ਪਵੇਗਾ ਬੋਝ ਜਾਂ ਮਿਲੇਗੀ ਰਾਹਤ, ਅੱਜ ਹੋਵੇਗਾ ਫੈਸਲਾ

Tuesday, Jun 26, 2018 - 06:22 AM (IST)

ਚੰਡੀਗੜ੍ਹ, (ਵਿਜੇ)- ਸ਼ਹਿਰ ਦੇ ਲੋਕਾਂ 'ਤੇ ਬਿਜਲੀ ਦੀਆਂ ਦਰਾਂ ਦਾ ਬੋਝ ਵਧ ਸਕਦਾ ਹੈ, ਇਸ 'ਤੇ ਫੈਸਲਾ ਅੱਜ ਲਿਆ ਜਾ ਸਕਦਾ ਹੈ। ਦਰਅਸਲ ਬਿਜਲੀ ਵਿਭਾਗ ਨੇ ਜੁਆਇੰਟ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਜੇ. ਈ. ਆਰ. ਸੀ.) ਕੋਲ ਰੀਵਿਊ ਪਟੀਸ਼ਨ ਫਾਈਲ ਕੀਤੀ ਹੈ। ਇਸ 'ਤੇ ਕਮਿਸ਼ਨ ਨੇ ਮੰਗਲਵਾਰ ਨੂੰ ਹੇਅਰਿੰਗ ਲਈ ਵਿਭਾਗ ਨੂੰ ਬੁਲਾਇਆ ਹੈ। ਸੂਤਰਾਂ ਅਨੁਸਾਰ ਬਿਜਲੀ ਦਾ ਟੈਰਿਫ ਵਧਾਏ ਜਾਣ ਦੇ ਘੱਟ ਹੀ ਲੱਛਣ ਹਨ ਕਿਉਂਕਿ ਬਿਜਲੀ ਵਿਭਾਗ ਵੱਲੋਂ ਇਸ ਸਾਲ ਜੋ ਟੈਰਿਫ ਪਟੀਸ਼ਨ ਫਾਈਲ ਕੀਤੀ ਗਈ ਸੀ, ਉਸ 'ਚ ਕਮਿਸ਼ਨ ਵੱਲੋਂ ਕੁਝ ਥਾਵਾਂ 'ਤੇ ਇਤਰਾਜ਼ ਲਾਏ ਗਏੇ ਹਨ, ਜਿਸ 'ਤੇ ਹੁਣ ਵਿਭਾਗ ਵੱਲੋਂ ਰੀਵਿਊ ਪਟੀਸ਼ਨ ਫਾਈਲ ਕਰ ਦਿੱਤੀ ਗਈ ਹੈ।  ਇਸ ਰੀਵਿਊ ਪਟੀਸ਼ਨ 'ਤੇ ਕਮਿਸ਼ਨ ਨੇ 26 ਜੂਨ ਨੂੰ ਵਿਭਾਗ ਨੂੰ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਹੈ। 
ਦਰਅਸਲ ਰੀਵਿਊ ਪਟੀਸ਼ਨ ਵਿਚ ਵਿਭਾਗ ਵੱਲੋਂ ਕਈ ਅਜਿਹੇ ਪਹਿਲੂਆਂ 'ਤੇ ਕਮਿਸ਼ਨ ਨੂੰ ਫਿਰ ਤੋਂ ਵਿਚਾਰ ਕਰਨ ਲਈ ਕਿਹਾ ਗਿਆ ਹੈ, ਜੋ ਜੇ. ਈ. ਆਰ. ਸੀ. ਨੇ ਨਹੀਂ ਮੰਨੀ ਸੀ। ਕਮਿਸ਼ਨ ਸਾਹਮਣੇ ਮਲਟੀ ਈਅਰ ਟੈਰਿਫ (ਐੱਮ. ਵਾਈ. ਟੀ.) ਦੀ ਪ੍ਰੈਜ਼ੈਂਟੇਸ਼ਨ ਦੇਣੀ ਹੋਵੇਗੀ ਅਤੇ ਪਟੀਸ਼ਨ ਨੂੰ ਡਿਫੈਂਸ ਵੀ ਕਰਨਾ ਹੋਵੇਗਾ।  
350 ਤਕ ਪਹੁੰਚੀ ਮੰਗ
ਤਾਪਮਾਨ ਵਧਣ ਨਾਲ ਹੀ ਸ਼ਹਿਰ 'ਚ ਬਿਜਲੀ ਦੀ ਮੰਗ ਵੀ ਤੇਜ਼ੀ ਨਾਲ ਵਧਣ ਲੱਗੀ ਹੈ। ਜੂਨ 'ਚ ਹੀ ਸ਼ਹਿਰ ਵਿਚ ਬਿਜਲੀ ਦੀ ਮੰਗ 350 ਮੈਗਾਵਾਟ ਦੀ ਸੰਖਿਆ ਪਾਰ ਕਰ ਚੁੱਕੀ ਹੈ। ਪਿਛਲੇ ਸਾਲ ਸ਼ਹਿਰ 'ਚ ਬਿਜਲੀ ਦੀ ਮੰਗ ਪੀਕ ਆਵਰ ਵਿਚ 410 ਦਾ ਅੰਕੜਾ ਛੂਹ ਗਈ ਸੀ। 
ਇਹੀ ਕਾਰਨ ਹੈ ਕਿ ਡਿਪਾਰਟਮੈਂਟ ਨੇ ਹੁਣ ਤੋਂ ਹੀ ਬਿਜਲੀ ਦੀ ਮੰਗ ਪੂਰੀ ਕਰਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਸਾਲ ਬਿਜਲੀ ਦੀ ਮੰਗ 430 ਮੈਗਾਵਾਟ ਤਕ ਪਹੁੰਚ ਸਕਦੀ ਹੈ। ਹਾਲਾਂਕਿ ਵਿਭਾਗ ਦਾ ਕਹਿਣਾ ਹੈ ਕਿ ਮੰਗ ਨੂੰ ਪੂਰਾ ਕਰਨ ਲਈ ਸੋਰਸ ਲੋੜੀਂਦੇ ਹਨ।
ਵੱਖਰੀ ਵੈੱਬਸਾਈਟ ਹੋਵੇਗੀ ਤਿਆਰ
ਬਿਜਲੀ ਵਿਭਾਗ ਛੇਤੀ ਹੀ ਆਪਣੀ ਨਵੀਂ ਵੈੱਬਸਾਈਟ ਤਿਆਰ ਕਰਨ ਜਾ ਰਿਹਾ ਹੈ। ਇਸ ਨੂੰ ਲਗਾਤਾਰ ਅੰਤਰਾਲ 'ਚ ਅਪਡੇਟ ਕੀਤਾ ਜਾਂਦਾ ਰਹੇਗਾ। ਹਾਲੇ ਵਿਭਾਗ ਦੀ ਕੋਈ ਵੱਖਰੀ ਵੈੱਬਸਾਈਟ ਨਹੀਂ ਹੈ, ਸਗੋਂ ਇੰਜੀਨੀਅਰਿੰਗ ਡਿਪਾਰਟਮੈਂਟ ਦੀ ਵੈੱਬਸਾਈਟ ਵਿਚ ਹੀ ਇਲੈਕਟ੍ਰੀਸਿਟੀ ਡਿਪਾਰਟਮੈਂਟ ਦੀ ਸਾਰੀ ਅਪਡੇਟੇਸ਼ਨ ਪਾਈ ਜਾਂਦੀ ਹੈ। ਉਥੇ ਹੀ ਕਮਿਸ਼ਨ ਨੇ ਵੀ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਵੈੱਬਸਾਈਟ ਨੂੰ ਪੂਰੀ ਤਰ੍ਹਾਂ ਨਾਲ ਉਪਭੋਗਤਾ ਫਰੈਂਡਲੀ ਬਣਾਇਆ ਜਾਵੇ। ਵਿਭਾਗ ਨੂੰ ਕਮਿਸ਼ਨ ਨੇ ਛੇ ਮਹੀਨੇ ਦਾ ਸਮਾਂ ਦਿੱਤਾ ਹੈ। ਇਨ੍ਹਾਂ ਛੇ ਮਹੀਨਿਆਂ ਅੰਦਰ ਵਿਭਾਗ ਨੂੰ ਵੈੱਬਸਾਈਟ ਨੂੰ ਹੋਰ ਵੀ ਇਨਫਾਰਮੇਟਿਵ ਬਣਾਉਣਾ ਹੋਵੇਗਾ। ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਦੇਣੀ ਹੋਵੇਗੀ ਕਿ ਵੈੱਬਸਾਈਟ ਪਿਛਲੀ ਵਾਰ ਕਦੋਂ ਅਪਡੇਟ ਕੀਤੀ ਗਈ ਸੀ। 
 


Related News