ਬਜ਼ੁਰਗ ਔਰਤ ਦੀ ਲਾਸ਼ ਬਰਾਮਦ
Wednesday, Feb 07, 2018 - 01:30 AM (IST)
ਨੰਗਲ, (ਰਾਜਵੀਰ)- ਨੰਗਲ ਸ੍ਰੀ ਨੈਣਾ ਦੇਵੀ ਦੇ ਕੋਲ ਪਿੰਡ ਨੈਹਲਾ ਵਿਖੇ ਖੱਡ 'ਚੋਂ ਬਜ਼ੁਰਗ ਔਰਤ ਦੀ ਲਾਸ਼ ਬਰਾਮਦ ਹੋਈ ਹੈ । ਪਿੰਡ ਨਹਿਲਾ ਦੀ ਖੱਡ 'ਚੋਂ ਬਰਾਮਦ ਲਾਸ਼ ਬੋਰੀ ਵਿਚੋਂ ਮਿਲੀ ਹੈ ਜੋ ਕਿ ਗਲ-ਸੜ ਚੁੱਕੀ ਹੈ ।
ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਸ਼ਹਿਰ ਪਟਿਆਲਾ 'ਚ ਬਜ਼ੁਰਗ ਔਰਤ ਦਾ ਪਹਿਲਾਂ ਕਤਲ ਕੀਤਾ ਗਿਆ ਅਤੇ ਫਿਰ ਬੋਰੀ ਵਿਚ ਪਾ ਕੇ ਲਾਸ਼ ਨੂੰ ਨੰਗਲ ਸ੍ਰੀ ਨੈਣਾ ਦੇਵੀ ਰੋਡ 'ਤੇ ਨਾਲ ਲੱਗਦੇ ਪਿੰਡ ਨੈਹਲਾ ਦੀ ਖੱਡ 'ਚ ਸੁੱਟ ਦਿੱਤਾ ਗਿਆ ।ਪਤਾ ਲੱਗਾ ਹੈ ਕਿ ਇਸ ਵਾਰਦਾਤ ਨੂੰ ਪਟਿਆਲਾ 'ਚ ਰਹਿਣ ਵਾਲੀ ਔਰਤ ਦੇ ਹੀ ਫਲੈਟ ਵਿਚ ਰਹਿ ਰਹੀ ਕਿਰਾਏਦਾਰ ਤੇ ਉਸ ਦੇ ਪ੍ਰੇਮੀ ਨੇ ਅੰਜਾਮ ਦਿੱਤਾ । ਔਰਤ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਣ ਤੋਂ ਬਾਅਦ ਜਦੋਂ ਕਿਰਾਏਦਾਰ ਔਰਤ ਤੋਂ ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਜੁਰਮ ਕਬੂਲਦੇ ਹੋਏ ਸਾਰੀ ਸੱਚਾਈ ਦੱਸੀ । ਇਸ ਤੋਂ ਬਾਅਦ ਪੰਜਾਬ ਪੁਲਸ ਨੇ ਹਿਮਾਚਲ ਪੁਲਸ ਦੀ ਮਦਦ ਦੇ ਨਾਲ ਲਾਸ਼ ਨੂੰ ਖੱਡ 'ਚੋਂ ਬਰਾਮਦ ਕਰ ਲਿਆ ਗਿਆ । ਔਰਤ ਦਾ ਲੜਕਾ ਐੱਨ.ਆਰ.ਆਈ. ਹੈ ਜੋ ਕਿ ਕੈਨੇਡਾ ਵਿਚ ਰਹਿੰਦਾ ਹੈ । ਪੁਲਸ ਨੂੰ ਦਿੱਤੀ ਗਈ ਗੁੰਮਸ਼ੁਦਗੀ ਦੀ ਰਿਪੋਰਟ ਤੋਂ ਬਾਅਦ ਜਾਂਚ ਏਜੰਸੀ ਨੇ ਤੁਰੰਤ ਹਰਕਤ 'ਚ ਆਉਂਦੇ ਸਾਰਾ ਮਾਮਲਾ ਹੱਲ ਕਰ ਲਿਆ ।
ਇਸ ਸਬੰਧ ਵਿਚ ਜਦੋਂ ਨੰਗਲ ਪੁਲਸ ਥਾਣੇ ਵਿਚ ਸੰਪਰਕ ਕੀਤਾ ਗਿਆ ਤਾਂ ਸਬੰਧਤ ਅਧਿਕਾਰੀ ਨੇ ਦੱਸਿਆ ਕਿ ਚਾਹੇ ਇਹ ਖੇਤਰ ਪੰਜਾਬ ਦੇ ਨੰਗਲ ਦੇ ਨਾਲ ਹੈ ਪਰ ਮਾਮਲਾ ਹਿਮਾਚਲ ਨਾਲ ਸਬੰਧਤ ਹੋਣ ਕਰ ਕੇ ਇਸ ਦੀ ਪੂਰੀ ਜਾਣਕਾਰੀ ਨਹੀਂ ਹੈ ।
