ਪਿੰਡ ਔਲਕਾਂ ''ਚ ਸੁੱਤੇ ਲੜਕੇ ਦੇ ਕੱਟੇ ਗਏ ਵਾਲ
Friday, Aug 11, 2017 - 07:15 AM (IST)

ਨਕੋਦਰ, (ਪਾਲੀ)— ਔਰਤਾਂ ਦੇ ਵਾਲ ਕੱਟਣ ਦੇ ਦੇਸ਼ ਭਰ ਤੋਂ ਸਮਾਚਾਰ ਮਿਲਣ ਤੋਂ ਬਾਅਦ ਨਕੋਦਰ ਤਹਿਸੀਲ ਦੇ ਪਿੰਡ ਔਲਕਾਂ ਵਿਚ ਰਾਤ ਨੂੰ ਘਰ 'ਚ ਸੁੱਤੇ ਪਏ ਇਕ ਨੌਜਵਾਨ ਦੇ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਲ ਕਿਵੇਂ ਕੱਟੇ ਗਏ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਉਥੇ ਹੀ ਨੌਜਵਾਨ ਦੇ ਵਾਲ ਕੱਟਣ ਦੀ ਇਲਾਕੇ 'ਚ ਵਾਪਰੀ ਇਸ ਪਹਿਲੀ ਘਟਨਾ ਦੀ ਖ਼ਬਰ ਨਾਲ ਦਹਿਸ਼ਤ ਫੈਲ ਗਈ। ਜਾਣਕਾਰੀ ਮੁਤਾਬਕ ਰਣਜੀਤ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਔਲਕਾਂ ਬੀਤੀ ਰਾਤ ਆਪਣੇ ਕਮਰੇ 'ਚ 12.30 ਵਜੇ ਸੁੱਤਾ ਹੋਇਆ ਸੀ। ਇਸ ਦੌਰਾਨ ਅਚਾਨਕ ਉਸ ਨੂੰ ਅਹਿਸਾਸ ਹੋਇਆ ਕਿ ਕੋਈ ਉਸ ਦੇ ਵਾਲ ਕੱਟ ਰਿਹਾ ਹੈ ਤਾਂ ਉਸ ਨੇ ਹੱਥ ਫੜ ਲਿਆ ਪਰ ਜਦੋਂ ਉਸ ਨੇ ਹੱਥ 'ਤੇ ਦੰਦੀ ਵੱਡੀ ਤਾਂ ਉਸ ਦੀ ਚੀਕ ਨਿਕਲੀ ਤਾਂ ਪਰਿਵਾਰਕ ਮੈਂਬਰ ਉੱਠ ਗਏ। ਉਨ੍ਹਾਂ ਦੇਖਿਆ ਕਮਰੇ ਵਿਚ ਕੋਈ ਨਹੀਂ ਸੀ ਪਰ ਲੜਕੇ ਦੇ ਕੰਨ ਕੋਲੋਂ ਵਾਲ ਕੱਟੇ ਹੋਏ ਸਨ। ਮੌਕੇ ਅਨੁਸਾਰ ਦੇਖਿਆ ਜਾਵੇ ਤਾਂ ਘਰ ਦਾ ਮੇਨ ਗੇਟ ਬੰਦ ਸੀ ਤੇ ਕੰਧਾਂ ਕਾਫੀ ਉੱਚੀਆਂ ਹਨ। ਘਰ ਵਿਚ ਬਾਹਰੋਂ ਕੋਈ ਵੀ ਵਿਅਕਤੀ ਨਹੀਂ ਆ ਸਕਦਾ। ਘਰ ਵਿਚ ਹੋਰ ਮੈਂਬਰ ਵੀ ਮੌਜੂਦ ਸਨ ਤੇ ਲੜਕਾ ਕਮਰੇ ਵਿਚ ਸੁੱਤਾ ਪਿਆ ਸੀ। ਘਟਨਾ ਉਪਰੰਤ ਪਿੰਡ ਦੇ ਲੋਕਾਂ ਦੀ ਭੀੜ ਲੱਗ ਗਈ। ਲੋਕ ਪਰਿਵਾਰ ਨੂੰ ਆਪਣੀ-ਆਪਣੀ ਸੋਚ ਅਨੁਸਾਰ ਕਈ ਤਰ੍ਹਾਂ ਦੇ ਉਪਾਅ ਕਰਨ ਦੀਆਂ ਨਸੀਹਤਾਂ ਦੇ ਰਹੇ ਸਨ। ਇਸ ਸੰਬੰਧੀ ਜਦੋਂ ਡੀ. ਐੱਸ. ਪੀ. ਦਿਲਬਾਗ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਹਾਲ ਕੋਈ ਸ਼ਿਕਾਇਤ ਨਹੀਂ ਆਈ ਪਰ ਮਾਮਲੇ ਦੀ ਜਾਂਚ ਕੀਤੀ ਜਾਵੇਗੀ।