਤਾਰ ਕਰ ਕੇ ਕਤਲ ਦੇ ਮਾਮਲੇ ਨੂੰ ਸੁਲਝਾ ਲਿਆ ਹੈ। ਇਹ ਖੁਲਾਸਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਗਾਂਧੀ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੇ ਕਬਜ਼ੇ 'ਚੋਂ ਇਕ ਪਿਸਟਲ ਵੀ ਬਰਾਮਦ ਕੀਤੀ ਗਈ ਹੈ, ਜਿਸ ਨੂੰ ਵਾਰਦਾਤ ਵਿਚ ਤਾਂ ਇਸਤੇਮਾਲ ਨਹੀਂ ਕੀਤਾ ਗਿਆ ਸੀ ਪਰ ਪੁਲਸ ਉਸ ਦੀ ਜਾਂਚ ਕਰ ਰਹੀ ਹੈ।
ਐੱਸ. ਐੱਸ. ਪੀ. ਨੇ ਦੱਸਿਆ ਕਿ 22 ਜੁਲਾਈ ਨੂੰ ਬਾਬਾ ਬੁੱਢਾ ਸਾਹਿਬ ਸਰਵਿਸ ਬੱਸ ਦਾ ਡਰਾਈਵਰ ਗੁਰਵਿੰਦਰ ਸਿੰਘ ਬੱਸ ਨੰ. ਪੀ ਬੀ 06 ਜੀ 9933 ਨੂੰ ਦੁਪਹਿਰ 3 ਵਜੇ ਦੇ ਕਰੀਬ ਬੱਸ ਸਟੈਂਡ ਤੋਂ ਸਵਾਰੀਆਂ ਭਰ ਕੇ ਫਤਿਹਗੜ੍ਹ ਚੂੜੀਆਂ ਰੋਡ ਤੋਂ ਜਾ ਰਿਹਾ ਸੀ, ਜਿਸ ਦੇ ਪਿੱਛੇ ਇਕ ਸਵਿਫਟ ਗੱਡੀ 'ਚ ਸਵਾਰ ਜਵਾਨਾਂ ਨੇ ਉਸ ਤੋਂ ਰਸਤਾ ਮੰਗਿਆ ਪਰ ਸੜਕ 'ਤੇ ਟ੍ਰੈਫਿਕ ਹੋਣ ਕਾਰਨ ਬੱਸ ਚਾਲਕ ਰਸਤਾ ਨਹੀਂ ਦੇ ਸਕਿਆ ਸੀ। ਨੌਜਵਾਨ ਲਗਾਤਾਰ ਪਿੱਛੇ ਹਾਰਨ ਵਜਾਉਂਦੇ ਰਹੇ ਪਰ ਜਦੋਂ ਬੱਸ ਚਾਲਕ ਰਸਤਾ ਨਹੀਂ ਦੇ ਸਕਿਆ ਤਾਂ ਮੁਲਜ਼ਮਾਂ ਨੇ ਕਿਸੇ ਤਰ੍ਹਾਂ ਗੱਡੀ ਸੜਕ 'ਤੇ ਭਜਾਈ ਅਤੇ ਉਸ ਨੂੰ ਬੱਸ ਅੱਗੇ ਲਿਜਾ ਕੇ ਖੜ੍ਹਾ ਕਰ ਦਿੱਤਾ।
ਗੱਡੀ 'ਚੋਂ ਨਿਕਲੇ ਮੁਲਜ਼ਮਾਂ ਨੇ ਉਤਰਦੇ ਹੀ ਬੱਸ ਦਾ ਦਰਵਾਜ਼ਾ ਖੋਲ੍ਹਿਆ ਤੇ ਉਸ ਦੇ ਚਾਲਕ ਗੁਰਵਿੰਦਰ ਸਿੰਘ ਨੂੰ ਹੇਠਾਂ ਘਸੀਟ ਲਿਆ, ਜਿਸ ਉਪਰੰਤ ਮੁਲਜ਼ਮਾਂ ਨੇ ਪਹਿਲਾਂ ਤਾਂ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸ ਦੇ ਢਿੱਡ ਵਿਚ ਗੋਲੀ ਦਾਗ ਦਿੱਤੀ। ਕੁਝ ਹੀ ਦੇਰ 'ਚ ਪਹੁੰਚੀ ਪੁਲਸ ਨੇ ਜ਼ਖਮੀ ਗੁਰਵਿੰਦਰ ਸਿੰਘ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ, ਤਦ ਤੱਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕੇ ਸਨ। ਪੁਲਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਐੱਸ. ਆਈ. ਅਵਤਾਰ ਸਿੰਘ, ਐੱਸ. ਆਈ. ਬਿਕਰਮਜੀਤ ਸਿੰਘ ਤੇ ਐੱਸ. ਆਈ. ਸੁਬੇਗ ਸਿੰਘ ਦੀ ਪ੍ਰਧਾਨਗੀ 'ਚ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ, ਜਿਸ ਨੇ ਅੱਜ ਕਤਲ ਦੇ ਮੁਲਜ਼ਮਾਂ 'ਚੋਂ ਸਿਕੰਦਰ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ, ਜਦੋਂ ਕਿ ਗੈਂਗਸਟਰ ਭੁਪਿੰਦਰ ਸਿੰਘ ਭਿੰਦਾ ਨਿਵਾਸੀ ਪੰਡੋਰੀ ਵੜੈਚ ਤੇ ਉਸ ਦੇ ਸਾਥੀ ਸੋਹਨ ਲਾਲ ਨਿਵਾਸੀ ਚੱਠੂ ਮੁਹੱਲਾ ਪੱਟੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
