ਦੂਜਾ ਵਿਆਹ ਕਰਵਾਉਣ ਗਏ ਲਾੜੇ ਨੇ ਕੱਢੀ ਤਲਵਾਰ
Monday, Jan 28, 2019 - 01:40 AM (IST)

ਜਲੰਧਰ, (ਰਮਨ)- ਥਾਣਾ ਨੰ. 4 ਅਧੀਨ ਪੈਂਦੇ ਇਕ ਹੋਟਲ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਵਿਆਹ ਸਮਾਗਮ 'ਚ ਪਹੁੰਚੀ ਇਕ ਲੜਕੀ ਨੇ ਖੁੱਦ ਨੂੰ ਲਾੜੇ ਦੀ ਪਤਨੀ ਦੱਸ ਕੇ ਦੂਜਾ ਵਿਆਹ ਕਰਨ ਦਾ ਦੋਸ਼ ਲਾ ਦਿੱਤਾ। ਲੜਕੀ ਨੇ ਆਪਣੇ ਵਿਆਹ ਦੀਆਂ ਫੋਟੋਆਂ ਤੇ ਹੋਰ ਸਬੂਤ ਦਿਖਾ ਕੇ ਸਾਰਿਆਂ ਦੇ ਹੋਸ਼ ਉਡਾ ਦਿੱਤੇ। ਵਿਆਹ ਸਮਾਗਮ ਦੇ ਰੰਗ 'ਚ ਭੰਗ ਪਾਉਣ ਆਈ ਲੜਕੀ ਤੋਂ ਗੁੱਸੇ 'ਚ ਆਏ ਲਾੜੇ ਨੇ ਝਗੜੇ ਦੌਰਾਨ ਮਿਆਨ 'ਚੋਂ ਤਲਵਾਰ ਕੱਢ ਕੇ ਲਹਿਰਾ ਦਿੱਤੀ । ਤਲਵਾਰ ਕੱਢਦਿਆਂ ਹੀ ਹੋਟਲ 'ਚ ਹਫੜਾ-ਦਫੜੀ ਮੱਚ ਗਈ। ਕੁਝ ਸਮੇਂ ਲਈ ਮਾਹੌਲ ਗਰਮ ਹੋ ਗਿਆ। ਰਿਸ਼ਤੇਦਾਰਾਂ ਨੇ ਲਾੜੇ ਦੀ ਤਲਵਾਰ ਫੜੀ ਤੇ ਮਾਹੌਲ ਨੂੰ ਸ਼ਾਂਤ ਕਰਵਾਉਂਦੇ ਹੋਏ ਲੜਕੀ ਅਤੇ ਉਸ ਦੇ ਸਾਥੀਆਂ ਨੂੰ ਦੂਜੇ ਪਾਸੇ ਲੈ ਗਏ ।
ਐਤਵਾਰ ਨੂੰ ਉਕਤ ਹੋਟਲ 'ਚ ਨਕੋਦਰ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਦਾ ਵਿਆਹ ਹੋ ਰਿਹਾ ਸੀ। ਇਹ ਨੌਜਵਾਨ ਮੋਟਰਸਾਈਕਲ ਸੇਲ-ਪ੍ਰਚੇਜ਼ ਦਾ ਕੰਮ ਕਰਦਾ ਹੈ। ਇਸ ਦੌਰਾਨ ਕਰੀਬ 11.50 ਵਜੇ ਨਕੋਦਰ ਦੀ ਰਹਿਣ ਵਾਲੀ ਮੀਨਾਕਸ਼ੀ ਆਪਣੇ ਵਕੀਲ ਨਾਲ ਪਹੁੰਚੀ ਅਤੇ ਖੁੱਦ ਨੂੰ ਲਾੜੇ ਦੀ ਪਤਨੀ ਕਹਿ ਕੇ ਵਿਆਹ ਸਮਾਗਮ 'ਚ ਹੰਗਾਮਾ ਕਰਨ ਲੱਗੀ। ਵਿਆਹ 'ਚ ਆਏ ਲੋਕਾਂ ਨੇ ਮੌਕਾ ਸੰਭਾਲਦੇ ਹੋਏ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪਹੁੰਚੇ ਥਾਣਾ ਨੰ. 4 ਦੇ ਮੁੱਖੀ ਨਵੀਨ ਅਤੇ ਸਬ-ਇੰਸਪੈਕਟਰ ਨੇ ਮਾਹੌਲ ਨੂੰ ਸ਼ਾਂਤ ਕੀਤਾ। ਮੀਨਾਕਸ਼ੀ ਆਪਣੇ ਨਾਲ ਅਦਾਲਤ ਦੇ ਦਸਤਾਵੇਜ਼ ਲੈ ਕੇ ਪਹੁੰਚੀ ਸੀ, ਜਿਸ ਨੂੰ ਉਸ ਨੇ ਪੁਲਸ ਨੂੰ ਦਿਖਾਇਆ, ਜਿਨ੍ਹਾਂ ਮੁਤਾਬਕ ਗੁਰਵਿੰੰਦਰ ਸਿੰਘ ਉਸ ਦਾ ਪਤੀ ਹੈ, ਜਦਕਿ ਗੁਰਵਿੰਦਰ ਸਿੰਘ ਨੇ ਉਕਤ ਦਸਤਾਵੇਜ਼ਾਂ ਨੂੰ ਜਾਅਲੀ ਦੱਸਿਆ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਕਾਗਜ਼ਾਤਾਂ 'ਤੇ ਉਸ ਦੇ ਦਸਤਖਤ ਨਹੀਂ ਹਨ। ਕਈ ਘੰਟਿਆਂ ਤਕ ਦੋਵੇਂ ਧਿਰਾਂ ਨੇ ਇਕ-ਦੂਜੇ 'ਤੇ ਦੋਸ਼ ਲਾਏ ਪਰ ਕਿਸੇ ਨੇ ਵੀ ਪੁਲਸ ਨੂੰ ਪੁਖਤਾ ਸਬੂਤ ਨਹੀਂ ਦਿੱਤੇ। ਸ਼ਾਮ 5 ਵਜੇ ਗੁਰਵਿੰਦਰ ਸਿੰਘ ਆਪਣੀ ਨਵ-ਵਿਆਹੁਤਾ ਨੂੰ ਬੈਂਡ-ਬਾਜੇ ਨਾਲ ਲੈ ਕੇ ਉਥੋਂ ਚਲਾ ਗਿਆ। ਪੁਲਸ ਨੇ ਮੀਨਾਕਸ਼ੀ ਤੋਂ ਲਿਖਤੀ ਸ਼ਿਕਾਇਤ ਲੈ ਲਈ ਹੈ। ਥਾਣਾ ਮੁਖੀ ਨਵੀਨ ਨੇ ਦੱਸਿਆ ਕਿ ਫਿਲਹਾਲ ਦੋਵਾਂ ਧਿਰਾਂ ਕੋਲ ਕੋਈ ਠੋਸ ਸਬੂਤ ਨਹੀਂ ਹੈ, ਦੋਵੇਂ ਧਿਰਾਂ ਦਾ ਮਾਮਲਾ ਕੋਰਟ 'ਚ ਚਲ ਰਿਹਾ ਹੈ ।
ਥਾਣਾ ਨੰ. 4 ਦੀ ਸਬ-ਇੰਸਪੈਕਟਰ ਗੁਰਦੀਪ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਵਾਂ ਪਾਰਟੀਆਂ ਨੂੰ ਆਪਣੇ-ਆਪਣੇ ਸਬੂਤ ਅਤੇ ਦਸਤਾਵੇਜ਼ ਲੈ ਕੇ ਥਾਣੇ 'ਚ ਆਉਣ ਨੂੰ ਕਿਹਾ ਹੈ, ਜਿਸ ਤੋਂ ਬਾਅਦ ਜੋ ਦੋਸ਼ੀ ਪਾਇਆ ਜਾਵੇਗਾ, ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਲੜਕੇ ਦਾ ਐਫੀਡੇਵਿਟ ਮਿਲਿਆ ਹੈ, ਜਿਸ 'ਤੇ ਮੌਜੂਦ ਸਾਈਨ ਚੈੱਕ ਕਰਵਾਏ ਜਾਣਗੇ। ਕਾਨੂੰਨਨ ਕਿਸੇ ਦਾ ਵਿਆਹ ਨਹੀਂ ਰੋਕਿਆ ਜਾ ਸਕਦਾ । ਮਾਮਲਾ ਕੋਰਟ 'ਚ ਚਲ ਰਿਹਾ ਹੈ ।
ਪੁਲਸ ਨੂੰ ਲੜਕੀ ਨੇ ਦੱਸਿਆ ਕਿ ਉਸ ਨੇ 3 ਸਾਲ ਪਹਿਲਾਂ ਗੁਰਵਿੰਦਰ ਨਾਲ ਹਿਮਾਚਲ ਪ੍ਰਦੇਸ਼ 'ਚ ਮਾਤਾ ਚਿੰਤਪੂਰਨੀ ਮੰਦਰ 'ਚ ਵਿਆਹ ਕੀਤਾ ਸੀ। ਲੜਕੀ ਕੋਲ ਵਿਆਹ ਦੀਆਂ ਫੋਟੋਆਂ ਵੀ ਹਨ। ਲੜਕੀ ਦਾ ਇਹ ਵੀ ਦਾਅਵਾ ਹੈ ਕਿ ਵਿਆਹ ਤੋਂ ਬਾਅਦ ਉਸ ਦੀ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਉਹ ਵੱਖ ਰਹਿਣ ਲੱਗ ਪਏ। ਗੁਰਵਿੰਦਰ ਨੇ ਉਲਟਾ ਉਸ 'ਤੇ ਘਰ ਵਸਾਉਣ ਦਾ ਕੇਸ ਦਰਜ ਕੀਤਾ ਹੋਇਆ ਹੈ। ਦੋਵਾਂ ਦਾ ਕੋਰਟ 'ਚ ਕੇਸ ਚਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੁਰਵਿੰਦਰ ਨੇ ਦੱਸਿਆ ਕਿ ਮੀਨਾਕਸ਼ੀ ਨੇ ਪੁਲਸ ਨੂੰ ਜੋ ਐਫੀਡੇਵਿਟ ਵਿਖਾਇਆ ਹੈ, ਉਹ ਝੂਠਾ ਹੈ ਅਤੇ ਉਸ 'ਤੇ ਉਸ ਦੇ ਕੋਈ ਸਾਈਨ ਨਹੀਂ ਹਨ ਅਤੇ ਨਾ ਹੀ ਉਸ ਨੇ ਕੋਰਟ 'ਚ ਕੋਈ ਐਫੀਡੇਵਿਟ ਦਿੱਤਾ ਹੈ। ਮੀਨਾਕਸ਼ੀ ਦੋਸ਼ ਲਾ ਕੇ ਉਸ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ। ਉਸ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਬਰਬਾਦ ਕਰ ਦੇਵੇਗੀ, ਜੋ ਸਿਰਫ ਪੈਸਿਆਂ ਲਈ ਕੁਝ ਵੀ ਕਰ ਸਕਦੀ ਹੈ। ਇਸ ਝਗੜੇ ਦਾ ਕੋਰਟ 'ਚ ਕੇਸ ਵੀ ਚਲ ਰਿਹਾ ਹੈ।